ਚੋਰੀ ਦੇ ਟਰੈਕਟਰ-ਟਰਾਲੀ ਸਣੇ ਇੱਕ ਮੁਲਜ਼ਮ ਕਾਬੂ, ਦੂਜਾ ਫ਼ਰਾਰ
Saturday, Jun 06, 2026 - 04:23 PM (IST)
ਗੁਰਦਾਸਪੁਰ (ਹਰਮਨ)- ਥਾਣਾ ਕਾਹਨੂੰਵਾਨ ਦੀ ਪੁਲਸ ਵੱਲੋਂ ਚੋਰੀ ਦੇ ਮਾਮਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਚੋਰੀ ਦੇ ਇੱਕ ਟਰੈਕਟਰ ਅਤੇ ਜੈੱਕ ਵਾਲੀ ਟਰਾਲੀ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਉਸਦਾ ਦੂਜਾ ਸਾਥੀ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਅੱਡਾ ਤੁਗਲਵਾਲ ਵਿਖੇ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਪ੍ਰਭਜੋਤ ਸਿੰਘ ਉਰਫ਼ ਸਾਹਬ ਅਤੇ ਸੋਨੀ ਉਰਫ਼ ਮੇਕਲੀ ਵਾਸੀ ਤੁਗਲਵਾਲ ਜੋ ਕਿ ਤੂੜੀ ਵਾਲੇ ਟਰੱਕਾਂ ਨਾਲ ਲੇਬਰ ਦਾ ਕੰਮ ਕਰਦੇ ਹਨ। ਬੀਤੀ 1 ਜੂਨ 2026 ਨੂੰ ਤੂੜੀ ਲਾਹੁਣ ਲਈ ਜੰਮੂ ਗਏ ਹੋਏ ਸਨ। ਜੰਮੂ ਤੋਂ ਵਾਪਸ ਆਉਂਦੇ ਸਮੇਂ ਇਨ੍ਹਾਂ ਮੁਲਜ਼ਮਾਂ ਨੇ ਰਸਤੇ ਵਿੱਚੋਂ ਕਿਸੇ ਅਣਪਛਾਤੇ ਵਿਅਕਤੀ ਦਾ ਟਰੈਕਟਰ ਸਮੇਤ ਜੈੱਕ ਵਾਲੀ ਟਰਾਲੀ ਚੋਰੀ ਕਰ ਲਈ। ਮੁਖ਼ਬਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਚੋਰੀ ਦਾ ਟਰੈਕਟਰ-ਟਰਾਲੀ ਲੁਕਾ-ਛਿਪਾ ਕੇ ਪਿੰਡ ਤੁਗਲਵਾਲ ਦੇ ਵਾਟਰ ਸਪਲਾਈ ਪੰਪ ਦੇ ਨਜ਼ਦੀਕ ਖੜ੍ਹਾ ਕੀਤਾ ਹੋਇਆ ਹੈ।
ਇਸ ਪੁਖ਼ਤਾ ਜਾਣਕਾਰੀ ਦੇ ਅਧਾਰ 'ਤੇ ਤਫ਼ਤੀਸ਼ੀ ਅਫ਼ਸਰ ਪੁਲਸ ਪਾਰਟੀ ਸਮੇਤ ਦੱਸੀ ਗਈ ਜਗ੍ਹਾ 'ਤੇ ਤੁਰੰਤ ਰੇਡ (ਛਾਪੇਮਾਰੀ) ਕੀਤੀ। ਪੁਲਸ ਨੇ ਮੌਕੇ ਤੋਂ ਚੋਰੀ ਦਾ ਟਰੈਕਟਰ ਅਤੇ ਜੈੱਕ ਵਾਲੀ ਟਰਾਲੀ ਬਰਾਮਦ ਕਰ ਲਈ ਹੈ। ਇਸ ਦੇ ਨਾਲ ਹੀ ਪੁਲਸ ਨੇ ਇੱਕ ਮੁਲਜ਼ਮ ਪ੍ਰਭਜੋਤ ਸਿੰਘ ਉਰਫ਼ ਸਾਹਬ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ, ਜਦਕਿ ਦੂਜਾ ਮੁਲਜ਼ਮ ਸੋਨੀ ਉਰਫ਼ ਮੇਕਲੀ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫ਼ਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
