GNDH ’ਚ ਲੇਟ ਆਉਣ ਵਾਲੇ ਡਾਕਟਰਾਂ 'ਤੇ ਨਹੀਂ ਹੁੰਦੀ ਕਾਰਵਾਈ, ਹੁਣ ਜਲਦ ਲਾਗੂ ਹੋਵੇਗੀ ਬਾਇਓਮੈਟ੍ਰਿਕ ਹਾਜ਼ਰੀ

Thursday, Feb 08, 2024 - 06:23 PM (IST)

ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਜ਼ਿਆਦਾਤਰ ਲੇਟ-ਲਤੀਫ਼ੀ ਡਾਕਟਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਵਿਚ ਅਸਫ਼ਲ ਰਿਹਾ। ਹਸਪਤਾਲ ਪ੍ਰਸ਼ਾਸਨ ਹੁਣ ਦਫ਼ਤਰੀ ਸਟਾਫ਼ ਅਤੇ ਹੋਰ ਮੁਲਾਜ਼ਮਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਲਾਗੂ ਕਰਨ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਬਾਇਓਮੈਟ੍ਰਿਕ ਹਾਜ਼ਰੀ ਲਈ ਕਰਮਚਾਰੀਆਂ ਦੇ ਵੇਰਵੇ ਲੈ ਰਿਹਾ ਹੈ ਅਤੇ ਬਾਇਓਮੈਟ੍ਰਿਕ ਹਾਜ਼ਰੀ 1 ਮਾਰਚ ਤੋਂ ਸ਼ੁਰੂ ਹੋਵੇਗੀ। ਪਹਿਲਾਂ ਹੀ ਹਸਪਤਾਲ ਵਿਚ ਜ਼ਿਆਦਾਤਰ ਡਾਕਟਰ ਆਪਣੀ ਮਰਜ਼ੀ ਨਾਲ ਡਿਊਟੀ ’ਤੇ ਆਉਂਦੇ ਹਨ ਅਤੇ ਅਜਿਹੇ ਅਧਿਕਾਰੀਆਂ ਖ਼ਿਲਾਫ਼ ਠੋਸ ਕਾਰਵਾਈ ਕਰਨ ਦੀ ਬਜਾਏ ਹਸਪਤਾਲ ਪ੍ਰਸ਼ਾਸਨ ਸਿਰਫ਼ ਕਾਰਵਾਈ ਦੀ ਗੱਲ ਕਰ ਕੇ ਮਾਮਲੇ ਨੂੰ ਟਾਲ ਦਿੰਦਾ ਹੈ।

