ਲਾਕਡਾਊਨ ਦੀਆਂ ਉੱਡੀਆਂ ਧੱਜੀਆਂ : ਪੁਲਸ ਦੇ ਫਲੈਗ ਮਾਰਚ ਦੇ ਬਾਵਜੂਦ ਕਿਸਾਨਾਂ ਨੇ ਖੁੱਲ੍ਹਵਾਏ ਬਾਜ਼ਾਰ

05/08/2021 6:56:09 PM

ਬਾਬਾ ਬਕਾਲਾ ਸਾਹਿਬ (ਰਾਕੇਸ਼)-ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਲਾਗ ਦੀ ਬੀਮਾਰੀ ਦੇ ਚੱਲਦਿਆਂ ਸ਼ੁਰੂ ਕੀਤੇ ਗਏ ਹਫਤਾਵਾਰੀ ਲਾਕਡਾਊਨ ਕਾਰਨ ਅੱਜ ਸ਼ਨੀਵਾਰ ਨੂੰ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੇ ਵਿਰੋਧ ’ਚ ਬਾਬਾ ਬਕਾਲਾ ਸਾਹਿਬ ਸਮੇਤ ਕਈ ਕਸਬਿਆਂ ਤੇ ਪਿੰਡਾਂ ’ਚ ਸਥਿਤ ਬੰਦ ਪਈਆਂ ਦੁਕਾਨਾਂ ਨੂੰ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ। ਕਿਸਾਨ ਸੰਘਰਸ਼ ਕਮੇਟੀਆਂ ਦੇ ਆਗੂਆਂ ਨੇ ਵੱਖ-ਵੱਖ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਦੇ ਹੱਕ ਵਿਚ ਡਟਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਡਰ ਅਤੇ ਝਿਜਕ ਦੇ ਆਪਣੀਆਂ ਦੁਕਾਨਾਂ ਨੂੰ ਆਮ ਵਾਂਗ ਖੋਲ੍ਹਣ, ਕਿਸਾਨ ਸੰਘਰਸ਼ ਕਮੇਟੀ ਉਨ੍ਹਾਂ ਦੁਕਾਨਦਾਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।

PunjabKesari

ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ ਸਿਵਲ ਜਾਂ ਪੁਲਸ ਪ੍ਰਸ਼ਾਸਨ ਵੱਲੋਂ ਸੰਭਾਵੀ ਤੌਰ ’ਤੇ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਦਾ ਉਹ ਡਟ ਕੇ ਵਿਰੋਧ ਕਰਨਗੇ, ਜਿਸ ’ਤੇ ਕੁਝ ਦੁਕਾਨਦਾਰਾਂ ਵੱਲੋਂ ਅੰਸ਼ਿਕ ਤੌਰ ’ਤੇ ਆਪਣੀਆਂ ਦੁਕਾਨਾਂ ਨੂੰ ਕੁਝ ਸਮੇਂ ਲਈ ਖੋਲ੍ਹਿਆ ਗਿਆ। ਕਿਸਾਨ ਸੰਘਰਸ਼ ਕਮੇਟੀ ਵੱਲੋਂ ਇਕ ਵੱਡੇ ਇਕੱਠ ਰਾਹੀਂ ਕਾਰਾਂ, ਜੀਪਾਂ ’ਤੇ ਸਪੀਕਰ ਲਾ ਕੇ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਦੁਕਾਨਦਾਰ ਮਾਰੂ ਨੀਤੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਬੀਰ ਸਿੰਘ ਬੇਦਾਦਪੁਰ, ਰਾਜਵਿੰਦਰ ਸਿੰਘ ਗੋਲਡਨ, ਤਰਸੇਮ ਸਿੰਘ ਠੱਠੀਆਂ, ਪ੍ਰਕਾਸ਼ ਸਿੰਘ ਥੋਥੀਆਂ, ਰਵਿੰਦਰ ਸਿੰਘ ਤੇ ਦਲਬੀਰ ਸਿੰਘ ਛੱਜਲਵੱਡੀ, ਕੁਲਵੰਤ ਸਿੰਘ ਤੇ ਜਸਬੀਰ ਸਿੰਘ ਭਲਾਈਪੁਰ, ਕਸ਼ਮੀਰ ਸਿੰਘ ਗਗੜੇਵਾਲ, ਕਾਮਰੇਡ ਆਗੂ ਗੁਰਨਾਮ ਸਿੰਘ ਦਾਊਦ, ਹਰਪ੍ਰੀਤ ਸਿੰਘ ਬੁਟਾਰੀ, ਗੁਰਨਾਮ ਸਿੰਘ ਭਿੰਡਰ, ਹਰਮੀਤ ਸਿੰਘ ਦਾਊਦ, ਜਰਮਨਜੀਤ ਸਿੰਘ, ਬਲਵਿੰਦਰ ਸਿੰਘ ਤਿੰਮੋਵਾਲ, ਕਮਲ ਸ਼ਰਮਾ ਤੇ ਮਮਤਾ ਸ਼ਰਮਾ ਆਦਿ ਹਾਜ਼ਰ ਸਨ।

