ਸੜਕ ਹਾਦਸੇ ਦੌਰਾਨ ਨਗਰ ਕੌਂਸਲ ਦੇ ਕਰਮਚਾਰੀ ਦੀ ਮੌਤ
Sunday, Jan 01, 2023 - 11:55 AM (IST)

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਅੱਡਾ ਕੋਟ ਟੋਡਰ ਮੱਲ ਦੇ ਨਜ਼ਦੀਕ ਸੜਕ ਹਾਦਸੇ ਦੌਰਾਨ ਨਗਰ ਕੌਂਸਲ ਦੇ ਕਰਮਚਾਰੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਧੰਨਾ ਮਸੀਹ (27) ਪੁੱਤਰ ਸੁਖਵਿੰਦਰ ਮਸੀਹ ਵਾਸੀ ਪਿੰਡ ਨਾਨੋਵਾਲ ਖੁਰਦ ਜੋ ਕਿ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਨਗਰ ਕੌਂਸਲ ਕਾਦੀਆਂ ਵਿਖੇ ਕੰਮ ਲਈ ਆ ਰਿਹਾ ਸੀ। ਜਦੋਂ ਇਹ ਅੱਡਾ ਕੋਟ ਟੋਡਰ ਮੱਲ ਦੇ ਨਜ਼ਦੀਕ ਪਹੁੰਚਿਆ ਤਾਂ ਇਕ ਟਰੈਕਟਰ-ਟਰਾਲੀ ਚਾਲਕ ਵਲੋਂ ਉਕਤ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਇਹ ਗੰਭੀਰ ਜ਼ਖਮੀ ਹੋ ਗਿਆ। ਪਤਾ ਚੱਲਣ ’ਤੇ ਪਰਿਵਾਰਕ ਮੈਂਬਰਾਂ ਵਲੋਂ ਉਕਤ ਨੌਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ ਹਰਚੋਵਾਲ ਅਤੇ ਫਿਰ ਕਾਦੀਆਂ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਨੌਜਵਾਨ ਧੰਨਾ ਮਸੀਹ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹੋਰ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀਆਂ ਦੋ ਛੋਟੀਆਂ ਬੱਚੀਆਂ ਹਨ।
ਇਹ ਵੀ ਪੜ੍ਹੋ- ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਕਾਦੀਆਂ ਦੇ ਐੱਸ.ਐੱਚ.ਓ. ਸੁਖਰਾਜ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਪਿਤਾ ਸੁਖਵਿੰਦਰ ਮਸੀਹ ਪੁਲਸ ਥਾਣਾ ਕਾਦੀਆਂ ’ਚ ਹੋਮ ਗਾਰਡ ਹਨ। ਮ੍ਰਿਤਕ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਆਪਣੇ ਕੰਮ ਲਈ ਆ ਰਿਹਾ ਸੀ, ਜਿਸ ਦੌਰਾਨ ਰਸਤੇ ਵਿਚ ਇਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬਟਾਲਾ ਸਿਵਲ ਹਸਪਤਾਲ ਲਈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਦੇ ਖ਼ਿਲਾਫ਼ ਥਾਣਾ ਕਾਦੀਆਂ ਦੇ ਅੰਦਰ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪ੍ਰੇਮੀ ਨੇ ਕਮਾਇਆ ਧ੍ਰੋਹ, ਰਿਲੇਸ਼ਨਸ਼ਿਪ 'ਚ ਰਹੀ 2 ਬੱਚਿਆਂ ਦੀ ਮਾਂ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।