ਸਰਹੱਦੀ ਸੂਬੇ ਪੰਜਾਬ ਦੀ ਗੜਬੜੀ ਦੇਸ਼ ਲਈ ਨੁਕਸਾਨਦੇਹ : ਪ੍ਰੋ. ਸਰਚਾਂਦ

Monday, Dec 12, 2022 - 11:46 AM (IST)

ਅੰਮ੍ਰਿਤਸਰ ( ਜ.ਬ)- ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪਾਕਿਸਤਾਨ ਤੋਂ ਸੰਚਾਲਿਤ ਅੱਤਵਾਦ ਅਤੇ ਪੰਜਾਬ ਦੇ ਗੈਂਗਸਟਰਾਂ ਦੇ ਗਠਜੋੜ ਕਾਰਨ ਪੈਦਾ ਹੋਏ ‘ਹਾਈਬ੍ਰਿਡ ਅੱਤਵਾਦ’ ਨਾਲ ਨਜਿੱਠਣਾ ਪੰਜਾਬ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਲਈ ਨਵੀਂ ਚੁਨੌਤੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਸੀ ਪਾਰਟੀਆਂ ਨੂੰ ਇਕ ਦੂਜੇ ’ਤੇ ਦੋਸ਼ ਮੜ੍ਹਨ ਦੀ ਬਜਾਏ ਦੇਸ਼ ਤੇ ਸਮਾਜ ਵਿਰੋਧੀ ਤਾਕਤਾਂ ਨੂੰ ਮਾਤ ਦੇਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕਜੁੱਟਤਾ ਅਤੇ ਗੰਭੀਰਤਾ ਦਿਖਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ- ਸਿੰਧੀ ਸਭਿਆਚਾਰਕ ਦਿਵਸ ਮੌਕੇ ਸਿੰਧ ’ਚ ਲੋਕਾਂ ਨੇ ਪਾਕਿਸਤਾਨ ਤੋਂ ਮੁਕਤੀ ਦਿਵਾਉਣ ਸਬੰਧੀ ਕੀਤੀ ਨਾਅਰੇਬਾਜ਼ੀ

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਸਰਹਾਲੀ ਥਾਣੇ ’ਤੇ ਅਤੇ ਇਸ ਤੋਂ ਪਹਿਲਾਂ ਮਈ ਦੇ ਮਹੀਨੇ ਦੌਰਾਨ ਮੋਹਾਲੀ ਵਿਖੇ ਪੁਲਸ ਖ਼ੁਫ਼ੀਆ ਵਿਭਾਗ ਦੇ ਹੈੱਡ ਕੁਆਰਟਰ ’ਤੇ ਆਰ. ਪੀ. ਜੀ. ਹਮਲੇ ਤੋਂ ਇਲਾਵਾ ਰੋਪੜ ਦੀਆਂ ਪੁਲਸ ਚੌਕੀਆਂ ’ਤੇ ਕੀਤੇ ਗਏ ਗ੍ਰਨੇਡ ਹਮਲਿਆਂ ਅਤੇ ਅਨੇਕਾਂ ਟਾਰਗੈੱਟ ਕਿਲਿੰਗ ਆਦਿ ਪੰਜਾਬ ਵਿਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨਾਲ ਕਰਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਦੀਆਂ ਚੁਨੌਤੀਆਂ ਪ੍ਰਤੀ ਕੋਈ ਸਮਝੌਤਾ ਨਹੀਂ ਕੀਤਾ ਜਾਣ ਚਾਹੀਦਾ । ਇਨ੍ਹਾਂ ਮਾਮਲਿਆਂ ਨਾਲ ਨਜਿੱਠਣ ਲਈ ਲੋੜ ਪੈਣ ’ਤੇ ਕੇਂਦਰ ਸਰਕਾਰ ਤਕ ਵੀ ਪਹੁੰਚ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਗਰੀਬ ਕਿਸਾਨ ਦੇ ਪੁੱਤ ਨੇ ਚਮਕਾਇਆ ਪੰਜਾਬ ਦਾ ਨਾਂ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਇਹ ਮੁਕਾਮ

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਜਾਬ ’ਚ ਹੱਤਿਆਵਾਂ ਅਤੇ ਘਟਨਾਵਾਂ ਵਿਚ ਆਈ ਤੇਜ਼ੀ ਨਾਲ ਕਾਲੇ ਦਿਨਾਂ ਦੀ ਆਹਟ ਫਿਰ ਤੋਂ ਸੁਣਾਈ ਦੇਣ ਲੱਗੀ ਹੈ। ਰਾਜ ਸਰਕਾਰ ਅਮਨ ਕਾਨੂੰਨ ਬਣਾਈ ਰੱਖਣ ’ਚ ਬੁਰੀ ਤਰਾਂ ਫੇਲ ਹੋ ਰਹੀ ਹੈ। ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਬੇਕਾਬੂ ਅਪਰਾਧਿਕ ਅਨਸਰਾਂ ਨਾਲ ਨਜਿੱਠਣ ਲਈ ਪੁਲਸ ਫੋਰਸ ਦਾ ਮਨੋਬਲ ਬਣਾਈ ਰੱਖਣ ਲਈ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਦੇ ਉੱਚ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਲੋਕ ਮਨਾਂ ਵਿਚ ਡਰ ਪੈਦਾ ਕਰ ਰਹੀ ਹੈ। ਕੁਝ ਮਹੀਨੇ ਪਹਿਲਾਂ ਤਕ ਨਸ਼ਿਆਂ ਦੀ ਸਪਲਾਈ, ਲੁੱਟਾਂ ਖੋਹਾਂ ਅਤੇ ਫਿਰੌਤੀਆਂ ਦੀ ਮੰਗ ਨੂੰ ਲੈ ਕੇ ਪੰਜਾਬ ਨੂੰ ਗੈਂਗਲੈਂਡ ਸਮਝਿਆ ਜਾ ਰਿਹਾ ਸੀ। ਪਰ ਇਹ ਹੋਰ ਵੀ ਖ਼ਤਰਨਾਕ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਪਾਕਿਸਤਾਨ ਦੀ ਬਦਨਾਮ ਏਜੰਸੀ ਆਈ. ਐੱਸ. ਆਈ. ਭਾਰਤ ਵਿਚ ਹਿੰਸਾ ਫੈਲਾਉਣ ਦੇ ਨਾਪਾਕ ਮਕਸਦ ਲਈ ਉੱਥੇ ਬੈਠੇ ਆਤੰਕੀ ਤੱਤਾਂ ਦੀ ਵਰਤੋਂ ਕਰ ਰਹੀ ਹੈ। ਸਰਹੱਦ ਪਾਰ ਤੋਂ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਪੰਜਾਬ ਵਿਚ ਅਨੇਕਾਂ ਥਾਵਾਂ ’ਤੇ ਲਗਾਤਾਰ ਹਥਿਆਰ - ਗੋਲਾ ਬਾਰੂਦ ਅਤੇ ਨਸ਼ੀਲੇ ਪਦਾਰਥਾਂ ਦਾ ਸੁੱਟਿਆ ਜਾਣਾ ਪਾਕਿਸਤਾਨ ਦੀ ਭਾਰਤ ਵਿਰੋਧ ਅੱਤਵਾਦ ਦੀ ਲੁਕਵੀਂ ਜੰਗ ਦਾ ਹਿੱਸਾ ਹੈ। ਗੈਂਗਸਟਰ ਦੇ ਹੱਥਾਂ ਵਿਚ ਆਧੁਨਿਕ ਹਥਿਆਰਾਂ ਦਾ ਪਹੁੰਚਣਾ ਦੇਸ਼ ