ਖਸਤਾਹਾਲ ਸੜਕ ਕਾਰਨ ਵਾਪਰਿਆ ਹਾਦਸਾ, ਬੱਸ ਵੱਲੋਂ ਦਰੜੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
Monday, Jul 03, 2023 - 02:46 AM (IST)
 
            
            ਗੁਰੂ ਕਾ ਬਾਗ (ਭੱਟੀ) : ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਰੋਡ ਵਾਇਆ ਸੰਗਤਪੁਰਾ ਸੜਕ ਦੀ ਖਸਤਾ ਹਾਲਤ ਕਾਰਨ ਐਤਵਾਰ ਪਿੰਡ ਮੱਝੂਪੁਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ (40) ਪੁੱਤਰ ਦਰਸ਼ਨ ਸਿੰਘ ਵਾਸੀ ਹਰਦੋਰਵਾਲ ਜ਼ਿਲ੍ਹਾ ਗੁਰਦਾਸਪੁਰ ਆਪਣੇ ਮੋਟਰਸਾਈਕਲ ਨੰ. ਪੀ ਬੀ 38 9721 'ਤੇ ਪਿੰਡ ਤੋਂ ਆਪਣੇ ਸਹੁਰੇ ਘਰ ਜਾ ਰਿਹਾ ਸੀ।
ਮੱਝੂਪੁਰਾ ਨੇੜੇ ਸੜਕ ਦੇ ਇਕ ਪਾਸੇ ਗੁੱਜਰਾਂ ਦੇ ਪਸ਼ੂ ਜਾ ਰਹੇ ਸਨ ਤੇ ਅੰਮ੍ਰਿਤਸਰ ਵਾਲੇ ਪਾਸਿਓਂ ਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਨੰ. ਪੀ ਬੀ 06 9933 ਹੇਠਾਂ ਮੱਝ ਵੱਲੋਂ ਮਾਰੀ ਪਲਟੀ ਅਤੇ ਬੁਰੀ ਤਰ੍ਹਾਂ ਟੁੱਟੀ ਸੜਕ ਕਾਰਨ ਨੌਜਵਾਨ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਬੱਸ ਦੇ ਸਾਹਮਣੇ ਡਿੱਗ ਗਿਆ ਤੇ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ : ਪਰਿਵਾਰ ਵਾਲੇ ਵਿਆਹ ਨੂੰ ਨਾ ਮੰਨੇ ਤਾਂ ਪ੍ਰੇਮੀ ਜੋੜੇ ਨੇ ਚੁੱਕ ਲਿਆ ਖੌਫ਼ਨਾਕ ਕਦਮ, ਪਾਰਕ ਪਹੁੰਚੇ ਲੋਕਾਂ ਦੇ ਉੱਡੇ ਹੋਸ਼
ਇਲਾਕਾ ਵਾਸੀਆਂ ਨੇ ਸੜਕ ਬਣਾਉਣ 'ਚ ਹੋ ਰਹੀ ਦੇਰੀ ਲਈ ਪ੍ਰਸ਼ਾਸਨ ਨੂੰ ਇਸ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਅਤੇ ਗੁੱਜਰਾਂ ਦੇ ਪਸ਼ੂਆਂ ਨੂੰ ਵੀ ਵੱਡੀਆਂ ਸੜਕਾਂ 'ਤੇ ਜਾਣ ਤੋਂ ਰੋਕਣ ਦੀ ਅਪੀਲ ਕੀਤੀ। ਉਧਰ ਝੰਡੇਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਦਿੱਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            