ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਹੋਈ ਮੌਤ

07/17/2018 11:11:36 PM

ਤਰਨਤਾਰਨ,(ਰਮਨ)— ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਲੌਹਾਰ ਦੇ ਇਕ 20 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਸਮੇਂ ਓਵਰਡੋਜ਼ ਕਾਰਨ ਮੰਗਲਵਾਰ ਸ਼ਾਮ ਨੂੰ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸਬੰਧੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਚ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਭਗਵੰਤ ਸਿੰਘ (20) ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਪਿਛਲੇ ਕਰੀਬ 4 ਸਾਲ ਤੋਂ ਨਸ਼ੇ ਦਾ ਆਦੀ ਸੀ, ਜੋ ਕਪੂਰਥਲਾ ਦੇ ਕਿਸੇ ਨਸ਼ਾ ਛੁਡਾਉ ਕੇਂਦਰ 'ਚ ਇਲਾਜ ਕਰਵਾ ਰਿਹਾ ਸੀ ਅਤੇ ਪੰਜ ਦਿਨ ਪਹਿਲਾਂ ਹੀ ਘਰ ਆਇਆ ਸੀ। ਉਨ੍ਹਾਂ ਦੱਸਿਆ ਕਿ ਭਗਵੰਤ ਸਿੰਘ ਮੰਗਲਵਾਰ ਨੂੰ ਨਵਾਂ ਮੋਟਰ ਸਾਈਕਲ ਲੈਣ ਲਈ ਕਹਿ ਰਿਹਾ ਸੀ, ਜਿਸ ਸਬੰਧੀ ਉਹ  ਗੋਇੰਦਵਾਲ ਸਾਹਿਬ ਵਿਖੇ ਮੋਟਰ ਸਾਈਕਲ ਦਾ ਪਤਾ ਕਰਨ ਗਿਆ ਅਤੇ ਉਥੇ ਨਿੰਮ ਵਾਲੀ ਘਾਟੀ, ਜਿਥੇ ਨਸ਼ੇ ਦੀ ਟੀਕੇ ਵਿੱਕਦੇ ਹਨ, ਉਥੋ ਟੀਕਾ ਲੈ ਆਇਆ। ਘਰ ਆਣ ਕੇ ਭਗਵੰਤ ਨੇ ਆਪਣੇ ਕਮਰੇ 'ਚ ਜਾ ਕੇ ਟੀਕਾ ਲਗਾਇਆ ਜਿਸ ਦੌਰਾਨ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਚੌਂਕੀ ਡੇਰਾ ਸਾਹਿਬ ਦੇ ਏ. ਐੱਸ. ਆਈ ਮਨਮੋਹਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਛੋਟੇ ਭਰਾ, ਮਾਤਾ ਅਮਰਜੀਤ ਕੌਰ ਤੋਂ ਇਲਾਵਾ ਪਿੰਡ ਲੌਹਾਰ ਦੇ ਜਥੇਦਾਰ ਪਿਆਰਾ ਸਿੰਘ, ਸੁਲੱਖਣ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਮੌਜੂਦਾ ਸਰਪੰਚ, ਅਮਰਜੀਤ ਸਿੰਘ, ਰਾਜਵਿੰਦਰ ਸਿੰਘ ਜੌਹਲ, ਪਰਮਜੀਤ ਸਿੰਘ, ਕਰਤਾਰ ਸਿੰਘ ਆਦਿ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਜ਼ਿਲੇ 'ਚ ਅਤੇ ਨੇੜਲੇ ਇਲਾਕਿਆਂ 'ਚ ਨਸ਼ੇ ਦੀ ਹੋ ਰਹੀ ਵਿਕਰੀ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਨੂੰ ਫੜ੍ਹਿਆ ਜਾਵੇ। ਉਨ੍ਹਾਂ ਦੱਸਿਆ ਕਿ ਇਲਾਕੇ 'ਚ ਅੱਜ ਤੱਕ ਕਰੀਬ 20 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ, ਜਿਸ ਦੌਰਾਨ ਕਈ ਘਰਾਂ ਦੇ ਚਿਰਾਗ ਬੁੱਝ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨਿਆਂ ਅੰਦਰ ਜ਼ਿਲੇ ਭਰ 'ਚ ਨਸ਼ੇ ਕਾਰਨ 20 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।
ਐੱਸ. ਐੱਸ. ਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਸਬੰਧੀ ਉਹ ਪਹਿਲਾਂ ਥਾਣਾ ਮੁਖੀ ਗੋਇੰਦਵਾਲ ਤੋਂ ਰਿਪੋਰਟ ਲੈ ਰਹੇ ਹਨ। ਉਹਨਾਂ ਕਿਹਾ ਕਿ ਗੋਇੰਦਵਾਲ ਦੀ ਨਿੰਮ ਵਾਲੀ ਘਾਟੀ ਵਿਖੇ ਜ਼ਲਦ ਛਾਪੇਮਾਰੀ ਕੀਤੀ ਜਾਵੇਗੀ ਅਤੇ ਹੋਰ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ। 


Related News