ਜ਼ਿਆਦਾ ਰੇਟ ਵਸੂਲਣ ਵਾਲੇ ਮੈਡੀਕਲ ਸਟੋਰਾਂ ਖਿਲਾਫ ਕੱਸਿਆ ਸ਼ਿਕੰਜਾ
Friday, Mar 27, 2020 - 08:54 PM (IST)

ਗੁਰਦਾਸਪੁਰ,(ਹਰਮਨ, ਵਿਨੋਦ)- ਕਰਫਿਊ ਦੌਰਾਨ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਜ਼ਿਆਦਾ ਰੇਟ ਵਸੂਲਣ ਵਾਲੇ ਦੁਕਾਨਦਾਰਾਂ ਖਿਲਾਫ ਸ਼ਿਕੰਜਾ ਕੱਸਦੇ ਹੋਏ ਅੱਜ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਜ਼ਿਲਾ ਡੀ. ਐੱਫ. ਐੱਸ. ਸੀ. ਰਮਿੰਦਰ ਸਿੰਘ ਬਾਠ ਨੇ ਸ਼ਹਿਰ ਦੇ ਬਾਟਾ ਚੌਕ, ਮੇਹਰ ਚੰਦ ਚੌਕ, ਜੇਲ ਰੋਡ ਅਤੇ ਤਿੱਬੜੀ ਰੋਡ ਸਮੇਤ ਵੱਖ-ਵੱਖ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ, ਜਿਸ ਦੌਰਾਨ ਜ਼ਿਆਦਾ ਰੇਟ ਵਸੂਲਣ ਵਾਲੇ ਮੈਡੀਕਲ ਸਟੋਰਾਂ ਨੂੰ ਮੌਕੇ 'ਤੇ ਹੀ ਜੁਰਮਾਨੇ ਕੀਤੇ ਗਏ ਹਨ। ਇਸ ਟੀਮ 'ਚ ਪਰਮਜੀਤ ਸਿੰਘ ਇੰਸਪੈਕਟਰ ਲੀਗਲ ਮੈਟਰੋਲਾਜੀ (ਤੋਲ ਵਿਭਾਗ), ਕਮਲਜੀਤ ਸਿੰਘ ਤੇ ਪ੍ਰਦੀਪ ਖੰਨਾ ਏ. ਐੱਫ. ਐੱਸ. ਓ. ਅਤੇ ਗਗਨਦੀਪ ਸ਼ਾਮਲ ਸਨ। ਬਾਠ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ 'ਚ ਸਥਿਤ ਚਾਰ ਮੈਡੀਕਲ ਸਟੋਰਾਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਦੇ ਰੇਟ ਨਿਰਧਾਰਿਤ ਰੇਟਾਂ ਤੋਂ ਜ਼ਿਆਦਾ ਵਸੂਲਣ ਦੇ ਦੋਸ਼ਾਂ ਹੇਠ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿੰਨ ਮੈਡੀਕਲ ਸਟੋਰਾਂ ਨੂੰ 10-10 ਹਜ਼ਾਰ ਅਤੇ ਇਕ ਮੈਡੀਕਲ ਸਟੋਰ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਬਾਠ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਮੈਡੀਕਲ ਸਟੋਰਾਂ, ਕਰਿਆਨਾ, ਸ਼ਬਜ਼ੀਆਂ ਅਤੇ ਹੋਰ ਸਬੰਧਿਤ ਦਾਕਨਾਂ 'ਤੇ ਚੈਕਿੰਗ ਮੁਹਿੰਮ ਲਗਾਤਾਰ ਜ਼ਿਲੇ ਵਿਚ ਚਲਦਾ ਰਹੇਗਾ। ਉਨ੍ਹਾਂ ਦੱਸਿਆ ਕਿ 200 ਐੱਮ. ਐੱਲ. ਵਾਲੇ ਸੈਨੇਟਾਈਜ਼ਰ ਦੀ ਕੀਮਤ 100 ਰੁਪਏ ਹੈ ਅਤੇ ਇਕ ਲੇਅਰ ਵਾਲੇ ਮਾਸਕ ਦੀ ਕੀਮਤ 8 ਰੁਪਏ ਜਦ ਕਿ 3 ਲੇਅਰ ਵਾਲੇ ਮਾਸਕ ਦੀ ਕੀਮਤ 10 ਰੁਪਏ ਹੈ। ਉਨ੍ਹਾਂ ਦੱਸਿਆ ਕਿ ਵੱਧ ਕੀਮਤ ਵਸੂਲਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।