''ਅਕਾਲੀ ਦਲ ਵਾਰਿਸ ਪੰਜਾਬ ਦੇ'' ਆਗੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਹੋਏ ਨਤਮਸਤਕ
Saturday, Jan 18, 2025 - 01:08 PM (IST)

ਅੰਮ੍ਰਿਤਸਰ- 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਅਰਦਾਸ ਕਰਕੇ ਸ਼ੁਰੂਆਤ ਹੋਈ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਨਵ ਗਠਿਤ ਸੀਨੀਅਰ ਲੀਡਰਸ਼ਿਪ, ਪਾਰਟੀ ਦੇ ਪੰਜ ਮੈਂਬਰੀ ਕਮੇਟੀ, ਪਾਰਟੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਵਿੱਚ ਇਨ੍ਹਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ।
ਇਸ ਦੇ ਨਾਲ ਹੀ ਜੇਲ੍ਹ 'ਚ ਨਜ਼ਰ ਬੰਦ ਪਾਰਟੀ ਪ੍ਰਧਾਨ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ 14 ਜਨਵਰੀ ਨੂੰ ਮਾਘੀ ਦੇ ਦਿਹਾੜੇ 'ਤੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਪਾਰਟੀ ਦੀ ਨਵੀਂ ਸ਼ੁਰੂਆਤ ਹੋਈ ਸੀ ਅਤੇ ਅੱਜ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਮੱਥਾ ਟੇਕਣ ਪਹੁੰਚੇ ਹਾਂ । ਹੁਣ ਅੱਗੋਂ ਪਾਰਟੀ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਪੱਧਰ 'ਤੇ ਪਾਰਟੀ ਦੇ ਵਰਕਰ ਤਿਆਰ ਕੀਤੇ ਜਾਣਗੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਸਾਰੇ ਸਿੰਘਾਂ ਦੀ ਰਿਹਾਈ ਤੱਕ ਆਪਣੀ ਲੜਾਈ ਨਿਰੰਤਰ ਜਾਰੀ ਰੱਖਾਂਗੇ ਅਤੇ ਇਹ ਸਿਰਫ ਸਿੱਖ ਕੌਮ ਦੀ ਗੱਲ ਨਹੀਂ ਸਗੋਂ ਸਮੁੱਚੇ ਮਨੁੱਖਤਾ ਦੇ ਅਧਿਕਾਰ ਦੀ ਗੱਲ ਹੈ। ਇਸ ਮੌਕੇ ਸਾਰੇ ਸੀਨੀਅਰ ਆਗੂਆਂ ਨੇ ਵੀ ਸਿੱਖੀ ਦੇ ਸਿਧਾਂਤ 'ਤੇ ਚਲਦਿਆਂ ਧਾਰਮਿਕ ਹੱਕਾਂ ਦੀ ਰੱਖਿਆ ਲਈ ਅਰਦਾਸ ਕੀਤੀ।