ਗੁਰਦਾਸਪੁਰ ਨਗਰ ਕੌਂਸਲ : ਕਾਂਗਰਸ ਨੂੰ 61, ਅਕਾਲੀ ਦਲ ਨੂੰ 19 ਤੇ ਭਾਜਪਾ ਨੂੰ ਮਿਲੀਆਂ 12 ਫੀਸਦੀ ਵੋਟਾਂ

02/18/2021 11:26:28 AM

ਗੁਰਦਾਸਪੁਰ (ਹਰਮਨ) - ਗੁਰਦਾਸਪੁਰ ਨਗਰ ਕੌਂਸਲ ਦੀਆਂ 29 ਵਾਰਡਾਂ ’ਚ ਐਲਾਨੇ ਗਏ ਨਤੀਜੇ ਬੇਹੱਦ ਰੌਚਕ ਹਨ, ਜਿਨ੍ਹਾਂ ’ਚ ਕਾਂਗਰਸ ਨੇ ਗੁਰਦਾਸਪੁਰ ਨਗਰ ਕੌਂਸਲ ਦੀਆਂ ਪੋਲ ਹੋਈਆਂ ਕੁੱਲ ਵੋਟਾਂ ’ਚੋਂ 61 ਫੀਸਦੀ ਵੋਟਾਂ ਲੈ ਕੇ ਵੱਡੀ ਜਿੱਤ ਦਰਜ ਕਰਵਾਈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਟੁੱਟਣ ਦੇ ਬਾਅਦ ਦੋਵੇਂ ਪਾਰਟੀਆਂ ਦਾ ਵੋਟ ਬੈਂਕ ਬੁਰੀ ਤਰ੍ਹਾਂ ਬਿਖਰਿਆ ਹੈ। ਹਾਲਾਤ ਇਹ ਬਣੇ ਹਨ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਕੁੱਲ 41 ਫੀਸਦੀ ਵੋਟਾਂ ਹੀ ਹਾਸਲ ਕੀਤੀਆਂ, ਜਿਨ੍ਹਾਂ ’ਚੋਂ ਅਕਾਲੀ ਦਲ ਨੇ 19 ਫੀਸਦੀ ਵੋਟਾਂ ਲਈਆਂ ਹਨ, ਜਦੋਂਕਿ 12 ਫੀਸਦੀ ਦੇ ਕਰੀਬ ਵੋਟਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਪਈਆਂ ਹਨ। 

ਗੁਰਦਾਸਪੁਰ ਦੇ ਚੋਣ ਮੈਦਾਨ ’ਚ ਨਿਤਰੇ ਵੱਖ-ਵੱਖ ਪਾਰਟੀਆਂ ਦੇ ਕੁੱਲ 99 ਉਮੀਦਵਾਰ
ਜੇਕਰ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਗੁਰਦਾਸਪੁਰ ਦੇ ਚੋਣ ਮੈਦਾਨ ’ਚ ਨਿਤਰੇ ਵੱਖ-ਵੱਖ ਪਾਰਟੀਆਂ ਦੇ ਕੁੱਲ 99 ਉਮੀਦਵਾਰਾਂ ਨੂੰ 41 ਹਜ਼ਾਰ 456 ਵੋਟਾਂ ਮਿਲੀਆਂ ਸਨ, ਜਿਨ੍ਹਾਂ ’ਚੋਂ ਕਾਂਗਰਸ ਦੇ 28 ਉਮੀਦਵਾਰਾਂ ਨੂੰ 25,478 ਵੋਟਾਂ ਮਿਲੀਆਂ ਸਨ ਜਦੋਂ ਕਿ ਵਾਰਡ ਨੰ- 2 ’ਚ ਬਲਜੀਤ ਸਿੰਘ ਪਾਹੜਾ ਬਿਨਾਂ ਮੁਕਾਬਲਾ ਜੇਤੂ ਰਹੇ ਸਨ। ਅਕਾਲੀ ਦਲ ਦੇ ਉਮੀਦਵਾਰ 27 ਵਾਰਡਾਂ ’ਚ ਚੋਣ ਲੜੇ ਹਨ, ਜਿਨ੍ਹਾਂ ਨੂੰ ਕੁੱਲ 7,885 ਵੋਟਾਂ ਹੀ ਮਿਲੀਆਂ ਹਨ ਜਦੋਂਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ 4,968 ਵੋਟਾਂ ਹਾਸਲ ਹੋਈਆਂ ਹਨ। ਆਮ ਆਦਮੀ ਪਾਰਟੀ ਗੁਰਦਾਸਪੁਰ ਸ਼ਹਿਰ ’ਚ ਸਿਰਫ 1310 ਵੋਟਾਂ ਹੀ ਹਾਸਲ ਕਰ ਸਕੀ ਹੈ ਜਦੋਂਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ 558 ਵੋਟਾਂ ਮਿਲੀਆਂ ਹਨ। ਆਜ਼ਾਦ ਉਮੀਦਵਾਰਾਂ ਦੇ ਹਿੱਸੇ 427 ਵੋਟਾਂ ਆਈਆਂ ਹਨ ਜਦੋਂ ਕਿ ਨੋਟਾ ਦਾ ਬਟਨ 396 ਵੋਟਰਾਂ ਨੇ ਦਬਾਇਆ ਹੈ।
 
