ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਭਾਜਪਾ ਦੇ ਰਾਜ ਸਭਾ ਮੈਂਬਰ ਦੇ ਘਰ ਮੂਹਰੇ ਜਥੇਬੰਦੀਆਂ ਨੇ ਦਿੱਤੀ ਸ਼ਰਧਾਂਜਲੀ

10/12/2021 10:26:57 PM

ਅੰਮ੍ਰਿਤਸਰ (ਦਲਜੀਤ ਸ਼ਰਮਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਖੀਮਪੁਰ ਖੀਰੀ ’ਚ ਮਾਰੇ ਗਏ ਕਿਸਾਨਾਂ ਨੂੰ ਪੰਜਾਬ ’ਚ ਲੱਗੇ ਕਿਸਾਨ ਮੋਰਚਿਆਂ ’ਤੇ ਇਕੱਠੇ ਹੋ ਕੇ ਸ਼ਰਧਾਂਜਲੀ ਭੇਟ ਕਰਨ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਮੂਹਰੇ ਲੱਗੇ ਪੱਕੇ ਮੋਰਚੇ ’ਚ ਇਕੱਠੇ ਹੋ ਕੇ ਸ਼ਹੀਦ ਸਾਥੀਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਤੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸੰਘਰਸ਼ ਨੂੰ ਜਿੱਤਣ ਤੱਕ ਲੜਨ ਦੀ ਪ੍ਰਤਿੱਗਿਆ ਕੀਤੀ ਗਈ। ਇਸ ਸਮੇਂ ਕਿਸਾਨ ਆਗੂਆਂ ਜਤਿੰਦਰ ਸਿੰਘ ਛੀਨਾ, ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਬਚਿੱਤਰ ਸਿੰਘ ਕੋਟਲਾ ਤੇ ਸੁਖਦੇਵ ਸਿੰਘ ਸਹਿੰਸਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਕੇਂਦਰੀ ਅਤੇ ਯੂ. ਪੀ. ਦੀ ਯੋਗੀ ਸਰਕਾਰ ਨੇ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਲਖੀਮਪੁਰ ਖੀਰੀ ’ਚ ਕਿਸਾਨਾਂ ’ਤੇ ਫਾਸ਼ੀ ਹਮਲਾ ਕੀਤਾ ਸੀ ਤਾਂ ਕਿ ਕਿਸਾਨ ਸੰਘਰਸ਼ ਨੂੰ ਇਕ ਧਰਮ ਦਾ ਮੋਰਚਾ ਦਰਸਾ ਕੇ ਦੇਸ਼ ਅੰਦਰ ਧਰੁਵੀਕਰਨ ਕੀਤਾ ਜਾ ਸਕੇ ਪਰ ਇਹ ਚਾਲ ਉਸ ਨੂੰ ਪੁੱਠੀ ਪਈ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦੇਸ਼ ਦੇ ਲੋਕਾਂ ਨੂੰ ਜ਼ਿੰਦਗੀ ਦੇ ਮਸਲਿਆਂ ’ਤੇ ਲੜਨ ਦੀ ਲਾਗ ਲਾ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਦੇ ਚਾਰ ਕਿਸਾਨ ਸ਼ਹੀਦਾਂ ਤੇ ਪੰਜਵੇਂ ਲੋਕਤੰਤਰ ਦੇ ਥੰਮ੍ਹ ਪ੍ਰੈੱਸ ਦੇ ਕਾਰਕੁੰਨ ਰਮਨ ਕਸ਼ਯਪ ਨੂੰ ਸੱਚੀ ਸ਼ਰਧਾਂਜਲੀ ਤਾਂ ਹੋਵੇਗੀ ਜੇ ਕਿਸਾਨ ਘੋਲ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ, ਐੱਮ. ਐੱਸ. ਪੀ. ਨੂੰ ਕਾਨੂੰਨੀ ਗਾਰੰਟੀ ਬਣਾਵੇ ਤੇ ਬਿਜਲੀ ਤੇ ਪ੍ਰਦੂਸ਼ਣ ਨਾਲ ਸਬੰਧਤ ਕਾਨੂੰਨਾਂ ਨੂੰ ਰੱਦ ਕਰਵਾਏ। ਇਸ ਸਮੇਂ ਕਿਸਾਨ ਆਗੂ ਬਲਜਿੰਦਰ ਸਿੰਘ ਪੰਜਗਰਾਈਂ, ਮਨਿੰਦਰ ਸਿੰਘ ਰਾਜੀਆਂ, ਮੇਜਰ ਸਿੰਘ ਜੌਹਲ, ਡਾਕਟਰ ਬਲਜਿੰਦਰ ਸਿੰਘ ਲਸ਼ਕਰੀ ਨੰਗਲ , ਗੁਰਨਾਮ ਸਿੰਘ ਤੱਲੇ, ਜਗਪ੍ਰੀਤ ਸਿੰਘ ਕੋਟਲਾ ਆਦਿ ਹਾਜ਼ਰ ਸਨ।
 


Manoj

Content Editor

Related News