ਪੁਸ਼ਤੈਣੀ ਜਗ੍ਹਾ 'ਤੇ ਸਿਆਸੀ ਅਸਰ ਰਸੂਖ਼ ਵਰਤ ਕੇ ਗੁਆਂਢੀ ਕਰ ਰਹੇ ਨਜ਼ਾਇਜ ਉਸਾਰੀ - ਮੁਨੀਸ਼ ਕਪੂਰ

10/02/2020 6:22:20 PM

ਅੰਮ੍ਰਿਤਸਰ (ਅਨਜਾਣ) - ਪੁਸ਼ਤਿਆਂ ਦੀ ਜਗ੍ਹਾ 'ਤੇ ਕਬਜ਼ੇ ਦੀ ਨੀਯਤ ਨਾਲ ਰਾਜਨੀਤਕ ਅਸਰ ਰਸੂਖ ਵਰਤ ਕੇ ਕਰ ਰਹੇ ਨੇ ਨਜਾਇਜ ਕਬਜ਼ਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੱਖ-ਵੱਖ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਨੀਸ਼ ਕਪੂਰ, ਵਾਸੀ ਸੁਦਰਸ਼ਨ ਨਗਰ ਨੇ ਕੀਤਾ। ਮੁਨੀਸ਼ ਨੇ ਕਿਹਾ ਕਿ ਉਸਦੇ ਦਾਦਾ ਸਾਲਿਗਰਾਮ ਦੀ ਜਾਇਦਾਦ ਰਾਮ ਬਾਗ ਅਲੀਬਖਸ਼ ਰੋਡ ਵਿਖੇ ਹ। ਜਿਹੜੀ ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਨੇ ਮੁਨੀਸ਼ ਦੇ ਨਾਮ ਕਰਵਾਈ ਸੀ ਪਰ ਹੁਣ ਨਾਲ ਦੇ ਪਾਸੇ ਜਿਹੜੇ ਗੁਆਂਢੀਆਂ ਦੀ ਸਾਂਝੀ ਕੰਧ ਪੈਂਦੀ ਹੈ ਉਹ ਲੋਕ ਜ਼ਬਰੀ ਕਬਜ਼ੇ ਦੀ ਨੀਯਤ ਨਾਲ ਉਥੇ ਨਜਾਇਜ਼ ਉਸਾਰੀ ਕਰ ਰਹੇ ਹਨ। ਇਸ ਦੇ ਨਾਲ ਹੀ ਮੁਨੀਸ਼ ਨੇ ਕਿਹਾ ਮੇਰੇ ਕਬਜ਼ੇ ਹੇਠ ਜਗ੍ਹਾ ਜਿਸਦਾ ਕੁੱਲ ਏਰੀਆਂ 205 ਵਰਗ ਗਜ਼ ਹੈ ਤੇ ਇਸਦਾ 140 ਵਰਗ ਗਜ਼ ਜਗ੍ਹਾ ਸਾਂਝਾ ਰਸਤਾ ਹੈ। ਜਿਸਦਾ ਕੇਸ ਅਜੇ ਫਾਈਨੈਂਸ਼ੀਅਲ ਕਮਿਸ਼ਨਰ ਚੰਡੀਗੜ੍ਹ• ਦੀ ਅਦਾਲਤ ਵਿਚ ਚੱਲ ਰਿਹਾ ਹੈ। ਇਸ ਦੀ ਅਗਲੀ ਤਾਰੀਖ਼ ਪੇਸ਼ੀ 14 ਅਕਤੂਬਰ ਮੁਕਰਰ ਹੈ। ਇਹ ਕੇਸ ਮਾਣਯੋਗ ਸਿਵਲ ਜੱਜ ਹਰਪ੍ਰੀਤ ਸਿੰਘ ਅੰਮ੍ਰਿਤਸਰ ਦੀ ਅਦਾਲਤ ਵਿਚ ਹੈ। ਜਿਸ 'ਤੇ ਮੈਨੂੰ ਸਟੇਅ ਆਰਡਰ ਵੀ ਮਿਲਿਆ ਹੋਇਆ ਹੈ। ਮੁਨੀਸ਼ ਨੇ ਕਿਹਾ ਕਿ ਸਾਡੇ ਗੁਆਂਢੀ ਗੈਰ ਕਾਨੂੰਨੀ ਤਰੀਕੇ ਨਾਲ ਇਸ ਜਗ੍ਹਾ 'ਚ ਦਾਖਲ ਹੋ ਕੇ ਤੋੜ-ਭੰਨ ਕਰ ਰਹੇ ਹਨ ਅਤੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ। ਏਥੋਂ ਤੱਕ ਕਿ ਪੁਲਸ ਮੁਲਾਜ਼ਮਾ ਦੇ ਸਾਹਮਣੇ ਇਹ ਵਿਅਕਤੀ ਮੇਰੇ ਹੱਥੀਂ ਪੈ ਗਏ ਪਰ ਪੁਲਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਜਿਸਦੀ ਮੇਰੇ ਪਾਸ ਵੀਡੀਓ ਮੌਜੂਦ ਹੈ। ਮੁਨੀਸ਼ ਨੇ ਮਿਤੀ 23-9-2020 ਨੂੰ ਐਸ.ਐਚ.ਓ. ਥਾਣਾ ਰਾਮਬਾਗ ਵਿਖੇ ਉਕਤ ਦੋਸ਼ੀਆਂ ਖਿਲਾਫ਼ ਦਰਖਾਸਤ ਦਿੱਤੀ ਸੀ । ਉਨ੍ਹਾਂ ਕਿਹਾ ਕਿ ਮੈਨੂੰ ਮਾਣਯੋਗ ਮਿਸ ਅੰਬਿਕਾ ਸੋਨੀ ਸਿਵਲ ਜੱਜ ਜੂਨੀਅਰ ਡਵੀਜ਼ਨ ਅੰਮ੍ਰਿਤਸਰ ਦੀ ਅਦਾਲਤ 'ਚੋਂ ਮਿਤੀ 3-12-2019 ਨੂੰ ਸਟੇਟਸ ਆਰਡਰ ਮਿਲਿਆ ਹੋਇਆ ਹੈ ਜਿਸਦੇ ਆਰਡਰ ਦੀ ਕਾਪੀ ਨਾਲ ਨੱਥੀ ਹੈ। ਮੁਨੀਸ਼ ਨੇ ਏ.ਡੀ.ਸੀ.ਪੀ. ਪੁਲਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਪਾਰਟੀਆਂ ਨੂੰ ਬੁਲਵਾ ਕੇ ਮੈਨੂੰ ਕਿਹਾ ਕਿ ਇਹ ਸਟੇਅ ਪਹਿਲੀ ਪਾਰਟੀ ਦਾ ਹੈ ਤੇ ਹੁਣ ਕਬਜ਼ਾ ਨਵੀਂ ਪਾਰਟੀ ਕਰ ਰਹੀ ਹੈ ਉਨ੍ਹਾਂ ਦੇ ਨਾਮ 'ਤੇ ਸਟੇਅ ਲਿਆਓ। ਪਰ ਮੇਰੇ ਵਕੀਲ ਇਹ ਕਹਿੰਦੇ ਹਨ ਜੋ ਸਟੇਅ ਮਿਲਿਆ ਹੈ ਉਸ ਅਨੁਸਾਰ ਕੋਈ ਵੀ ਇਸ ਜਗ੍ਹਾ 'ਤੇ ਕਬਜ਼ਾ ਨਹੀਂ ਕਰ ਸਕਦਾ। ਏ.ਡੀ.ਸੀ.ਪੀ. ਨੇ ਦੂਸਰੀ ਪਾਰਟੀ ਨੂੰ ਸਮਾਂ ਦੇ ਕੇ ਇਹ ਕਿਹਾ ਕਿ ਜੇਕਰ ਇਹ ਸ਼ੁਕਰਵਾਰ ਤੱਕ ਕੋਈ ਕਾਨੂੰਨੀ ਨੋਟਿਸ ਨਹੀਂ ਲਿਆਉਂਦਾ ਤਾਂ ਤੁਸੀ ਉਸਾਰੀ ਕਰ ਸਕਦੇ ਹੋ। ਮੁਨੀਸ਼ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਸਟੇਅ ਆਰਡਰ ਦੇ ਬਾਵਜੂਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ।

