ਰੇਲਵੇ ਟਰੈਕ ’ਤੇ ਬੈਠੇ ਕਿਸਾਨ, ਕਰੀਬ 51 ਟਰੇਨਾਂ ਕੀਤੀਆਂ ਗਈਆਂ ਰੱਦ, ਯਾਤਰੀਆਂ ਲਈ ਬਣੀ ਪ੍ਰੇਸ਼ਾਨੀ

Friday, Sep 29, 2023 - 11:06 AM (IST)

ਰੇਲਵੇ ਟਰੈਕ ’ਤੇ ਬੈਠੇ ਕਿਸਾਨ, ਕਰੀਬ 51 ਟਰੇਨਾਂ ਕੀਤੀਆਂ ਗਈਆਂ ਰੱਦ, ਯਾਤਰੀਆਂ ਲਈ ਬਣੀ ਪ੍ਰੇਸ਼ਾਨੀ

ਅੰਮ੍ਰਿਤਸਰ (ਜਸ਼ਨ)- ਮੰਗਾਂ ਨੂੰ ਲੈ ਕੇ 19 ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਅਤੇ ਮਜੀਠਾ ਨੇੜੇ 3 ਦਿਨਾਂ ਰੇਲਵੇ ਟਰੈਕ ’ਤੇ ਧਰਨਾ ਲਗਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾਣ ਕਾਰਨ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਰੇਲ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਭਾਵੇਂ ਰੇਲਵੇ ਪ੍ਰਸ਼ਾਸਨ ਨੇ ਪੰਜਾਬ ਭਰ ਦੀਆਂ 19 ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨ ‘ਰੇਲ ਰੋਕੋ’ ਮੋਰਚੇ ਦੀਆਂ ਤਿਆਰੀਆਂ ਪਹਿਲਾਂ ਹੀ ਕਰ ਲਈਆਂ ਸਨ, ਪਰ ਇਹ ਸਾਰੀਆਂ ਤਿਆਰੀਆਂ ਉਸ ਸਮੇਂ ਧਰੀਆਂ ਰਹਿ ਗਈਆਂ, ਜਦੋਂ ਕਿਸਾਨਾਂ ਦੀ ਵੱਡੀ ਗਿਣਤੀ ਵਿਚ ਲੋਕ ਦੇਵੀਦਾਸਪੁਰਾ ਨੇੜੇ ਰੇਲਵੇ ਟਰੈਕ ’ਤੇ ਧਰਨੇ ’ਤੇ ਬੈਠ ਗਏ ਅਤੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਨ ਰੇਲਵੇ ਦੇ ਪਹੀਏ ਉਥੇ ਹੀ ਜਾਮ ਹੋ ਗਏ।

ਇਸ ਸਾਰੀ ਘਟਨਾ ਕਾਰਨ ਅੰਮ੍ਰਿਤਸਰ-ਦਿੱਲੀ ਰੇਲਵੇ ਰੂਟ, ਅੰਮ੍ਰਿਤਸਰ-ਪਠਾਨਕੋਟ ਰੇਲਵੇ ਮਾਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਅੰਮ੍ਰਿਤਸਰ-ਚੰਡੀਗੜ੍ਹ ਮਾਰਗ ਪੂਰੀ ਤਰ੍ਹਾਂ ਠੱਪ ਰਿਹਾ, ਹਾਲਾਂਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸਵੇਰੇ 10 ਵਜੇ ਤੱਕ ਯਾਤਰੀਆਂ ਨੂੰ ਆਪੋ-ਆਪਣੇ ਰੂਟ ’ਤੇ ਚੜ੍ਹਨ ਦਿੱਤਾ ਗਿਆ। ਰੇਲ ਗੱਡੀਆਂ ਆਪਣੇ ਨਿਰਧਾਰਿਤ ਸਥਾਨਾਂ ਲਈ ਰਵਾਨਾ ਹੋ ਗਈਆਂ ਪਰ ਕਿਸਾਨਾਂ ਵੱਲੋਂ ਧਰਨੇ ਦੀ ਖ਼ਬਰ ਆਉਣ ਤੋਂ ਬਾਅਦ ਰੇਲਵੇ ਸਟੇਸ਼ਨ ’ਤੇ ਹਫ਼ੜਾ-ਦਫੜੀ ਮਚ ਗਈ ਅਤੇ ਰੇਲ ਗੱਡੀਆਂ ਪਲੇਟਫਾਰਮਾਂ ’ਤੇ ਖੜ੍ਹੀਆਂ ਕਰ ਦਿੱਤੀਆਂ ਗਈਆਂ। ਇਸ ਹੜਤਾਲ ਕਾਰਨ ਕਰੀਬ 51 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਅਤੇ 25 ਪ੍ਰਭਾਵਿਤ ਹੋਈਆਂ ਅਤੇ ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਲਗਭਗ ਸਾਰੀਆਂ ਟਰੇਨਾਂ ਰੱਦ ਰਹੀਆਂ।