ਕਿਹੜੇ ਉਮੀਦਵਾਰ ਰਹੇ ਦੂਸਰੇ ਸਥਾਨ ’ਤੇ
ਜੇਕਰ ਵੱਖ-ਵੱਖ ਉਮੀਦਵਾਰਾਂ ਦਰਮਿਆਨ ਹੋਏ ਮੁਕਾਬਲਿਆਂ ’ਚ ਪਾਰਟੀਆਂ ਦੀ ਸਥਿਤੀ ਦੀ ਘੋਖ ਕੀਤੀ ਜਾਵੇ ਤਾਂ ਤੱਥ ਹੋਰ ਵੀ ਰੌਚਕ ਹਨ। ਸ਼ਹਿਰ ’ਚ ਵੱਡਾ ਆਧਾਰ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਗੁਰਦਾਸਪੁਰ ਸ਼ਹਿਰ ਦੀਆਂ 29 ਵਾਰਡਾਂ ’ਚੋਂ ਕਰੀਬ 3 ਵਾਰਡਾਂ ’ਚ ਚੌਥੇ ਸਥਾਨ ’ਤੇ ਰਹੀ ਹੈ। ਵਾਰਡ ਨੰ- 9, 11, 12, 15, 17, 18, 19, 20 ਸਮੇਤ ਕਰੀਬ 8 ਵਾਰਡਾਂ ’ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਮੁੱਖ ਮੁਕਾਬਲਾ ਕਾਂਗਰਸ ਨਾਲ ਹੋਇਆ ਹੈ। ਅਕਾਲੀ ਦਲ ਅਤੇ ਹੋਰ ਉਮੀਦਵਾਰ ਭਾਜਪਾ ਨਾਲੋਂ ਪਛੜੇ ਹਨ। ਅਕਾਲੀ ਦਲ ਨੂੰ ਇਸ ਵਾਰ ਸ਼ਹਿਰ ਅੰਦਰ ਭਾਜਪਾ ਦਾ ਸਾਥ ਨਾ ਮਿਲਣ ਦੇ ਬਾਵਜੂਦ 1, 3, 4, 6, 7, 8, 10, 14, 16, 22, 23, 24, 25, 26, 27, 28 ਅਤੇ 29 ਵਾਰਡ ਸਮੇਤ ਕੁੱਲ 17 ਦੇ ਕਰੀਬ ਵਾਰਡਾਂ ’ਚ ਅਕਾਲੀ ਦਲ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ। ਬਸਪਾ ਦਾ 1 ਉਮੀਦਵਾਰ ਵੀ ਵਾਰਡ ਨੰ-5 ’ਚ ਦੂਸਰੇ ਸਥਾਨ ’ਤੇ ਆਇਆ ਹੈ ਜਦੋਂ ਕਿ 13 ਅਤੇ 21 ਨੰਬਰ ਵਾਰਡਾਂ ’ਚ ਕਾਂਗਰਸ ਦੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰਾਂ ਨੇ ਮੁਕਾਬਲਾ ਦੇ ਕੇ ਦੂਸਰਾ ਸਥਾਨ ਹਾਸਲ ਕੀਤਾ ਹੈ।

ਪਾਹੜਾ ਨੇ ਮੰਗਿਆ ਵਿਰੋਧੀਆਂ ਦਾ ਅਸਤੀਫਾ
ਇਸ ਜਿੱਤ ਦੀ ਖੁਸ਼ੀ ’ਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਚੇਅਰਮੈਨ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਭਾਜਪਾ ਦੇ ਜ਼ਿਲਾ ਪ੍ਰਧਾਨਾਂ ਨੂੰ ਇਸ ਹਾਰ ਨੂੰ ਕਬੂਲ ਕਰ ਕੇ ਹੁਣ ਅਸਤੀਫੇ ਦੇ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਵਿਚ ਹੇਰਾਫੇਰੀ ਦੇ ਦੋਸ਼ ਲਾ ਕੇ ਇਹ ਆਗੂ ਆਪਣੀ ਹਾਰ ਤੋਂ ਭੱਜ ਨਹੀਂ ਸਕਦੇ ਅਤੇ ਇਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਲੋਕ ਅਕਾਲੀ ਦਲ ਅਤੇ ਭਾਜਪਾ ਨੂੰ ਮੂੰਹ ਨਹੀਂ ਲਗਾਉਣਗੇ।


rajwinder kaur

Content Editor

Related News