ਹਲਵਾਰਾ ਏਅਰਪੋਰਟ 'ਤੇ ਹੈਰਾਨ ਕਰਨ ਵਾਲੀ ਘਟਨਾ, ਪੁਲਸ ਅਧਿਕਾਰੀਆਂ ਨੂੰ ਪੈ ਗਈਆਂ ਭਾਜੜਾਂ

Wednesday, Nov 05, 2025 - 06:12 PM (IST)

ਹਲਵਾਰਾ ਏਅਰਪੋਰਟ 'ਤੇ ਹੈਰਾਨ ਕਰਨ ਵਾਲੀ ਘਟਨਾ, ਪੁਲਸ ਅਧਿਕਾਰੀਆਂ ਨੂੰ ਪੈ ਗਈਆਂ ਭਾਜੜਾਂ

ਹਲਵਾਰਾ (ਲਾਡੀ) : ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦੀ ਸੁਰੱਖਿਆ 'ਚ ਤਾਇਨਾਤ ਪੰਜਾਬ ਪੁਲਸ ਦੇ ਮੁਲਾਜ਼ਮ ਬਲਜੀਤ ਸਿੰਘ ਬੰਬ (36 ਸਾਲਾ) ਨੇ ਬੁੱਧਵਾਰ ਸਵੇਰੇ ਡਿਊਟੀ ਦੌਰਾਨ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਨੇ ਆਪਣੀ ਜੇਬ ਵਿਚ ਛੱਡੇ ਸੁਸਾਈਡ ਨੋਟ ਵਿਚ ਆਪਣੀ ਪਤਨੀ ਦਲਜੀਤ ਕੌਰ ਅਤੇ ਸੱਸ ਲਖਵਿੰਦਰ ਕੌਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ : ਪੰਜਾਬ ਤੋਂ ਰਾਜ ਸਭਾ ਮੈਂਬਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ

ਸੁਸਾਈਡ ਨੋਟ ਨੇ ਖੋਲ੍ਹੀ ਪਰਿਵਾਰਕ ਤਣਾਅ ਦੀ ਗੰਭੀਰ ਕਹਾਣੀ

ਥਾਣਾ ਸੁਧਾਰ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਜੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਪਤਨੀ ਸਵਰਗਵਾਸੀ ਚੈਨ ਸਿੰਘ ਦੇ ਬਿਆਨਾਂ ਅਤੇ ਮ੍ਰਿਤਕ ਦੀ ਜੇਬ ‘ਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਆਤਮਹਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੁਸਾਈਡ ਨੋਟ ਮੁਤਾਬਕ, ਬਲਜੀਤ ਸਿੰਘ ਨੇ ਲਿਖਿਆ ਕਿ ਉਸਦੀ ਪਤਨੀ ਚਾਰ ਸਾਲ ਪਹਿਲਾਂ ਪੁੱਤਰ ਅਰਪਣਜੋਤ ਸਿੰਘ ਨੂੰ ਲੈ ਕੇ ਆਪਣੇ ਪੇਕੇ ਪਿੰਡ ਆਲਮਪੁਰਾ (ਜ਼ਿਲ੍ਹਾ ਹਰਿਦੁਆਰ, ਉੱਤਰਾਖੰਡ) ਚਲੀ ਗਈ ਸੀ। ਇਸ ਤੋਂ ਬਾਅਦ ਉਸਨੂੰ ਨਾ ਤਾਂ ਪੁੱਤਰ ਨੂੰ ਮਿਲਣ ਦਿੱਤਾ ਗਿਆ ਅਤੇ ਨਾ ਹੀ ਉਸ ਨਾਲ ਗੱਲ ਕਰਨ ਦੀ ਇਜਾਜ਼ਤ ਮਿਲੀ। ਇਸੇ ਮਾਨਸਿਕ ਦਬਾਅ ਕਾਰਨ ਉਹ ਮਾਨਸਿਕ ਤੌਰ ‘ਤੇ ਬਹੁਤ ਪਰੇਸ਼ਾਨ ਹੋ ਗਿਆ ਅਤੇ ਹੌਲੀ-ਹੌਲੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਿਆ। ਬਲਜੀਤ ਨੇ ਲਿਖਿਆ ਕਿ ਅੱਜ ਮੈਂ ਨਸ਼ੇ ਦੀ ਓਵਰਡੋਜ਼ ‘ਚ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਮੇਰੀ ਮੌਤ ਲਈ ਮੇਰੀ ਪਤਨੀ ਦਲਜੀਤ ਕੌਰ ਅਤੇ ਸੱਸ ਲਖਵਿੰਦਰ ਕੌਰ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ : ਪੰਜਾਬ ਦੀਆਂ ਬੀਬੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਸ਼ੁਰੂ ਹੋਈ...

ਡਿਊਟੀ ਦੌਰਾਨ ਡਿੱਗ ਪਿਆ ਮੌਤ ਦੀ ਗੋਦ ਵਿਚ

ਜਾਣਕਾਰੀ ਅਨੁਸਾਰ ਬਲਜੀਤ ਸਿੰਘ ਬੁੱਧਵਾਰ ਸਵੇਰੇ ਹਵਾਈ ਅੱਡੇ ਦੇ ਮੁੱਖ ਗੇਟ ‘ਤੇ ਡਿਊਟੀ ਕਰ ਰਿਹਾ ਸੀ ਜਦ ਉਸਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਸਾਥੀ ਪੁਲਸ ਅਧਿਕਾਰੀਆਂ ਨੇ ਤੁਰੰਤ ਉਸਨੂੰ ਨਜ਼ਦੀਕੀ ਐਤੀਆਣਾ ਪਿੰਡ ਦੀ ਸਰਕਾਰੀ ਡਿਸਪੈਂਸਰੀ ਪਹੁੰਚਾਇਆ, ਜਿੱਥੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਸੁਧਾਰ ਦੇ ਚੋਪੜਾ ਨਰਸਿੰਗ ਹੋਮ ਭੇਜਿਆ ਗਿਆ। ਨਰਸਿੰਗ ਹੋਮ ਦੇ ਡਾਕਟਰ ਸੰਜੀਵ ਚੋਪੜਾ ਨੇ ਜਾਂਚ ਦੌਰਾਨ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ, ਤਰੱਕੀ ਨੂੰ ਲੈ ਕੇ ਆਖਿਰ ਆ ਗਿਆ ਵੱਡਾ ਫ਼ੈਸਲਾ

ਪੋਸਟਮਾਰਟਮ ਜਗਰਾਓਂ ਹਸਪਤਾਲ ‘ਚ, ਸਰਕਾਰੀ ਸਨਮਾਨ ਨਾਲ ਹੋਵੇਗਾ ਅੰਤਿਮ ਸੰਸਕਾਰ

ਥਾਣਾ ਪ੍ਰਬੰਧਕ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਜਗਰਾਓਂ ਸਿਵਲ ਹਸਪਤਾਲ ‘ਚ ਕਰਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਬਲਜੀਤ ਸਿੰਘ ਦੀ ਲਾਸ਼ ਉਸਦੇ ਪਿੰਡ ਬੰਡਾਲਾ ਨੌ ਬੰਬ (ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ) ਲਿਜਾਇਆ ਗਿਆ, ਜਿੱਥੇ ਉਸਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News