ਗੋਇੰਦਵਾਲ ਸਾਹਿਬ ਜੇਲ੍ਹ ’ਚ ਚਲਾਏ ਤਲਾਸ਼ੀ ਅਭਿਆਨ ਦੌਰਾਨ 5 ਮੋਬਾਈਲ, 7 ਚਾਰਜਰ ਹੋਏ ਬਰਮਾਦ

04/30/2022 8:11:26 PM

ਤਰਨ ਤਾਰਨ (ਰਮਨ) - ਸ਼ਨੀਵਾਰ ਸਵੇਰੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਜੇਲ੍ਹ ਅੰਦਰ ਸੁਪਰਡੈਂਟ ਲਲਿਤ ਕੁਮਾਰ ਕੋਹਲੀ ਅਤੇ ਡੀ.ਐੱਸ. ਪੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਦੀ ਅਗਵਾਈ ਹੇਠ ਅਚਾਣਕ ਤਲਾਸ਼ੀ ਅਭਿਆਨ ਚਲਾਇਆ ਗਿਆ। ਟੀਮ ਨੇ 5 ਮੋਬਾਇਲ, 7 ਚਾਰਜਰ ਅਤੇ ਡਾਟਾ ਕੇਬਲ ਬਰਾਮਦ ਕਰਦੇ ਹੋਏ ਥਾਣਾ ਗੋਇੰਦਵਾਲ ਸਾਹਿਬ ਵਿਖੇ 4 ਕੈਦੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਜੇਲ੍ਹ ਵਿੱਚ ਆਏ ਦਿਨ ਮੋਬਾਇਲ ਫੋਨ, ਨਸ਼ੀਲੇ ਪਦਾਰਥ, ਸਿਗਰਟਾਂ ਆਦਿ ਸਾਮਾਨ ਨੂੰ ਰੋਕਣ ਲਈ ਜੇਲ੍ਹ ਦੇ ਨਾਲ ਲੱਗਦੀ ਦਾਣਾ ਮੰਡੀ ਵਿਖੇ ਪੁਲਸ ਚੌਕੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਦੇ ਸੁਪਰਡੈਂਟ ਲਲਿਤ ਕੁਮਾਰ ਕੋਹਲੀ (ਪੀ.ਪੀ.ਐੱਸ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਡੀ.ਐੱਸ.ਪੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਸਮੇਤ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਜਿਸ ਤਹਿਤ ਜੇਲ੍ਹ ਦੇ ਚੱਪੇ ਚੱਪੇ ਨੂੰ ਅਚਾਨਕ ਖੰਘਾਲਿਆ ਗਿਆ। ਸੁਪਰਡੈਂਟ ਲਲਿਤ ਕੁਮਾਰ ਕੋਹਲੀ ਨੇ ਦੱਸਿਆ ਕਿ ਇਸ ਚਲਾਏ ਗਏ ਤਲਾਸ਼ੀ ਅਭਿਆਨ ਵਿੱਚ ਵੱਡੀ ਗਿਣਤੀ ਦੌਰਾਨ ਪੁਲਸ ਮੁਲਾਜਮ ਮੌਜੂਦ ਸਨ। ਇਸ ਦੌਰਾਨ ਟੀਮ ਨੇ ਕੁੱਲ 5 ਮੋਬਾਇਲ ਫੋਨ ਅਤੇ 7 ਚਾਰਜਰ, ਇੱਕ ਡਾਟਾ ਕੇਬਲ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਮੌਜੂਦ ਚਾਰ ਕੈਦੀਆਂ ਵਲੋਂ ਮੋਬਾਇਲ ਸਬੰਧੀ ਗੱਲ ਕਬੂਲ ਲਈ ਗਈ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਲਿਖਤੀ ਤੌਰ ’ਤੇ ਕਾਰਵਾਈ ਕਰਨ ਲਈ ਰਿਪੋਰਟ ਭੇਜ ਦਿੱਤੀ ਹੈ।

ਜੇਲ੍ਹ ਸੁਪਰਡੈਂਟ ਲਲਿਤ ਕੁਮਾਰ ਕੋਹਲੀ ਨੇ ਦੱਸਿਆ ਕਿ ਜੇਲ੍ਹ ਦੇ ਨਾਲ ਲਗਦੀ ਦਾਣਾ ਮੰਡੀ ਰਾਹੀਂ ਜੇਲ੍ਹ ਅੰਦਰ ਵੱਖ-ਵੱਖ ਕਿਸਮ ਦੇ ਪਦਾਰਥ ਜਿਸ ਤਰ੍ਹਾਂ ਸਿਗਰੇਟ, ਸ਼ਰਾਬ, ਅਫ਼ੀਮ, ਨਸ਼ੀਲੀਆਂ ਗੋਲੀਆਂ, ਮੋਬਾਇਲ ਫੋਨ, ਚਾਰਜਰ ਆਦਿ ਸੁੱਟੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਨਜ਼ਦੀਕ ਮੌਜੂਦ ਦਾਣਾ ਮੰਡੀ ’ਚ ਪੁਲਸ ਚੌਂਕੀ ਪੱਕੇ ਤੌਰ ’ਤੇ ਬਣਾਉਣ ਲਈ ਐੱਸ.ਐੱਸ.ਪੀ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ ਜਿਸ ਨਾਲ ਅਜਿਹੀਆਂ ਘਟਨਾਵਾਂ ’ਤੇ ਨੱਥ ਪਾਈ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਆਰਜ਼ੀ ਤੌਰ ’ਤੇ ਰੱਖੇ ਗਏ ਐਕਸ ਸਰਵਿਸਮੈਨ ਫੌਜੀ ਸੁਰੱਖਿਆ ਗਾਰਡਾਂ ਨੂੰ ਜੇਲ੍ਹ ਅੰਦਰ ਪਹੁੰਚਾਏ ਜਾਣ ਵਾਲੇ ਪਾਬੰਧੀਸ਼ੁਦਾ ਸਾਮਾਨ ਸਮੇਤ ਕਈ ਵਾਰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਦੋ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਚੁੱਕੀ ਹੈ। ਲਲਿਤ ਕੁਮਾਰ ਕੋਹਲੀ ਨੇ ਦੱਸਿਆ ਕਿ ਜੇਲ੍ਹ ਦੀ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।
 


rajwinder kaur

Content Editor

Related News