PunjabKesari

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਵਾਇਰਲ ਵੀਡੀਓ ਦੀ ਸੱਚਾਈ ਆਈ ਸਾਹਮਣੇ, ਪਤੀ ਦੀ ਕਰਤੂਤ ਜਾਣ ਕੰਬ ਜਾਵੇਗੀ ਰੂਹ

ਇਸ ਕਾਰਨ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਆਉਣ ਵਾਲੀ ਸ਼ਾਨ-ਏ-ਪੰਜਾਬ ਟ੍ਰੇਨ ਨੂੰ ਗੁਰਾਇਆ ਰੇਲਵੇ ਸਟੇਸ਼ਨ ’ਤੇ ਰੋਕਣਾ ਪਿਆ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਆਉਣ ਵਾਲੀ ਸ਼ਤਾਬਦੀ ਰੇਲ ਗੱਡੀ ਨੂੰ ਫਗਵਾੜਾ ਰੇਲਵੇ ਸਟੇਸ਼ਨ ’ਤੇ ਰੋਕ ਦਿੱਤਾ ਗਿਆ। ਇਸ ਘਟਨਾ ਕਾਰਨ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਉਨ੍ਹਾਂ ਰੇਲਵੇ ਯਾਤਰੀਆਂ ਨੂੰ ਹੋਇਆ, ਜਿਨ੍ਹਾਂ ਨੇ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਲਈਆਂ ਸਨ, ਉਨ੍ਹਾਂ ਨੂੰ ਜਾਂ ਤਾਂ ਆਪਣਾ ਸਫ਼ਰ ਰੱਦ ਕਰਨਾ ਪਿਆ ਜਾਂ ਫਿਰ ਸੜਕੀ ਰੂਟ ਬਦਲਣ ਲਈ ਮਜ਼ਬੂਰ ਹੋਣਾ ਪਿਆ।

ਦੱਸਣਯੋਗ ਹੈ ਕਿ ਕਿਸਾਨਾਂ ਦਾ ਇਹ ਧਰਨਾ ਪ੍ਰਦਰਸ਼ਨ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਹੈ। ਇਸ ਧਰਨੇ ਕਾਰਨ ਜਿੱਥੇ ਰੇਲ ਯਾਤਰੀਆਂ ਨੂੰ ਮੁੜ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਅੰਮ੍ਰਿਤਸਰ ਤੋਂ ਆਉਣ-ਜਾਣ ਵਾਲੀਆਂ ਕਈ ਅਹਿਮ ਟਰੇਨਾਂ ਵੀ ਪ੍ਰਭਾਵਿਤ ਹੋਣ ਤੋਂ ਬਚਾਈਆਂ ਨਹੀਂ ਜਾ ਸਕੀਆਂ। ਹੁਣ ਦੇਖਣਾ ਇਹ ਹੈ ਕਿ ਜੇਕਰ ਕਿਸਾਨਾਂ ਦਾ ਇਹ ਧਰਨਾ ਜਲਦੀ ਖ਼ਤਮ ਨਾ ਹੋਇਆ ਤਾਂ ਆਉਣ ਵਾਲੇ ਦੋ ਦਿਨਾਂ ਵਿਚ ਜਿੱਥੇ ਰੇਲਵੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਉਥੇ ਹੀ ਰੇਲਵੇ ਦੇ ਮਾਲੀਏ ਨੂੰ ਵੀ ਭਾਰੀ ਨੁਕਸਾਨ ਹੋਵੇਗਾ।

