ਬਿਜ਼ਨੈੱਸ ਦਾ ਝਾਂਸਾ ਦੇ ਸਾਬਕਾ ਫੌਜੀ ਨਾਲ ਮਾਰੀ 15 ਲੱਖ 67 ਹਜ਼ਾਰ ਰੁਪਏ ਦੀ ਠੱਗੀ

Friday, Dec 05, 2025 - 02:37 PM (IST)

ਬਿਜ਼ਨੈੱਸ ਦਾ ਝਾਂਸਾ ਦੇ ਸਾਬਕਾ ਫੌਜੀ ਨਾਲ ਮਾਰੀ 15 ਲੱਖ 67 ਹਜ਼ਾਰ ਰੁਪਏ ਦੀ ਠੱਗੀ

ਤਰਨਤਾਰਨ (ਰਮਨ)-ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਵੱਲੋਂ ਰੋਜ਼ਾਨਾ ਨਵੇਂ ਤੋਂ ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ ਅਤੇ ਇਸ ਦੌਰਾਨ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਉਨ੍ਹਾਂ ਦੀ ਜੀਵਨ ਭਰ ਦੀ ਪੂੰਜੀ ਤੱਕ ਆਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਈ ਜਾ ਰਹੀ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪੱਟੀ ਇਲਾਕੇ ਦੇ ਇਕ ਸਾਬਕਾ ਫੌਜੀ ਨੂੰ ਬਿਜ਼ਨੈੱਸ ਕਰਨ ਦਾ ਆਨਲਾਈਨ ਝਾਂਸਾ ਦਿੰਦੇ ਹੋਏ ਉਸ ਨਾਲ 15 ਲੱਖ 67 ਹਜ਼ਾਰ 427 ਰੁਪਏ ਦੀ ਠੱਗੀ ਮਾਰ ਲਈ ਗਈ। ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਤਰਨਤਾਰਨ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਕਹਿਰ ਓ ਰੱਬਾ: ਸ਼ੱਕੀ ਹਾਲਾਤ 'ਚ ਮਾਪਿਆਂ ਦੀ ਸੋਹਣੀ-ਸੁਨੱਖੀ ਧੀ ਦੀ ਮੌਤ ! ਪੇਕੇ ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ

ਜਾਣਕਾਰੀ ਦਿੰਦੇ ਹੋਏ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਫੌਜ ਤੋਂ ਸੇਵਾ ਮੁਕਤ ਹੋ ਕੇ ਆਇਆ ਹੈ ਅਤੇ ਉਸ ਨੂੰ ਬੀਤੇ ਜੂਨ ਮਹੀਨੇ ਵਿਚ ਕਾਲ ਆਉਣੀ ਸ਼ੁਰੂ ਹੋ ਗਈ ਸੀ, ਜਿਸ ਵਿਚ ਸਬੰਧਤ ਵਿਅਕਤੀ ਵੱਲੋਂ ਉਸ ਨੂੰ ਪਹਿਲਾਂ ਆਪਣੇ ਭਰੋਸੇ ਵਿਚ ਲੈਂਦੇ ਹੋਏ ਆਨਲਾਈਨ ਬਿਜ਼ਨੈੱਸ ਕਰਨ ਦਾ ਝਾਂਸਾ ਦਿੰਦੇ ਹੋਏ ਫਸਾ ਲਿਆ ਗਿਆ। ਸਬੰਧਤ ਵਿਅਕਤੀ ਵੱਲੋਂ ਕੁਝ ਦਿਨ ਫੋਨ ਕਰਦੇ ਹੋਏ ਗੁਰਬਚਨ ਸਿੰਘ ਨਾਲ ਬਿਜ਼ਨੈੱਸ ਸ਼ੁਰੂ ਕਰ ਲਿਆ ਗਿਆ ਅਤੇ ਉਸ ਵਿਚ ਬਣਦੀ ਕਮਿਸ਼ਨ ਦੇ ਤੌਰ ਉਪਰ ਦੋ ਵਾਰ ਛੇ-ਛੇ ਹਜ਼ਾਰ ਰੁਪਏ ਦੀ ਰਕਮ ਉਸ ਦੇ ਖਾਤੇ ਵਿਚ ਪਾ ਦਿੱਤੀ ਗਈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ, ਸਾਹਮਣੇ ਆਇਆ ਹੈਰਾਨੀਜਨਕ ਕਾਰਣ

