ਵਿਆਹੁਤਾ ਔਰਤ ਦੀ ਸ਼ੱਕੀ ਹਾਲਤ ’ਚ ਮੌਤ ਦਾ ਮਾਮਲਾ, ਪੁਲਸ ਨੇ 4 ਲੋਕਾਂ ਖਿਲਾਫ਼ ਕੀਤਾ ਕੇਸ ਦਰਜ

Sunday, Apr 23, 2023 - 05:24 PM (IST)

ਵਿਆਹੁਤਾ ਔਰਤ ਦੀ ਸ਼ੱਕੀ ਹਾਲਤ ’ਚ ਮੌਤ ਦਾ ਮਾਮਲਾ, ਪੁਲਸ ਨੇ 4 ਲੋਕਾਂ ਖਿਲਾਫ਼ ਕੀਤਾ ਕੇਸ ਦਰਜ

ਬਟਾਲਾ/ਅੱਚਲ ਸਾਹਿਬ (ਬੇਰੀ, ਗੋਰਾ ਚਾਹਲ) : ਬੀਤੇ ਦਿਨ ਥਾਣਾ ਘਣੀਏ ਕੇ ਬਾਂਗਰ ਅਧੀਨ ਪੈਂਦੇ ਪਿੰਡ ਸ਼ਮਸ਼ੇਰਪੁਰ ਵਿਖੇ ਇਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੇ ਐੱਸ. ਐੱਚ. ਓ. ਅਮਰਜੀਤ ਮਸੀਹ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੱਲੋ ਚਾਹਲ ਨੇ ਦੱਸਿਆ ਕਿ ਉਹ ਅੱਚਲ ਸਾਹਿਬ ’ਚ ਡੀਜ਼ਲ ਮਕੈਨਿਕ ਦਾ ਕੰਮ ਕਰਦਾ ਹੈ। ਉਸ ਨੂੰ ਬੀਤੇ ਦਿਨ ਫੋਨ ਆਇਆ ਕਿ ਉਸ ਦੀ ਸਾਲੀ ਰਿੰਪੀ ਪਤਨੀ ਦਲਵਿੰਦਰ ਸਿੰਘ ਵਾਸੀ ਸ਼ਮਸ਼ੇਰਪੁਰ, ਜਿਸਦੀ ਤਬੀਅਤ ਠੀਕ ਨਹੀਂ ਸੀ, ਉਸਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ- ਹਰੀਕੇ ਥਾਣੇ ਨੇੜਿਓਂ ਹੈਂਡ ਗ੍ਰਨੇਡ ਤੇ ਕਾਰਤੂਸ ਬਰਾਮਦ, ਇਲਾਕੇ 'ਚ ਫ਼ੈਲੀ ਸਨਸਨੀ

ਉਸ ਨੇ ਦੱਸਿਆ ਕਿ ਜਦੋਂ ਪਰਿਵਾਰਕ ਮੈਂਬਰਾਂ ਨਾਲ ਪਿੰਡ ਸ਼ਮਸ਼ੇਰਪੁਰ ਜਾ ਕੇ ਦੇਖਿਆ ਤਾਂ ਰਿੰਪੀ ਦੀ ਲਾਸ਼ ਕਮਰੇ ’ਚ ਪਈ ਹੋਈ ਸੀ ਅਤੇ ਉਸਦੇ ਗਲੇ ’ਚ ਫਾਹਾ ਲਗਾਉਣ ਦਾ ਨਿਸ਼ਾਨ ਪਿਆ ਹੋਇਆ ਸੀ ਅਤੇ ਉਸਦੇ ਸੱਜੇ ਗੋਡੇ ’ਤੇ ਸੱਟ ਦਾ ਨਿਸ਼ਾਨ ਸੀ। ਉਸ ਨੇ ਦੱਸਿਆ ਕਿ ਰਿੰਪੀ ਦੇ ਸਹੁਰਾ ਪਰਿਵਾਰ ਵਲੋਂ ਪਹਿਲਾਂ ਵੀ ਕਈ ਵਾਰ ਉਸਦੀ ਕੁੱਟਮਾਰ ਕੀਤੀ ਗਈ ਅਤੇ ਪੰਚਾਇਤ ਵਲੋਂ ਕਈ ਵਾਰ ਰਾਜ਼ੀਨਾਮਾ ਵੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- 25 ਲੱਖ ਤੋਂ ਵੱਧ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਆਵਾਜ਼, 27 ਨੂੰ ਗਵਰਨਰ ਨੂੰ ਸੌਂਪੇ ਜਾਣਗੇ ਪ੍ਰੋਫ਼ਾਰਮੇ

ਉਸ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਰਿੰਪੀ ਦੇ ਸਹੁਰਿਆਂ ਨੇ ਹੀ ਉਸਨੂੰ ਮਾਰਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੇ ਗੁਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਰਿੰਪੀ ਦੇ ਪਤੀ ਦਲਵਿੰਦਰ ਸਿੰਘ ਸਮੇਤ ਉਸ ਦੇ ਸਹੁਰੇ, ਸੱਸ ਅਤੇ ਜੇਠ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News