ਸ਼ੇਅਰਾਂ ''ਚ ਜ਼ਿਆਦਾ ਮੁਨਾਫ਼ੇ ਦਾ ਝਾਂਸਾ ਦੇ ਕੇ ਡਾਕਟਰ ਨਾਲ ਮਾਰੀ 35.50 ਲੱਖ ਦੀ ਠੱਗੀ, 2 ਵਿਅਕਤੀ ਨਾਮਜ਼ਦ
Monday, Dec 30, 2024 - 08:03 AM (IST)
ਤਰਨਤਾਰਨ (ਰਮਨ) : ਸਥਾਨਕ ਸ਼ਹਿਰ ਦੇ ਮਸ਼ਹੂਰ ਡਾਕਟਰ ਨਾਲ 35 ਲੱਖ ਰੁਪਏ ਤੋਂ ਵੱਧ ਰਕਮ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਵੱਲੋਂ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਥਾਨਕ ਸ਼ਹਿਰ ਦੇ ਅੰਮ੍ਰਿਤਸਰ ਰੋਡ ਵਿਖੇ ਮੌਜੂਦ ਨਾਮੀ ਹਸਪਤਾਲ ਦੇ ਪੇਟ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ ਜ਼ਿਲ੍ਹੇ ਦੇ ਐੱਸ. ਐੱਸ. ਪੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਨ੍ਹਾਂ ਨਾਲ 35 ਲੱਖ 49 ਹਜ਼ਾਰ 998 ਰੁਪਏ ਦੀ ਆਨਲਾਈਨ ਠੱਗੀ ਮਾਰੀ ਗਈ ਹੈ। ਇਸ ਸਬੰਧੀ ਇਸ ਮਾਮਲੇ ਦੀ ਪੜਤਾਲ ਸਾਈਬਰ ਕ੍ਰਾਈਮ ਥਾਣਾ ਤਰਨਤਾਰਨ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ : ਭਰੂਚ ਦੇ ਕੈਮੀਕਲ ਪਲਾਂਟ 'ਚ ਜ਼ਹਿਰੀਲੀ ਗੈਸ ਹੋਈ ਲੀਕ, ਦਮ ਘੁੱਟਣ ਕਾਰਨ 4 ਮੁਲਾਜ਼ਮਾਂ ਨੇ ਤੋੜਿਆ ਦਮ
ਮਾਮਲੇ ਦੀ ਸਾਰੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਬੰਧਤ ਡਾਕਟਰ ਨੂੰ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਉਂਦੇ ਹੋਏ ਆਪਣੇ ਜਾਲ ਵਿਚ ਫਸਾ ਲਿਆ ਗਿਆ, ਜਿਸ ਤੋਂ ਬਾਅਦ ਮਾਰਕੀਟਿੰਗ ਟਰੇਡਿੰਗ ਅਤੇ ਬਲਾਕ ਟਰੇਡਿੰਗ ਵਿਚ ਡਿਸਕਾਉਂਟ ਪ੍ਰਾਈਜ ਉਪਰ ਸ਼ੇਅਰ ਖਰੀਦਣ ਦਾ ਆਫਰ ਦਿੰਦੇ ਹੋਏ ਉਨ੍ਹਾਂ ਨੂੰ 5 ਤੋਂ 20 ਗੁਣਾ ਤੋਂ ਵੀ ਜ਼ਿਆਦਾ ਮੁਨਾਫਾ ਦੇਣ ਦਾ ਝਾਂਸਾ ਦਿੱਤਾ ਗਿਆ, ਜਿਸ ਤੋਂ ਬਾਅਦ ਬੀਤੀ 24 ਅਤੇ 25 ਜੂਨ ਮਹੀਨੇ ਵਿਚ ਸਬੰਧਤ ਡਾਕਟਰ ਦੇ ਵੱਖ-ਵੱਖ ਖਾਤਿਆਂ ਵਿਚੋਂ ਕੁੱਲ 35 ਲੱਖ 49 ਹਜ਼ਾਰ 998 ਰੁਪਏ ਆਨਲਾਈਨ ਠੱਗੀ ਰਾਹੀਂ ਟ੍ਰਾਂਸਫਰ ਕਰ ਲਏ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਾਈਬਰ ਕ੍ਰਾਈਮ ਦੇ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਮੇਹੁਲ ਪ੍ਰਜਾਪਤੀ ਪੁੱਤਰ ਗਨਪਤ ਪ੍ਰਜਾਪਤੀ ਵਾਸੀ ਰਾਏਪੁਰ ਛੱਤੀਸਗੜ੍ਹ ਅਤੇ ਅਰਥਾਸਾਰਥੀ ਵਾਸੀ ਉਰਾਕਰਾਲ ਤਾਮਿਲਨਾਡੂ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8