ਗੁਰਬਚਨ ਸਿੰਘ ਨੂੰ ਜਦੋਂ ਇਹ ਰੁਪਏ ਮਿਲਣੇ ਸ਼ੁਰੂ ਹੋਏ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਸਬੰਧਤ ਵਿਅਕਤੀ ਉਸ ਨਾਲ ਦੂਰ ਬੈਠੇ ਹੋਏ ਆਨਲਾਈਨ ਬਿਜ਼ਨੈੱਸ ਕਰਨਾ ਚਾਹੁੰਦਾ ਹੈ। ਇਸ ਭਰੋਸੇ ਤੋਂ ਬਾਅਦ ਸਬੰਧਤ ਵਿਅਕਤੀ ਨੇ ਸਾਬਕਾ ਫੌਜੀ ਨੂੰ ਆਪਣੇ ਸ਼ਿਕੰਜੇ ਵਿਚ ਫਸਾਉਣਾ ਸ਼ੁਰੂ ਕਰ ਲਿਆ ਅਤੇ ਰੋਜ਼ਾਨਾ ਉਸ ਪਾਸੋਂ ਬਿਜ਼ਨੈੱਸ ਵੱਡੇ ਪੱਧਰ ਉਪਰ ਕਰਨ ਦਾ ਲਾਲਚ ਦਿੰਦੇ ਹੋਏ ਹੌਲੀ-ਹੌਲੀ ਰੁਪਏ ਆਪਣੇ ਖਾਤੇ ਵਿਚ ਟਰਾਂਸਫਰ ਕਰਵਾਉਣੇ ਸ਼ੁਰੂ ਕਰ ਲਏ ਗਏ। ਕੁਝ ਦਿਨਾਂ ਵਿਚ ਜਦੋਂ ਸਾਬਕਾ ਫੌਜੀ ਗੁਰਬਚਨ ਸਿੰਘ ਦੀ 15 ਲੱਖ ਤੋਂ ਵੱਧ ਰੁਪਏ ਸਬੰਧਤ ਠੱਗ ਨੇ ਆਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਏ ਤਾਂ ਉਸ ਵੱਲੋਂ ਇਹ ਰੁਪਏ ਵਾਪਸ ਕਰਨ ਤੋਂ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸਬੰਧਤ ਠੱਗ ਨੇ 15 ਲੱਖ ਰੁਪਏ ਦੀ ਰਕਮ ਨੂੰ ਵਾਪਸ ਇਸ ਸ਼ਰਤ ਨਾਲ ਕਰਨ ਦੀ ਗੱਲ ਆਖੀ ਕਿ ਉਹ ਉਸਦੇ ਖਾਤੇ ਵਿਚ 50 ਫੀਸਦੀ ਰਕਮ ਹੋਰ ਟਰਾਂਸਫਰ ਕਰੇ ਪ੍ਰੰਤੂ ਸਾਬਕਾ ਫੌਜੀ ਨੂੰ ਉਸ ਵੇਲੇ ਸਮਝ ਆ ਚੁੱਕੀ ਸੀ ਕਿ ਮੇਰੇ ਨਾਲ ਵੱਡੀ ਠੱਗੀ ਵੱਜ ਚੁੱਕੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 8 ਦਸੰਬਰ ਤੱਕ ਦੀ ਜਾਣੋ Weather Update

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਾਬਕਾ ਫੌਜੀ ਗੁਰਬਚਨ ਸਿੰਘ ਦੇ ਬਿਆਨਾਂ ਹੇਠ ਸਾਈਬਰ ਕ੍ਰਾਈਮ ਥਾਣਾ ਤਰਨਤਾਰਨ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਤਰਨਤਾਰਨ: ਦੁਕਾਨਦਾਰ ਦੇ ਕਤਲ ਮਗਰੋਂ ਇਕ ਹੋਰ ਕਰਿਆਨਾ ਸਟੋਰ 'ਤੇ ਵਾਰਦਾਤ, ਦਹਿਸ਼ਤ 'ਚ ਇਲਾਕਾ ਵਾਸੀ


author

Shivani Bassan

Content Editor

Related News