ਵਿਧਾਇਕ ਸੋਹਲ ਨੇ ਤਹਿਸੀਲ ਕੰਪਲੈਕਸ ’ਚ ਮਾਰਿਆ ਛਾਪਾ, ਮੌਕੇ ’ਤੇ ਲੱਗੀ ਰਿਸ਼ਵਤਖੋਰ ਪਟਵਾਰੀ ਦੀ ਸ਼ਿਕਾਇਤ
Friday, May 27, 2022 - 02:18 PM (IST)

ਤਰਨਤਾਰਨ (ਰਮਨ) - ਸਥਾਨਕ ਤਹਿਸੀਲ ਕੰਪਲੈਕਸ ਵਿਖੇ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵਲੋਂ ਅਚਾਨਕ ਸਵੇਰੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਜ਼ਿਆਦਾਤਰ ਸਟਾਫ਼ ਹਾਜ਼ਰ ਪਾਇਆ ਗਿਆ। ਇਸ ਮੌਕੇ ਜਮ੍ਹਾਬੰਦੀ ਲੈਣ ਪੁੱਜੇ ਇਕ ਸ਼ਹਿਰ ਵਾਸੀ ਵਲੋਂ ਪਟਵਾਰਖਾਨੇ ’ਚ ਤਾਇਨਾਤ ਪਟਵਾਰੀ ਅਤੇ ਉਸ ਦੇ ਕਰਿੰਦੇ ਦੀ ਰਿਸ਼ਵਤ ਮੰਗਣ ਸਬੰਧੀ ਮੀਡੀਆ ਕਰਮੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਾਹਮਣੇ ਸ਼ਿਕਾਇਤ ਲਗਾ ਦਿੱਤੀ ਗਈ। ਇਸ ਸਬੰਧੀ ਵਿਧਾਇਕ ਵਲੋਂ ਸਬੰਧਿਤ ਪਟਵਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਪੂਰਾ ਵਿਸ਼ਵਾਸ ਦਿਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਛਾਪੇਮਾਰੀ ਤੋਂ ਬਾਅਦ ਪਟਵਾਰਖਾਨੇ ’ਚ ਮੌਜੂਦ ਪ੍ਰਾਈਵੇਟ ਕਰਿੰਦੇ ਫ਼ਰਾਰ ਹੋ ਗਏ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵਲੋਂ ਤਹਿਸੀਲ ਕੰਪਲੈਕਸ ’ਚ ਅਚਾਨਕ ਛਾਪੇਮਾਰੀ ਕੀਤੀ ਗਈ, ਜਿਸ ਨੂੰ ਵੇਖ ਕਰਮਚਾਰੀਆਂ ਵਿਚ ਭਗਦੜ ਮੱਚ ਗਈ। ਵਿਧਾਇਕ ਸੋਹਲ ਵਲੋਂ ਪਹਿਲਾਂ ਤਹਿਸੀਲ ਦਫ਼ਤਰ ਦੇ ਸਾਰੇ ਸਟਾਫ ਦੀ ਚੈਕਿੰਗ ਕੀਤੀ ਗਈ, ਜਿੱਥੇ ਦੋ ਕਰਮਚਾਰੀਆਂ ਦੀ ਗੈਰਹਾਜ਼ਰੀ ਸਬੰਧੀ ਤਾਡ਼ਨਾ ਜਾਰੀ ਕੀਤੀ ਗਈ। ਇਸ ਚੈਕਿੰਗ ਦੌਰਾਨ ਐੱਸ.ਡੀ.ਐੱਮ ਰਜਨੀਸ਼ ਅਰੋੜਾ, ਤਹਿਸੀਲਦਾਰ ਸੁਖਬੀਰ ਕੌਰ, ਤਹਿਸੀਲਦਾਰ ਅਜੇ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਵਿਧਾਇਕ ਵਲੋਂ ਕੰਪਲੈਕਸ ’ਚ ਮੌਜੂਦ ਪਟਵਾਰਖਾਨੇ ਦਾ ਦੌਰਾ ਕੀਤਾ ਅਤੇ ਵੱਖ-ਵੱਖ ਕੰਮਾਂ ਲਈ ਪੁੱਜੇ ਲੋਕਾਂ ਨਾਲ ਗੱਲਬਾਤ ਕੀਤੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਇਸ ਦੌਰਾਨ ਗੁਰਮੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਵਿਧਾਇਕ ਨੂੰ ਮੀਡੀਆ ਕਰਮੀਆਂ ਸਾਹਮਣੇ ਦੱਸਿਆ ਕਿ 15 ਸਾਲਾਂ ਦੀ ਜਮ੍ਹਾਬੰਦੀ ਲੈਣ ਸਬੰਧੀ ਪਟਵਾਰੀ ਅਨਮੋਲ ਦੀਪ ਸਿੰਘ ਅਤੇ ਉਸਦਾ ਕਰਿੰਦਾ ਦੀਪਕ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਹੇ ਹਨ, ਜੋ ਉਹ ਦੇ ਨਹੀ ਸਕਦਾ। ਫਿਰ ਉਸ ਨੇ ਚਾਰ ਹਜ਼ਾਰ ਰੁਪਏ ਵਿਚ ਫ਼ੈਸਲਾ ਕਰਦੇ ਹੋਏ ਦੋ ਹਜ਼ਾਰ ਰੁਪਏ ਦੀ ਰਿਸ਼ਵਤ ਦੇ ਦਿੱਤੀ ਅਤੇ ਹੁਣ ਦੋ ਹਜ਼ਾਰ ਦੇਣ ਲਈ ਪੁੱਜਾ। ਇਸ ਸ਼ਿਕਾਇਤ ਨੂੰ ਸੁਣਦੇ ਹੋਏ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਐੱਸ.ਡੀ.ਐੱਮ ਰਜਨੀਸ਼ ਅਰੋੜਾ ਨੂੰ ਪਟਵਾਰੀ ਅਤੇ ਉਸਦੇ ਕਰਿੰਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼
ਪੱਤਰਕਾਰਾਂ ਨਾਲ ਦਫ਼ਤਰ ’ਚ ਗੱਲਬਾਤ ਕਰਦੇ ਹੋਏ ਵਿਧਾਇਕ ਡਾ. ਸੋਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਭ੍ਰਿਸ਼ਟਾਚਾਰ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਾ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਨਹੀਂ ਬਖਸ਼ਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਅੱਜ ਵੀ ਕੁਝ ਕਰਮਚਾਰੀ ਰਿਸ਼ਵਤ ਲੈਣ ਤੋਂ ਬਾਜ਼ ਨਹੀਂ ਆ ਰਹੇ ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਸਟਿੰਗ ਆਪ੍ਰੇਸ਼ਨ ਚਲਾਏ ਜਾਣਗੇ। ਇਸ ਮੌਕੇ ਐੱਸ.ਡੀ.ਐੱਮ ਰਜਨੀਸ਼ ਅਰੋੜਾ ਨੇ ਕਿਹਾ ਕਿ ਤਹਿਸੀਲ ਕੰਪਲੈਕਸ ’ਚ ਕਿਸੇ ਵੀ ਕਰਮਚਾਰੀ ਨੂੰ ਰਿਸ਼ਵਤ ਲੈਣ ਦੀ ਸੂਰਤ ’ਚ ਬਖਸ਼ਿਆ ਨਹੀਂ ਜਾਵੇਗਾ।