ਇਹ ਵੀ ਪੜ੍ਹੋ : ਵਿਦੇਸ਼ 'ਚ ਰੋਜ਼ੀ ਰੋਟੀ ਕਮਾਉਣ ਗਏ 26 ਸਾਲਾ ਨੌਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਜਾਣਕਾਰੀ ਅਨੁਸਾਰ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਬਾਇਓਮੈਟ੍ਰਿਕ ਰਾਹੀਂ ਡਾਕਟਰਾਂ ਦੀ ਹਾਜ਼ਰੀ ਮਾਰਕ ਕਰਨ ਦੀ ਤਜਵੀਜ਼ ਹੈ ਪਰ ਇੱਥੇ ਜ਼ਿਆਦਾਤਰ ਡਾਕਟਰ ਅਜਿਹੇ ਹਨ ਜੋ ਆਪਣੀ ਹਾਜ਼ਰੀ ਲਗਾ ਕੇ ਆਪਣੀ ਮਰਜ਼ੀ ਅਨੁਸਾਰ ਡਿਊਟੀ ’ਤੇ ਆਉਂਦੇ ਹਨ। ਪਹਿਲੇ ਪੜਾਅ ਤਹਿਤ ਡਾਕਟਰਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਨੈਸ਼ਨਲ ਮੈਡੀਕਲ ਕੌਂਸਲ ਦੀਆਂ ਹਦਾਇਤਾਂ ਤਹਿਤ ਕੀਤੀ ਜਾਂਦੀ ਸੀ, ਜਦੋਂਕਿ ਹੁਣ ਦੂਜੇ ਪੜਾਅ ਤਹਿਤ ਦਫ਼ਤਰੀ ਸਟਾਫ਼ ਅਤੇ ਹੋਰ ਮੁਲਾਜ਼ਮਾਂ ਦੀ ਹਾਜ਼ਰੀ ਬਾਇਓਮੈਟ੍ਰਿਕ ਆਧਾਰ ’ਤੇ ਨਿਗਰਾਨੀ ਰੱਖਣ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿਚ ਸਾਰਿਆਂ ਦੀ ਅਹਿਮ ਜਾਣਕਾਰੀ ਕਰਮਚਾਰੀਆਂ ਤੋਂ ਇਕੱਠੀ ਕੀਤੀ ਜਾ ਸਕਦੀ ਹੈ। ਇਹ ਹਾਜ਼ਰੀ 1 ਮਾਰਚ ਤੋਂ ਸਖ਼ਤੀ ਨਾਲ ਲਾਗੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਹਸਪਤਾਲ ਵਿਚ ਕੁਝ ਡਾਕਟਰ ਬਾਇਓਮੈਟ੍ਰਿਕ ’ਤੇ ਹਾਜ਼ਰੀ ਲਗਾ ਕੇ ਆਪਣੀ ਮਰਜ਼ੀ ਅਨੁਸਾਰ ਡਿਊਟੀ ’ਤੇ ਆਉਂਦੇ ਹਨ। ਭਾਵੇ ਉਨ੍ਹਾਂ ਦੀ ਓ. ਪੀ. ਡੀ. ਹੋਵੇ ਜਾਂ ਫਿਰ ਵਾਰਡ ਵਿਚ ਉਨ੍ਹਾਂ ਦੀ ਤਾਇਨਾਤੀ ਹੋਵੇ, ਉੱਚ ਅਧਿਕਾਰੀਆਂ ਨੇ ਕਈ ਵਾਰ ਲੇਟ ਆਉਣ ਵਾਲੇ ਡਾਕਟਰ ਨੂੰ ਵੀ ਫੜਿਆ ਹੈ ਪਰ ਉਸ ਨੂੰ ਕਾਗਜ਼ੀ ਨੋਟਿਸ ਦੇ ਕੇ ਮਾਮਲਾ ਹਮੇਸ਼ਾ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਹੈ, ਜਦੋਂਕਿ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ।

ਇਹ ਵੀ ਪੜ੍ਹੋ : ਦਿੱਲੀ ਦੇ ਜੰਤਰ-ਮੰਤਰ 'ਚ CM ਮਾਨ ਨੇ ਕੇਂਦਰ ਨੂੰ ਲਿਆ ਕਟਹਿਰੇ 'ਚ, ਲਾਏ ਇਹ ਵੱਡੇ ਇਲਜ਼ਾਮ

ਇਸ ਤੋਂ ਇਲਾਵਾ ਹਸਪਤਾਲ ਪ੍ਰਸ਼ਾਸਨ ਵੱਲੋਂ ਲਗਾਤਾਰ ਹਾਜ਼ਰੀ ਚੈਕਿੰਗ ਲਈ ਕੋਈ ਮੁਹਿੰਮ ਨਹੀਂ ਚਲਾਈ ਜਾਂਦੀ। ਬਹੁਤ ਸਾਰੇ ਡਾਕਟਰ ਅਜਿਹੇ ਹਨ ਜੋ ਆਪਣੀ ਹਾਜ਼ਰੀ ਲਗਾਉਣ ਤੋਂ ਬਾਅਦ ਆਪਣੇ ਘਰ ਅਤੇ ਨਿੱਜੀ ਕੰਮ ਲਈ ਜਾਂਦੇ ਹਨ ਅਤੇ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਹਸਪਤਾਲ ਵਿਚ ਆਪਣੀ ਡਿਊਟੀ ਪੂਰੀ ਕਰਨ ਲਈ ਬਾਇਓਮੈਟ੍ਰਿਕ ’ਤੇ ਹਾਜ਼ਰੀ ਦੀ ਨਿਸ਼ਾਨਦੇਹੀ ਕਰਦੇ ਹਨ। ਜੇਕਰ ਪੰਜਾਬ ਸਰਕਾਰ ਸਾਰੇ ਡਾਕਟਰਾਂ ਦੇ ਮੋਬਾਇਲ ਲੋਕੇਸ਼ਨਾਂ ਦੀ ਜਾਂਚ ਕਰੇ ਤਾ ਤਾਂ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਪੰਜਾਬ ਸਰਕਾਰ ਨੇ ਡਿਊਟੀ ਸਮੇਂ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਪਰ ਅਫਸੋਸ ਕਿ ਹਸਪਤਾਲ ਦੇ ਕੁਝ ਡਾਕਟਰਾਂ ’ਤੇ ਇਹ ਹਦਾਇਤਾਂ ਲਾਗੂ ਨਹੀਂ ਹੁੰਦੀਆਂ। ਕੁਝ ਮੁਲਾਜ਼ਮਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਪਹਿਲਾਂ ਹੀ ਸਮੇਂ ’ਤੇ ਪਹੁੰਚ ਰਹੇ ਸਨ। ਕੁਝ ਕੁ ਡਾਕਟਰ ਹੀ ਹਨ ਜੋ ਆਪਣੀ ਮਰਜ਼ੀ ਅਨੁਸਾਰ ਡਿਊਟੀ ’ਤੇ ਆਉਂਦੇ ਹਨ ਅਤੇ ਹਾਜ਼ਰੀ ਲਗਾ ਕੇ ਮੁੜ ਚਲੇ ਜਾਂਦੇ ਹਨ।

