ਭਾਰਤ-ਪਾਕਿ ਨਾਲ ਲਗਦੀ ਵਾਹਗਾ ਸਰਹੱਦ ’ਤੇ ‘ਰਿਟਰੀਟ ਪਰੇਡ’ ਦੇਖਣ ਵਾਲਿਆਂ ਦੀ ਗਿਣਤੀ ’ਚ ਹੋਇਆ ਵਾਧਾ

Thursday, Sep 08, 2022 - 07:25 PM (IST)

ਭਾਰਤ-ਪਾਕਿ ਨਾਲ ਲਗਦੀ ਵਾਹਗਾ ਸਰਹੱਦ ’ਤੇ ‘ਰਿਟਰੀਟ ਪਰੇਡ’ ਦੇਖਣ ਵਾਲਿਆਂ ਦੀ ਗਿਣਤੀ ’ਚ ਹੋਇਆ ਵਾਧਾ

ਬਾਬਾ ਬਕਾਲਾ ਸਾਹਿਬ (ਰਾਕੇਸ਼)- ਭਾਰਤ ਪਾਕਿਸਤਾਨ ਦੇ ਨਾਲ ਲਗਦੀ ਸਰਹੱਦ ਵਾਹਗਾ ਬਾਰਡਰ ’ਤੇ ਸ਼ਾਮ ਸਮੇਂ ਹੋਣ ਵਾਲੀ ਝੰਡਾ ਰਸਮ ਅਤੇ ਰਿਟਰੀਟ ਪਰੇਡ ਦੇਖਣ ਵਾਲਿਆਂ ਦੀ ਆਮਦ ਵਿਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਸ ਪਰੇਡ ਦੌਰਾਨ ਭਾਰਤ ਪਾਕਿਸਤਾਨ ਵਿਚਾਲੇ ਜੋਸ਼ ਭਰਿਆ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਭਾਵੇਂ ਪਾਕਿਸਤਾਨ ਵਾਲੇ ਪਾਸੇ ਇਸ ਪਰੇਡ ਨੂੰ ਦੇਖਣ ਲਈ ਲੋਕਾਂ ’ਚ ਕਰੇਜ਼ ਨਜ਼ਰ ਨਹੀਂ ਆਉਂਦਾ, ਜਦਕਿ ਭਾਰਤ ਵਿਚ ਇਸ ਪਰੇਡ ਨੂੰ ਦੇਖਣ ਲਈ ਦੂਰ ਦੁਰੇਡੇ ਤੋਂ ਰੋਜ਼ਾਨਾ ਸੈਲਾਨੀ ਆ ਰਹੇ ਹਨ। ਇਸਦੇ ਨਾਲ ਹੀ ਹੁਣ ਤੱਕ ਕਈ ਮਾਣਯੋਗ ਉਚ ਅਦਾਲਤਾਂ ਦੇ ਜੱਜ ਸਾਹਿਬਾਨ ਅਤੇ ਸੈਲੀਬ੍ਰਿਟੀ ਵੀ ਇਸ ਪਰੇਡ ਦਾ ਪਰਿਵਾਰਾਂ ਸਮੇਤ ਆਨੰਦ ਮਾਣ ਚੁੱਕੇ ਹਨ। 

