ਸਿੱਖ ਪ੍ਰਚਾਰਕਾਂ ਨੂੰ ਲਾਵਾਰਸ ਨਾ ਸਮਝਿਆ ਜਾਵੇ, ਪੂਰੀ ਸਿੱਖ ਕੌਮ ਇਨ੍ਹਾਂ ਪਿੱਛੇ ਖੜ੍ਹੀ : ਭੋਮਾ

01/28/2020 2:12:37 PM

ਅੰਮ੍ਰਿਤਸਰ (ਵਾਲੀਆ) : ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਨੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲਣ ਵਾਲਿਆਂ ਨੂੰ ਉਨ੍ਹਾਂ ਦੀ ਕਥਾ ਨੂੰ ਲੈ ਕੇ ਈਸਾਈ ਧਰਮ ਦੇ ਪਾਸਟਰ ਵੱਲੋਂ ਪਰਚਾ ਦਰਜ ਕਰਵਾਉਣ ਦਾ ਸਖਤ ਨੋਟਿਸ ਲਿਆ ਹੈ।

ਉਨ੍ਹਾਂ ਕਿਹਾ ਕਿ ਪਾਸਟਰ ਵੱਲੋਂ ਮੁਕੱਦਮਾ ਵਾਪਸ ਲੈ ਕੇ ਆਪਣੀ ਭੁੱਲ ਦਾ ਅਹਿਸਾਸ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਗੱਲ ਹੁਣ ਦੂਰ ਤੱਕ ਨਿਕਲੇਗੀ। ਉਨ੍ਹਾਂ ਕਿਹਾ ਕਿ ਸਿੱਖ ਪ੍ਰਚਾਰਕਾਂ ਨੂੰ ਲਾਵਾਰਸ ਨਾ ਸਮਝਿਆ ਜਾਵੇ, ਪੂਰੀ ਸਿੱਖ ਕੌਮ ਇਨ੍ਹਾਂ ਪਿੱਛੇ ਖੜ੍ਹੀ ਹੈ। ਉਨ੍ਹਾਂ ਈਸਾਈ ਭਾਈਚਾਰੇ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਉਹ ਪੰਥ ਤੇ ਈਸਾਈ ਭਾਈਚਾਰੇ ਦਾ ਟਕਰਾਅ ਟਾਲਣ ਵਾਸਤੇ ਅੱਗੇ ਆਉਣ। ਜੇਕਰ ਕਿਸੇ ਨੇ ਇਸ ਮਸਲੇ ਦਾ ਹੱਲ ਨਾ ਕੱਢਿਆ ਤਾਂ ਫੈੱਡਰੇਸ਼ਨ ਇਨ੍ਹਾਂ ਲੋਕਾਂ ਦੇ ਪਰਦੇਫਾਸ਼ ਕਰੇਗੀ। ਉਨ੍ਹਾਂ ਕਿਹਾ ਕਿ ਗਿਆਨੀ ਜਸਵੰਤ ਸਿੰਘ ਦੀ ਜ਼ੁਬਾਨ ਬੰਦੀ ਨਹੀਂ ਕੀਤੀ ਜਾ ਸਕਦੀ ਨਾ ਉਹ ਵਿਕਣ ਵਾਲਾ ਹੈ ਨਾ ਉਹ ਝੁਕਣ ਵਾਲਾ। ਇਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਉਕਤ ਫੈੱਡਰੇਸ਼ਨ ਆਗੂਆਂ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਸਿੱਖ ਧਰਮ ਦੇ ਪ੍ਰਸਿੱਧ ਤਿੰਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਗਿਆਨੀ ਜਸਵੰਤ ਸਿੰਘ ਤੇ ਗਿਆਨੀ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਪੰਥ-ਵਿਰੋਧੀਆਂ ਨੂੰ ਕੰਡੇ ਵਾਂਗੂ ਚੁੱਭਦੇ ਹਨ। ਇਨ੍ਹਾਂ ਦੀ ਆਜ਼ਾਦ ਪੰਥਕ ਸੋਚ ਤੇ ਪ੍ਰਚਾਰ ਨੂੰ ਖ੍ਰੀਦਣ ਤੇ ਦਬਾਉਣ ਲਈ ਕਈ ਵਾਰੀ ਯਤਨ ਹੋ ਚੁੱਕੇ ਹਨ। ਫੈੱਡਰੇਸ਼ਨ ਨੇ ਈਸਾਈ ਧਰਮ ਦੇ ਪਾਸਟਰ ਨੂੰ ਸਲਾਹ ਦਿੱਤੀ ਹੈ ਕਿ ਉਹ ਸਿੱਖ ਪੰਥ ਨਾਲ ਮੱਥਾ ਨਾ ਲਾਉਣ। ਉਨ੍ਹਾਂ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਸਲੇ 'ਤੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੀ ਮਿਸ਼ਨਰੀ ਚੁੱਪ ਕਿਉਂ ਹੈ?


Anuradha

Content Editor

Related News