ਲੁਟੇਰੇ ਨੇ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਮੋਟਰਸਾਈਕਲ ਤੇ ਨਗਦੀ ਖੋਹ ਕੇ ਹੋਏ ਫ਼ਰਾਰ
Thursday, Sep 24, 2020 - 05:07 PM (IST)

ਗੁਰਦਾਸਪੁਰ (ਹਰਮਨ, ਜ. ਬ.) : ਥਾਣਾ ਕਾਹਨੂੰਵਾਨ ਨਾਲ ਸਬੰਧਤ ਪਿੰਡ ਘੋੜੇਵਾਹ 'ਚ ਲੁਟੇਰਿਆਂ ਨੇ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਕੋਲੋਂ ਮੋਟਰਸਾਈਕਲ, 91 ਹਜ਼ਾਰ ਰੁਪਏ ਅਤੇ 2 ਮੋਬਾਇਲਾਂ ਸਮੇਤ ਹੋਰ ਸਾਮਾਨ ਖੋਹ ਕੇ ਲਿਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਅਕਾਲੀ ਸਰਪੰਚ ਨੇ ਐੱਸ.ਐੱਚ.ਓ. 'ਤੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦਾ ਦਬਾਅ ਬਣਾਉਣ ਦੇ ਲਾਏ ਦੋਸ਼
ਪੁਲਸ ਨੂੰ ਦਿੱਤੇ ਬਿਆਨਾਂ 'ਚ ਅਜੂਬ ਮਸੀਹ ਪੁੱਤਰ ਤਰਸੇਮ ਮਸੀਹ ਵਾਸੀ ਆਈ. ਟੀ. ਆਈ. ਕਾਲੋਨੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਦਸੂਹੇ ਨਾਲ ਸਬੰਧਤ ਇਕ ਪ੍ਰਾਈਵੇਟ ਫਾਇਨਾਂਸ ਕੰਪਨੀ ਵਿਚ ਕੰਮ ਕਰਦਾ ਹੈ। ਇਸ ਕੰਪਨੀ ਵਲੋਂ ਪਿੰਡਾਂ 'ਚ ਜਨਾਨੀਆਂ ਨੂੰ ਦਿੱਤੇ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰ ਕੇ ਉਹ ਆਪਣੇ ਮੋਟਰਸਾਈਕਲ ਨੰਬਰ ਪੀਬੀ.58.ਈ-2987 'ਤੇ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਬਾਅਦ ਦੁਪਹਿਰ 3.30 ਵਜੇ ਦੇ ਕਰੀਬ ਪਿੰਡ ਘੋੜੇਵਾਹ ਨੇੜੇ ਪੁੱਜਾ ਤਾਂ ਅਚਾਨਕ ਆਏ 5-6 ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਉਸ ਕੋਲੋਂ ਬੈਗ ਵਿਚ ਪਈ 91 ਹਜ਼ਾਰ 630 ਰੁਪਏ ਦੀ ਨਕਦੀ, 2 ਮੋਬਾਇਲ ਫੋਨ, ਕੰਪਨੀ ਦਾ ਰਿਕਾਰਡ, ਪਰਸ ਅਤੇ ਉਸ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਐਲਾਨ, 1 ਅਕਤੂਬਰ ਨੂੰ ਕੈਪਟਨ ਦਾ ਤਖ਼ਤ ਹਿਲਾਉਣ ਲਈ ਚੰਡੀਗੜ੍ਹ 'ਚ ਕਰਾਂਗੇ ਅੰਦੋਲਨ