PunjabKesari

ਕੀ ਕਹਿੰਦੀ ਹੈ ਵਿਰੋਧੀ ਧਿਰ :

ਇਸ ਸਬੰਧੀ ਜਦ ਵਿਰੋਧੀ ਧਿਰ ਬੀਰ ਹਾਰਡਵੇਅਰ ਵਿਨੋਦ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਜਿਸਟਰੀ ਮੇਰੇ ਨਾਮ ਹੈ। ਕੋਈ ਕਿਸੇ ਦੀ ਜਗ੍ਹਾ ਤੇ ਕਿਵੇਂ ਜ਼ਬਰੀ ਉਸਾਰੀ ਕਰ ਸਕਦਾ ਹੈ। ਫਿਲਹਾਲ ਕੰਮ ਬੰਦ ਹੈ।

ਮੁਨੀਸ਼ ਕੁਮਾਰ ਦੀ ਰਜਿਸਟਰੀ ਕੈਂਸਲ ਹੋ ਚੁੱਕੀ ਹੈ : ਏ.ਡੀ.ਸੀ.ਪੀ

ਜਗਬਾਣੀ/ਪੰਜਾਬ ਕੇਸਰੀ ਵੱਲੋਂ ਏ.ਡੀ.ਸੀ.ਪੀ. ਹਰਪਾਲ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਾਡੇ ਏ.ਐਸ. ਆਈ ਨੇ ਸਾਰੇ ਕਾਗਜ਼ਾਤ ਚੈੱਕ ਕੀਤੇ ਹਨ। ਮੁਨੀਸ਼ ਕੁਮਾਰ ਦੇ ਨਾਮ 'ਤੇ ਹੋਈ ਰਜਿਸਟਰੀ ਕੈਂਸਲ ਹੋ ਚੁੱਕੀ ਹੈ। ਇਸਦੇ ਬਾਵਜੂਦ ਵੀ ਕੰਮ ਰੁਕਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਟੇਅ ਆਰਡਰ ਮੁਨੀਸ਼ ਕੋਲ ਹੈ। ਪਰ ਮਾਲ ਮਹਿਕਮੇ ਤੋਂ ਲੋਕੇਸ਼ਨ ਲਿਆਉਣੀ ਜ਼ਰੂਰੀ ਹੈ। ਉਸਨੂੰ ਕਿਹਾ ਗਿਆ ਹੈ ਕਿ ਉਹ ਮਾਲ ਮਹਿਕਮੇ ਤੋਂ ਲੋਕੇਸ਼ਨ ਲਿਆ ਕੇ ਦੇਵੇ, ਲੋਕੇਸ਼ਨ ਵਿਚ ਉਸਦਾ ਨਾਮ ਨਹੀਂ ਹੈ।


Harinder Kaur

Content Editor

Related News