PunjabKesari

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਅਮਿਤ ਸ਼ਾਹ ਸਾਹਮਣੇ SYL ਸਣੇ ਚੁੱਕੇ ਪੰਜਾਬ ਦੇ ਵੱਡੇ ਮੁੱਦੇ

ਅੰਮ੍ਰਿਤਸਰ-ਦਿੱਲੀ ਰੂਟ ’ਤੇ 120 ਟ੍ਰੇਨਾਂ ਦਾ ਹੁੰਦਾ ਹੈ ਆਉਣਾ-ਜਾਣਾ

ਦੱਸਣਯੋਗ ਹੈ ਕਿ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ’ਤੇ ਰੋਜ਼ਾਨਾ 120 ਦੇ ਕਰੀਬ ਰੇਲ ਗੱਡੀਆਂ ਚੱਲਦੀਆਂ ਹਨ ਅਤੇ ਹਰ ਰੋਜ਼ ਡੇਢ ਲੱਖ ਤੋਂ ਵੱਧ ਸੈਲਾਨੀ ਅਤੇ ਹੋਰ ਲੋਕ ਸਿਰਫ਼ ਅੰਮ੍ਰਿਤਸਰ ਆਉਂਦੇ ਹਨ ਅਤੇ ਇਨ੍ਹਾਂ ਦਾ ਮੁੱਖ ਸਰੋਤ ਰੇਲਵੇ ਹੈ। ਇਸ ਤੋਂ ਇਲਾਵਾ ਇਸ ਮਾਰਗ ’ਤੇ ਸਾਰੇ ਸਟੇਸ਼ਨਾਂ ’ਤੇ ਲੱਖਾਂ ਲੋਕ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਅਜਿਹੇ ਵਿਚ ਜਦੋਂ ਰੇਲਵੇ ਟ੍ਰੈਕ ’ਤੇ ਧਰਨਾ ਲੱਗ ਜਾਂਦਾ ਹੈ ਤਾਂ ਇਨ੍ਹਾਂ ਲੋਕਾਂ ਦੀ ਰੋਜ਼ੀ-ਰੋਟੀ ਵੀ ਖ਼ਤਰੇ ਵਿਚ ਪੈ ਜਾਂਦੀ ਅਤੇ ਦੂਜੇ ਪਾਸੇ ਰੇਲਵੇ ਯਾਤਰੀਆਂ ਅਤੇ ਹੋਰ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈਆਂ ਨੂੰ ਆਪਣਾ ਸਫ਼ਰ ਰੱਦ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਦੋਂ ਕਿ ਜਿਨ੍ਹਾਂ ਨੂੰ ਜ਼ਰੂਰੀ ਕੰਮ ਲਈ ਸਫ਼ਰ ਕਰਨਾ ਪੈਂਦਾ ਹੈ, ਉਨ੍ਹਾਂ ਦੀਆਂ ਜੇਬਾਂ ਵੀ ਪ੍ਰਾਈਵੇਟ ਟੈਕਸੀਆਂ ਰਾਹੀਂ ਸਫ਼ਰ ਕਰਨ ਲਈ ਢਿੱਲੀਆਂ ਹਨ।

ਕੀ ਕਹਿਣਾ ਹੈ ਰੇਲਵੇ ਯਾਤਰੀਆਂ ਦਾ ?