ਇਹ ਵੀ ਪੜ੍ਹੋ : ਅੱਤਵਾਦੀਆਂ ਹੱਥੋਂ ਮਾਰੇ ਗਏ ਅੰਮ੍ਰਿਤਪਾਲ ਦਾ ਹੋਇਆ ਅੰਤਿਮ ਸੰਸਕਾਰ, ਨਹੀਂ ਦੇਖ ਹੁੰਦਾ ਰੌਂਦਾ ਪਰਿਵਾਰ

ਹਸਪਤਾਲ ਪ੍ਰਸ਼ਾਸਨ ਵੱਲੋਂ ਅਜਿਹੇ ਡਾਕਟਰਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਜਦੋਂਕਿ ਇਕ-ਦੋ ਮਿੰਟ ਲੇਟ ਆਉਣ ਵਾਲੇ ਛੋਟੇ ਮੁਲਾਜ਼ਮਾਂ ਨੂੰ ਵੀ ਕਾਰਵਾਈ ਦੀ ਧਮਕੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਸਾਂਝਾ ਹੋਣਾ ਚਾਹੀਦਾ ਹੈ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਪਰ ਅਜਿਹਾ ਨਾ ਹੋਵੇ ਕਿ ਵੱਡੇ ਡਾਕਟਰਾਂ ਲਈ ਵੱਖਰੇ ਨਿਯਮ ਅਤੇ ਛੋਟੇ ਮੁਲਾਜ਼ਮਾਂ ਲਈ ਵੱਖਰੇ ਨਿਯਮ ਹੋਣ। ਦੂਜੇ ਪਾਸੇ ਅਕਸਰ ਦੇਖਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਕੁਝ ਡਾਕਟਰ ਕੁਝ ਸਮਾਂ ਡਿਊਟੀ ਦੇਣ ਤੋਂ ਬਾਅਦ ਹੌਲੀ-ਹੌਲੀ ਡਿਊਟੀ ਤੋਂ ਗਾਇਬ ਹੋ ਜਾਂਦੇ ਹਨ। ਹੁਣ ਦੇਖਣਾ ਹੋਵੇਗਾ ਕਿ ਕੀ ਹਸਪਤਾਲ ਪ੍ਰਸ਼ਾਸਨ ਲੇਟ ਆਉਣ ਵਾਲੇ ਅਜਿਹੇ ਡਾਕਟਰਾਂ ਖ਼ਿਲਾਫ਼ ਕੋਈ ਕਾਰਵਾਈ ਕਰਦਾ ਹੈ ਜਾਂ ਫਿਰ ਅਜਿਹੇ ਡਾਕਟਰਾਂ ਨੂੰ ਮੌਜ ਮਸਤੀ ਕਰਨ ਦੇਵੇਗਾ।

ਦੂਜੇ ਪਾਸੇ ਜਦੋਂ ਇਸ ਸਬੰਧੀ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨਾਲ ਫ਼ੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਆਪਣਾ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ, ਜਦਕਿ ਸਰਕਾਰੀ ਮੈਡੀਕਲ ਕਾਲਜ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਜਿਹੜਾ ਕਰਮਚਾਰੀ ਲੇਟ-ਲਤੀਫੀ ਕਰਦਾ ਹੈ ਤਾਂ ਉਸ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ। ਸਮੇਂ-ਸਮੇਂ ’ਤੇ ਸਮੂਹ ਵਿਭਾਗਾਂ ਨੂੰ ਹਾਜ਼ਰੀ ਯਕੀਨੀ ਬਣਾਉਣ ਲਈ ਪੱਤਰ ਵੀ ਜਾਰੀ ਕੀਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News