ਪੁਲਸ ਫਲੈਗ ਮਾਰਚ ਕਰਨ ’ਚ ਰੁੱਝੀ ਰਹੀ 
ਇਸੇ ਦੌਰਾਨ ਸਥਾਨਕ ਪੁਲਸ ਪ੍ਰਸ਼ਾਸਨ ਵੱਲੋਂ ਡੀ. ਐੱਸ. ਪੀ. ਸੁਰਿੰਦਰਪਾਲ ਧੋਗੜੀ ਅਤੇ ਥਾਣਾ ਮੁਖੀ ਬਿਆਸ ਇੰਸਪੈਕਟਰ ਬਿੰਦਰਜੀਤ ਸਿੰਘ ਦੀ ਅਗਵਾਈ ਹੇਠ ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰਾਂ ’ਚ ਫਲੈਗ ਮਾਰਚ ਕੀਤਾ ਗਿਆ ਪਰ ਇਹ ਫਲੈਗ ਮਾਰਚ, ਜੋ ਵਿਖਾਵੇ ਦੇ ਤੌਰ ’ਤੇ ਕੀਤਾ ਜਾਂ ਸਮਝਿਆ ਜਾਂਦਾ ਹੈ, ਦਾ ਆਮ ਦੁਕਾਨਦਾਰਾਂ ਅਤੇ ਨਾਗਰਿਕਾਂ ’ਤੇ ਕੋਈ ਵੀ ਅਸਰ ਨਹੀਂ ਪਿਆ। ਲਾਕਡਾਊਨ ਕਾਰਨ ਬਾਜ਼ਾਰਾਂ ਵਿਚ ਪਹਿਲਾਂ ਨਾਲੋਂ ਵਧੇਰੇ ਭੀੜ ਦੇਖਣ ਨੂੰ ਨਜ਼ਰ ਆ ਰਹੀ ਹੈ ਇਨ੍ਹਾਂ ਬਾਜ਼ਾਰਾਂ ’ਚ ਕੋਈ ਵੀ ਪੁਲਸ ਮੁਲਾਜ਼ਮ ਨਜ਼ਰ ਨਹੀਂ ਆਉਂਦਾ। ਥਾਣਾ ਮੁਖੀ ਬਿਆਸ ਨਾਲ ਸੰਪਰਕ ਕਰਨ ’ਤੇ ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਜਾਂ ਨਹੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ, ਬਲਕਿ ਦੁਕਾਨਦਾਰਾਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ। ਅੱਜ ਦੇ ਫਲੈਗ ਮਾਰਚ ’ਚ ਬਾਬਾ ਬਕਾਲਾ ਸਾਹਿਬ, ਰਈਆ, ਸਠਿਆਲਾ, ਬੁਤਾਲਾ ਆਦਿ ਚੌਕੀਆਂ ਦੇ ਇੰਚਾਰਜ ਵੀ ਹਾਜ਼ਰ ਸਨ।


Manoj

Content Editor

Related News