ਆਸਟ੍ਰੇਲੀਆਈ ਅਸਿਸਟੈਂਟ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
Sunday, Dec 07, 2025 - 11:10 PM (IST)
ਅੰਮ੍ਰਿਤਸਰ, (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਸਟ੍ਰੇਲੀਆ ਦੇ ਅਸਿਸਟੈਂਟ ਮੰਤਰੀ ਫਾਰ ਸਿਟੀਜ਼ਨਸ਼ਿਪ, ਕਸਟਮਜ਼ ਐਂਡ ਮਲਟੀਕਲਚਰਲ ਅਫੇਅਰਜ਼ ਨੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਅੰਮ੍ਰਿਤਸਰ ਦੌਰੇ ਦੌਰਾਨ ਆਪਣੀ ਯਾਤਰਾ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ, ਉਥੇ ਹੀ ਉਨ੍ਹਾਂ ਜ਼ਲ੍ਹਿਆਂਵਾਲਾ ਬਾਗ ਵਿਚ ਪਹੁੰਚ ਕੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਪਾਰਟੀਸ਼ਨ ਮਿਊਜ਼ੀਆਮ ਵਿਚ ਭਾਰਤ-ਪਾਕਿ ਦੇ ਦਰਦ ਨੂੰ ਸਮਝਿਆ।
ਅਸਿਸਟੈਂਟ ਮੰਤਰੀ ਜੂਲੀਅਨ ਹਿੱਲ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਵੱਧਦੀ ਗਿਣਤੀ ਵਾਲੇ ਪੰਜਾਬੀ ਆਪਣੀਆਂ ਜੜ੍ਹਾਂ ਨੂੰ ਪੰਜਾਬ ਨਾਲ, ਖਾਸ ਕਰ ਕੇ ਅੰਮ੍ਰਿਤਸਰ ਨਾਲ ਜੋੜ ਰਹੇ ਹਨ। ਇੱਥੋਂ ਮਾਈਗ੍ਰੇਟ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਦੀ ਨਵੀਂ ਪੀੜ੍ਹੀ ਵਿਚ ਪੁਰਖਿਆਂ ਦੀ ਧਰਤੀ ਪ੍ਰਤੀ ਡੂੰਘਾ ਮੋਹ ਵੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਅਲੌਕਿਕ ਅਨੁਭਵ ਕਰਾਰ ਦਿੰਦਿਆਂ ਕਿਹਾ ਕਿ ਇੱਥੇ ਪਿਆਰ, ਸ਼ਰਧਾ ਅਤੇ ਮਨੁੱਖਤਾ ਦੀ ਭਾਵਨਾ ਸਾਫ਼ ਮਹਿਸੂਸ ਹੁੰਦੀ ਹੈ। ਖਾਸ ਤੌਰ ’ਤੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਇਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਟੀ ਕਿਚਨ ਦੱਸਿਆ, ਜਿੱਥੇ ਹਰ ਐਤਵਾਰ 2 ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਮੁਫ਼ਤ ਭੋਜਨ ਮਿਲਦਾ ਹੈ। ਉਨ੍ਹਾਂ ਨੇ ਇਥੇ ਬਰਤਨ ਸਾਫ਼ ਕਰਨ ਤੋਂ ਇਲਾਵਾ ਪ੍ਰਸ਼ਾਦੇ ਤਿਆਰ ਕਰਨ ਦੀ ਵੀ ਸੇਵਾ ਕੀਤੀ।