ਦੱਸ ਦੇਈਏ ਕਿ ਪਰੇਡ ਸ਼ੁਰੂ ਹੋਣ ਤੋਂ ਕਰੀਬ 1 ਘੰਟਾ ਪਹਿਲਾਂ ਦੇਸ਼ ਭਗਤੀ ਦੇ ਗੀਤ ਲਾਏ ਜਾਂਦੇ ਹਨ, ਜਿਸ ਨਾਲ ਦਰਸ਼ਕਾਂ ਦੇ ਮਨ ਵਿਚ ਆਪਣੇ ਦੇਸ਼ ਪ੍ਰਤੀ ਹੋਰ ਪਿਆਰ ਜਾਗਦਾ ਹੈ, ਕਈ ਸੈਲਾਨੀਆਂ ਵੱਲੋਂ ਤਿਰੰਗੇ ਝੰਡੇ ਫੜ ਕੇ ਉਸ ਪਰੇਡ ਦੇ ਮੈਦਾਨ ਵਿਚ ਚੱਕਰ ਵੀ ਲਾਏ ਜਾਂਦੇ ਹਨ, ਜਿਸ ਤੋਂ ਬਾਅਦ ਭਾਰਤੀ ਫੌਜ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਦਾ ਮਨੋਬਲ ਹੋਰ ਵੱਧ ਜਾਂਦਾ ਹੈ। ਦਿਨ-ਬ-ਦਿਨ ਵੱਧਦੀ ਜਾ ਰਹੀ ਸੈਲਾਨੀਆਂ ਦੀ ਆਮਦ ਨੂੰ ਦੇਖਦੇ ਹੋਏ ਭਾਰਤ ਸਰਕਾਰ ਜਾਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਉਨ੍ਹਾਂ ਦੇ ਬੈਠਣ ਲਈ ਕੋਈ ਉਚਿਤ ਪ੍ਰਬੰਧ ਦੇਖਣ ਨੂੰ ਨਹੀਂ ਮਿਲ ਰਿਹਾ। ਭਾਵੇਂ ਪਰੇਡ ਗਰਾਊਡ ਤੋਂ ਪਹਿਲਾਂ ਐੱਲ.ਸੀ.ਡੀਜ਼. ਦੀਆਂ ਵੱਡੀਆਂ-ਵੱਡੀਆਂ ਸਕਰੀਨਾਂ ਵੀ ਲਾਈਆਂ ਜਾ ਚੁੱਕੀਆਂ ਹਨ ਪਰ ਸੈਲਾਨੀ ਇਸ ਸਕਰੀਨ ਰਾਹੀਂ ਪਰੇਡ ਦੇਖਣ ਦੀ ਬਜਾਏ ਜ਼ੀਰੋ ਪੁਆਇੰਟ ’ਤੇ ਬੈਠ ਕੇ ਪਰੇਡ ਦੇਖਣ ਦਾ ਆਨੰਦ ਮਾਨਣਾ ਚਾਹੁੰਦੇ ਹਨ। 

ਪਰੇਡ ਦੌਰਾਨ ਦੋਵਾਂ ਦੇਸ਼ਾਂ ਵੱਲੋਂ ਆਪੋ ਆਪਣੇ ਝੰਡਿਆਂ ਨੂੰ ਬੜੇ ਸਤਿਕਾਰ ਅਤੇ ਬਿਗੁਲ ਦੀ ਧੁੰਨ ’ਤੇ ਲਹਿਰਾਇਆ ਅਤੇ ਉਤਾਰਿਆ ਜਾਂਦਾ ਹੈ, ਜੋ ਦੇਖਣਯੋਗ ਹੁੰਦਾ ਹੈ। ਸੈਲਾਨੀਆਂ ਤੇ ਹੋਰ ਦਰਸ਼ਕਾਂ ਦੇ ਮੋਟਰ ਵਾਹਨਾਂ ਦੀ ਪਾਰਕਿੰਗ ਦਾ ਕੋਈ ਵਿਸ਼ੇਸ਼ ਪ੍ਰਬੰਧ ਦੇਖਣ ਨੂੰ ਨਹੀਂ ਮਿਲ ਰਿਹਾ। ਕੁਝ ਨਿੱਜੀ ਪਾਰਕ ਸਟੈਡਾਂ ਵੱਲੋਂ ਇੰਨ੍ਹਾਂ ਸੈਲਾਨੀਆਂ ਤੋਂ ਮਨਮਰਜ਼ੀ ਦੇ ਪੈਸੇ ਵਸੂਲੇ ਜਾਂਦੇ ਹਨ। ਜ਼ਿਲ੍ਹਾ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਉਹ ਪਾਰਕਿੰਗ ਦੇ ਰੇਟ ਮੁਕੱਰਰ ਕਰਨ ਤਾਂ ਕਿ ਸੈਲਾਨੀਆਂ ਅਤੇ ਦੇਸ਼ ਭਗਤਾਂ ਦੀ ਹੁੰਦੀ ਲੁੱਟ ਨੂੰ ਰੋਕਿਆ ਜਾ ਸਕੇ। ਦੱਸਣਯੋਗ ਹੈ ਕਿ ਬਾਰਡਰ ਏਰੀਆ ਹੋਣ ਕਾਰਨ ਮੋਬਾਇਲਾਂ ਦਾ ਨੈਟਵਰਕ ਕੰਮ ਨਹੀਂ ਕਰਦਾ, ਜਿਸਦਾ ਫ਼ਾਇਦਾ ਲੈਂਦੇ ਹੋਏ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਨੈਚਿੰਗ ਕਰਕੇ ਅਜਿਹੇ ਲੋਕਾਂ ਦੇ ਮੋਬਾਇਲ ਆਦਿ ਚੁਰਾ ਲਏ ਜਾਂਦੇ ਹਨ।


author

rajwinder kaur

Content Editor

Related News