'ਚਾਈਨਾ ਡੋਰ ਲਿਆਓ, ਮੁਫਤ ਰਵਾਇਤੀ ਡੋਰ ਪਾਓ’ ਮੁਹਿੰਮ ਤਹਿਤ ਚਾਰ ਬੱਚਿਆਂ ਨੇ ਜਮ੍ਹਾਂ ਕਰਵਾਏ ਗੱਟੂ

Sunday, Jan 12, 2025 - 05:51 PM (IST)

'ਚਾਈਨਾ ਡੋਰ ਲਿਆਓ, ਮੁਫਤ ਰਵਾਇਤੀ ਡੋਰ ਪਾਓ’ ਮੁਹਿੰਮ ਤਹਿਤ ਚਾਰ ਬੱਚਿਆਂ ਨੇ ਜਮ੍ਹਾਂ ਕਰਵਾਏ ਗੱਟੂ

ਅੰਮ੍ਰਿਤਸਰ(ਨੀਰਜ)-ਇਕ ਪਾਸੇ ਜਿੱਥੇ ਚਾਈਨਾ ਡੋਰ ਦੀ ਵਿਕਰੀ ਅਤੇ ਚਾਈਨਾ ਡੋਰ ਦੀ ਵਰਤੋਂ ਬੰਦ ਕਰਨ ਲਈ ਜ਼ਿਲਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਇਕ ਅਨੋਖੀ ਪਹਿਲਕਦਮੀ ਕਰਦੇ ਹੋਏ ‘ਚਾਈਨਾ ਡੋਰ ਲਿਆਓ, ਮੁਫਤ ਰਵਾਇਤੀ ਡੋਰ ਪਾਓ’ ਮੁਹਿੰਮ ਚਲਾਈ ਗਈ ਹੈ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਸੇਵਾ ਕੇਂਦਰ ’ਚ ਚਾਈਨਾ ਡੋਰ ਜਮ੍ਹਾਂ ਕਰਵਾਉਣ ਲਈ ਸਪੈਸ਼ਲ ਕਾਊਂਟਰ ਖੋਲ੍ਹਿਆ ਗਿਆ ਤਾਂ ਉਥੇ ਹੀ ਚਾਈਨਾ ਡੋਰ ਦੀ ਵਰਤੋਂ ਕਰਨ ਦੇ ਮਾਮਲੇ ’ਚ ਅਜੇ ਵੀ ਬੇਸ਼ਰਮ ਲੋਕਾਂ ਦੀ ਨੀਅਤ ਸਾਫ ਨਜ਼ਰ ਨਹੀਂ ਆ ਰਹੀ ਹੈ।

ਜਾਣਕਾਰੀ ਅਨੁਸਾਰ ਡੀ. ਸੀ. ਵੱਲੋਂ ਸੇਵਾ ਕੇਂਦਰ ’ਚ ਖੋਲ੍ਹੇ ਗਏ ਕਾਊਂਟਰ ’ਚ ਪਿਛਲੇ ਤਿੰਨ ਦਿਨਾਂ ਦੌਰਾਨ ਸਿਰਫ 4 ਬੱਚਿਆਂ ਨੇ ਹੀ ਚਾਈਨਾ ਡੋਰ ਦੇ ਗੱਟੂ ਜਮ੍ਹਾ ਕਰਵਾਏ, ਜਿਨ੍ਹਾਂ ਨੂੰ ਚਾਈਨਾ ਡੋਰ ਦੇ ਬਦਲੇ ਮੁਫਤ ਵਿਚ ਰਵਾਇਤੀ ਡੋਰ ਅਤੇ ਪਤੰਗਾਂ ਪ੍ਰਸ਼ਾਸਨ ਵੱਲੋਂ ਗਿਫਟ ਕੀਤੀਆਂ ਗਈਆਂ। ਇਹ ਕਾਊਂਟਰ 11 ਜਨਵਰੀ ਤੱਕ ਹੀ ਖੁੱਲ੍ਹਣਾ ਸੀ ਅਤੇ ਹੁਣ ਇਸ ਕਾਊਂਟਰ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਕਾਊਂਟਰ ਤੋਂ ਮਿਲੇ ਨਤੀਜਿਆਂ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਚਾਈਨਾ ਡੋਰ ਖਿਲਾਫ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਦੀ ਨੀਅਤ ਤਾਂ ਸਾਫ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਲੋਕਾਂ ਦੀ ਨੀਅਤ ਅਜੇ ਵੀ ਸਾਫ ਨਹੀਂ ਹੈ, ਜਿਹੜੇ ਚਾਈਨਾ ਡੋਰ ਦੀ ਵਿਕਰੀ ਕਰਦੇ ਹਨ ਅਤੇ ਇਸ ਦੀ ਵਰਤੋਂ ਕਰਦੇ ਹਨ ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਆੜ੍ਹਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਬੋਰੀਆਂ ਵਾਲਾ ਬਾਜ਼ਾਰ ਅਤੇ ਕਟੜਾ ਕਰਮ ਸਿੰਘ ’ਚ ਰਾਤ 12 ਵਜੇ ਤੋਂ ਬਾਅਦ ਸਪਲਾਈ