ਸਟੇਸ਼ਨ ’ਤੇ ਗੱਲਬਾਤ ਦੌਰਾਨ ਲਗਭਗ ਸਾਰੇ ਰੇਲਵੇ ਯਾਤਰੀਆਂ ਵਿਚ ਸਰਕਾਰ ਅਤੇ ਕਿਸਾਨਾਂ ਪ੍ਰਤੀ ਕਾਫ਼ੀ ਗੁੱਸਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਜੇਕਰ ਮੰਗਾਂ ਨਾ ਮੰਨੀਆ ਜਾਣ ’ਤੇ ਧਰਨਾ ਪ੍ਰਦਰਸ਼ਨ ’ਤੇ ਬੈਠਣਾ ਹੀ ਹੈ ਤਾਂ ਉਹ ਸਬੰਧਤ ਵਿਭਾਗ ਦੇ ਮੰਤਰੀ ਜਾਂ ਸਬੰਧਤ ਵਿਭਾਗ ਦੇ ਮੁੱਖ ਦਫ਼ਤਰ ਸਾਹਮਣੇ ਦੇਣ। ਕੁਝ ਰੇਲਵੇ ਯਾਤਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਆਪਣੀ ਜ਼ਿੱਦ ਕਿਉਂ ਨਹੀਂ ਛੱਡ ਰਹੀ। ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਦਿੱਤੇ ਭਰੋਸੇ ਨੂੰ ਕਈ ਮਹੀਨੇ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਸਰਕਾਰ ਅਜੇ ਤੱਕ ਕੋਈ ਫੈਸਲਾ ਨਹੀਂ ਲੈ ਰਹੀ ਹੈ। ਇਸ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਦੀ ਨੀਅਤ ’ਤੇ ਕਈ ਸਵਾਲ ਖੜ੍ਹੇ ਹੋਣੇ ਹਨ।

ਇਹ ਵੀ ਪੜ੍ਹੋ- 12 ਸਾਲ ਤੱਕ ਵੇਚੀਆਂ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓਜ਼, ਪਤਨੀ ਬਣਾਉਣ ਮਗਰੋਂ ਕਰ 'ਤਾ ਵੱਡਾ ਕਾਂਡ

ਰੇਲਵੇ ਯਾਤਰੀਆਂ ਨੂੰ ਭੁਗਤਣਾ ਪਿਆ ਖਮਿਆਜ਼ਾ

ਕੁੱਲ ਮਿਲਾ ਕੇ ਰੇਲਵੇ ਟਰੈਕ ’ਤੇ ਲਗਾਏ ਗਏ ਇਸ ਧਰਨੇ ਦਾ ਖਮਿਆਜ਼ਾ ਰੇਲਵੇ ਮੁਸਾਫਰਾਂ ਨੂੰ ਭੁਗਤਣਾ ਪਿਆ ਅਤੇ ਰੇਲਵੇ ਦੇ ਮਾਲੀਏ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ, ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਆਉਣ ਵਾਲੇ ਦੋ ਦਿਨ ਰੇਲਵੇ ਯਾਤਰੀਆਂ ਲਈ ਭਾਰੀ ਸਾਬਤ ਹੋਣਗੇ। ਇਸ ਧਰਨੇ ਕਾਰਨ ਸਾਰੀਆਂ ਟਰੇਨਾਂ ਦਾ ਸਮਾਂ ਸਾਰਣੀ ਵਿਗੜ ਗਿਆ। ਕਿਸਾਨਾਂ ਦੇ ਧਰਨੇ ਦੌਰਾਨ ਜ਼ਿਆਦਾਤਰ ਰੇਲ ਯਾਤਰੀ ਆਪਣੀਆਂ ਗੱਡੀਆਂ ਵਿਚ ਹੀ ਚਿੰਤਤ ਰਹੇ।

ਪੁੱਛਗਿੱਛ ਕਾਊਂਟਰ ’ਤੇ ਦਿਖੀ ਭੀੜ

ਵੀਰਵਾਰ ਨੂੰ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਪੁੱਛਗਿੱਛ ਕਾਊਂਟਰ ’ਤੇ ਦਿਨ ਭਰ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਰੇਲਵੇ ਯਾਤਰੀ ਆਪਣੀਆਂ ਗੱਡੀਆਂ ਬਾਰੇ ਜਾਣਕਾਰੀ ਲੈਣ ਲਈ ਪੁੱਛਗਿੱਛ ਕਾਊਂਟਰ ਵੱਲ ਮੁੜ ਰਹੇ ਸਨ ਪਰ ਪੁੱਛਗਿੱਛ ਕਾਊਂਟਰ ’ਤੇ ਮੌਜੂਦ ਰੇਲਵੇ ਕਰਮਚਾਰੀ ਜ਼ਿਆਦਾਤਰ ਰੇਲ ਗੱਡੀਆਂ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਅਸਮਰੱਥਾ ਜ਼ਾਹਰ ਕਰਦੇ ਨਜ਼ਰ ਆਏ। ਕਈ ਰੇਲ ਯਾਤਰੀ ਧਰਨੇ ਦੌਰਾਨ ਨਾ ਚੱਲਣ ਵਾਲੀਆਂ ਟਰੇਨਾਂ ਬਾਰੇ ਪੁੱਛ-ਪੜਤਾਲ ਕਰਦੇ ਦੇਖੇ ਗਏ ਕਿ ਕੀ ਰੇਲ ਗੱਡੀਆਂ ਚੱਲਣਗੀਆਂ। ਇਸ ’ਤੇ ਵੀ ਰੇਲਵੇ ਕਰਮਚਾਰੀ ਕੁਝ ਵੀ ਦੱਸਣ ਤੋਂ ਇਨਕਾਰ ਕਰਦੇ ਨਜ਼ਰ ਆਏ।

ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ’ਤੇ ਕੁਝ ਲੋਕ ਆਪਣੇ ਜਾਣ-ਪਛਾਣ ਵਾਲਿਆਂ ਨੂੰ ਲੈਣ ਆਏ ਸਨ, ਉਨ੍ਹਾਂ ਨੂੰ ਵੀ ਸਟੇਸ਼ਨ ’ਤੇ ਆਉਣ ਵਾਲੀਆਂ ਗੱਡੀਆਂ ਦੀ ਸ਼ੱਕੀ ਸੂਚਨਾ ਮਿਲਣ ’ਤੇ ਦੇਖਿਆ ਗਿਆ। ਕੁਲ ਮਿਲਾ ਕੇ ਅੱਜ ਦਿਨ ਭਰ ਪੁੱਛਗਿੱਛ ਕਾਊਂਟਰ ’ਤੇ ਕਾਫੀ ਹਫੜਾ-ਦਫੜੀ ਰਹੀ। ਰੇਲਵੇ ਨੇ ਕਾਊਂਟਰ ’ਤੇ ਇਕ ਹੋਰ ਕਰਮਚਾਰੀ ਵੀ ਤਾਇਨਾਤ ਕੀਤਾ ਸੀ ਪਰ ਇਹ ਵੀ ਰੇਲਵੇ ਯਾਤਰੀਆਂ ਦੇ ਭਾਰ ਦੇ ਹਿਸਾਬ ਨਾਲ ਨਾਕਾਫੀ ਸਾਬਤ ਹੋਇਆ। ਰੇਲਵੇ ਸਟੇਸ਼ਨ ਦੇ ਸਾਰੇ ਹਿੱਸਿਆਂ ਦੇ ਵੇਟਿੰਗ ਹਾਲ ਦਿਨ ਭਰ ਯਾਤਰੀਆਂ ਨਾਲ ਖਚਾਖਚ ਭਰੇ ਰਹੇ। ਸਥਿਤੀ ਇਹ ਸੀ ਕਿ ਯਾਤਰੀਆਂ ਨੂੰ ਆਪਣੀਆਂ ਗੱਡੀਆਂ ਦਾ ਇੰਤਜ਼ਾਰ ਕਰਨ ਲਈ ਪਲੇਟਫਾਰਮਾਂ ’ਤੇ ਬੈਠਣਾ ਪਿਆ। ਧਰਨੇ ਕਾਰਨ ਕਈ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜੇਕਰ ਇਹ ਧਰਨਾ ਖ਼ਤਮ ਨਾ ਹੋਇਆ ਤਾਂ ਅਗਲੇ ਦੋ ਦਿਨਾਂ ਵਿਚ ਰੇਲਵੇ ਦੇ ਮਾਲੀਏ ਵਿਚ ਭਾਰੀ ਨੁਕਸਾਨ ਹੋਵੇਗਾ, ਜਦਕਿ ਇਸ ਦਾ ਖਮਿਆਜ਼ਾ ਰੇਲਵੇ ਯਾਤਰੀਆਂ ਨੂੰ ਭੁਗਤਣਾ ਪਵੇਗਾ ਅਤੇ ਵੀਰਵਾਰ ਨੂੰ, ਲਗਭਗ ਸਾਰੀਆਂ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News