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਥਾਣਾ ਸੀ-ਡਵੀਜ਼ਨ ਦੇ ਇਲਾਕੇ ਬੋਰੀਆਂ ਵਾਲਾ ਬਾਜ਼ਾਰ ਅਤੇ ਕਟੜਾ ਕਰਮ ਸਿੰਘ ਦੇ ਇਲਾਕੇ ’ਚ ਫਿਰ ਤੋਂ ਚਾਈਨਾ ਡੋਰ ਦੀ ਵਿਕਰੀ ਹੋਣੀ ਸ਼ੁਰੂ ਹੋ ਗਈ ਹੈ। ਰਾਤ 12 ਵਜੇ ਤੋਂ ਬਾਅਦ ਚਾਈਨਾ ਡੋਰ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਸਿਰਫ ਪਛਾਣ ਵਾਲੇ ਲੋਕਾਂ ਨੂੰ ਹੀ ਗੱਟੂ ਦਿੱਤਾ ਜਾਂਦਾ ਹੈ। ਪੁਲਸ ਦੀ ਸਖਤੀ ਤੋਂ ਬਾਅਦ ਗੱਟੂ ਦੀ ਵੀ ਬਲੈਕ ਹੋ ਰਹੀ ਹੈ ਅਤੇ 200 ਤੋਂ 300 ’ਚ ਵਿਕਣ ਵਾਲਾ ਗੱਟੂ ਹੁਣ 800 ਤੋਂ 900 ਵਿਚ ਬਲੈਕ ਹੋ ਰਿਹਾ ਹੈ। ਮਰ ਚੁੱਕੇ ਇਕ ਚਾਈਨਾ ਡੋਰ ਵਿਕਰੇਤਾ ਦਾ ਬੇਟਾ ਵੀ ਚਾਈਨਾ ਡੋਰ ਦੀ ਵਿਕਰੀ ਕਰਨ ’ਚ ਲੱਗਾ ਹੈ।

ਆਈ. ਡੀ. ਐੱਚ. ਮਾਰਕੀਟ ’ਚ ਲਾਇਆ ਗਿਆ ਟ੍ਰੈਪ ਪਰ ਨਹੀਂ ਮਿਲੀ ਖੂਨੀ ਡੋਰ

ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਇਕ ਦੁਕਾਨਦਾਰ, ਜਿਸ ਨੇ ਆਈ. ਡੀ. ਐੱਚ. ਮਾਰਕੀਟ ’ਚ ਦੁਕਾਨ ਕਿਰਾਏ ’ਤੇ ਲੈ ਰੱਖੀ ਅਤੇ ਚਾਈਨਾ ਡੋਰ ਦੀ ਵਿਕਰੀ ਕਰ ਰਿਹਾ ਹੈ। ਟੀਮ ਵੱਲੋਂ ਆਈ. ਡੀ. ਐੱਚ. ਮਾਰਕੀਟ ’ਚ ਟ੍ਰੈਪ ਲਾਇਆ ਗਿਆ ਪਰ ਚਾਈਨਾ ਡੋਰ ਨਹੀਂ ਮਿਲੀ। ਹਾਲਾਂਕਿ ਇਹ ਵੀ ਸਪੱਸ਼ਟ ਹੋ ਚੁੱਕਾ ਹੈ ਕਿ ਚਾਈਨਾ ਡੋਰ ਵੇਚਣ ਵਾਲੇ ਲੋਕ ਕਿਸੇ ਅਣਜਾਣ ਵਿਅਕਤੀ ਨੂੰ ਚਾਈਨਾ ਡੋਰ ਦਾ ਗੱਟੂ ਨਹੀਂ ਵੇਚਦੇ, ਸਿਰਫ ਪਛਾਣ ਵਾਲੇ ਵਿਅਕਤੀ ਨੂੰ ਹੀ ਗੱਟੂ ਵੇਚਿਆ ਜਾਂਦਾ ਹੈ। ਫਿਰ ਵੀ ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਚਾਈਨਾ ਡੋਰ ਹੁਣ ਰਾਤ ਦੇ ਹਨੇਰੇ ’ਚ ਸ਼ਰੇਆਮ ਵਿਕ ਰਹੀ ਹੈ।

ਇਹ ਵੀ ਪੜ੍ਹੋ- ਸਵਾਰੀਆਂ ਨਾਲ ਭਰੀ ਬੱਸ ਦਾ ਸਟੇਅਰਿੰਗ ਹੋਇਆ ਫੇਲ੍ਹ, ਦਰਖਤਾਂ ਨੂੰ ਤੋੜਦੀ ਗਈ ਬੱਸ, ਉੱਡੇ ਪਰਖੱਚੇ

ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨਾਲ ਕੀਤਾ ਸੰਪਰਕ

ਕਰਨਾਲ ਤੋਂ ਅੰਮ੍ਰਿਤਸਰ ਆਈ 1200 ਚਾਈਨਾ ਡੋਰ ਗੱਟੂਆਂ ਦੀ ਖੇਪ ਦੇ ਮਾਮਲੇ ’ਚ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨਾਲ ਸਿੱਧਾ ਸੰਪਰਕ ਕਰ ਲਿਆ ਹੈ ਅਤੇ ਪੁਲਸ ਦੇ ਨਾਲ-ਨਾਲ ਮੁੱਖ ਸਕੱਤਰ ਪੱਧਰ ਦੇ ਅਧਿਕਾਰੀਆਂ ਵੱਲੋਂ ਹਰਿਆਣਾ ਸਰਕਾਰ ਨੂੰ ਉਸ ਪਤੇ ’ਤੇ ਜਾਂਚ ਕਰਨ ਲਈ ਕਿਹਾ ਗਿਆ ਹੈ, ਜਿੱਥੋਂ ਚਾਈਨਾ ਡੋਰ ਦੀ ਖੇਪ ਭੇਜੀ ਗਈ ਸੀ।

ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!

ਚਾਈਨਾ ਡੋਰ ਵੇਚਣ ਵਾਲਿਆਂ ਦਾ ਕੀਤਾ ਜਾਵੇਗਾ ਸਮਾਜਿਕ ਬਾਈਕਾਟ

ਵਪਾਰੀ ਆਗੂ ਅਤੇ ਸਮਾਜ ਸੇਵਕ ਹਰੀਸ਼ ਧਵਨ ਨੇ ਕਿਹਾ ਕਿ ਅਣਜਾਣੇ ’ਚ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਜਾਵੇ ਤਾਂ ਮੰਨਿਆ ਜਾ ਸਕਦਾ ਹੈ ਕਿ ਉਸ ਨੇ ਪਹਿਲੀ ਵਾਰ ਗਲਤੀ ਕੀਤੀ ਹੈ ਪਰ ਜਿਹੜੇ ਲੋਕ ਵਾਰ-ਵਾਰ ਚਾਈਨਾ ਡੋਰ ਦੀ ਵਿਕਰੀ ਕਰਦੇ ਹੋਏ ਫੜੇ ਜਾ ਰਹੇ ਹਨ, ਉਨ੍ਹਾਂ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਡੀ. ਸੀ. ਦਫਤਰ ਜਾਂ ਪੁਲਸ ਕਮਿਸ਼ਨਰ ਦਫਤਰ ’ਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਪਰਿਵਾਰਾਂ ਦੇ ਸਾਹਮਣੇ ਖੜ੍ਹਾ ਕਰਨਾ ਚਾਹੀਦਾ ਹੈ, ਜਿਨ੍ਹਾਂ ਪਰਿਵਾਰ ਦੇ ਲੋਕ ਚਾਈਨਾ ਡੋਰ ਦੀ ਲਪੇਟ ’ਚ ਆ ਕੇ ਮਰ ਚੁੱਕੇ ਹਨ। ਇਸ ਤੋਂ ਇਲਾਵਾ ਅਜਿਹੇ ਲੋਕਾਂ ਨਾਲ ਹਰ ਤਰ੍ਹਾਂ ਦਾ ਰਿਸ਼ਤਾ, ਬੋਲਚਾਲ ਆਦ ਬੰਦ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਲੋਕਾਂ ਦੇ ਸੀਵਰੇਜ, ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਵੀ ਕੱਟੇ ਜਾਣੇ ਚਾਹੀਦੇ ਹਨ।

ਪ੍ਰਸ਼ਾਸਨ ਜਾਰੀ ਰੱਖੇਗਾ ਅਭਿਆਨ 

 ਡੀ. ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਖਿਲਾਫ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ’ਚ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਬੱਚਿਆਂ ਦੇ ਮਾਪਿਆਂ ’ਤੇ ਦਰਜ ਕੀਤਾ ਜਾਵੇਗਾ ਕੇਸ

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਸ ਦੀਆਂ ਇੰਨੀਆਂ ਅਪੀਲਾਂ ਤੋਂ ਬਾਅਦ ਵੀ ਜਿਹੜੇ ਲੋਕ ਚਾਈਨਾ ਡੋਰ ਦੀ ਵਿਕਰੀ ਕਰਨਗੇ ਅਤੇ ਚਾਈਨਾ ਡੋਰ ਦੀ ਵਰਤੋਂ ਕਰਨਗੇ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਜੇਕਰ ਕੋਈ ਨਾਬਾਲਗ ਬੱਚਾ ਚਾਈਨਾ ਡੋਰ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਦੇ ਮਾਤਾ-ਪਿਤਾ ’ਤੇ ਕੇਸ ਦਰਜ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News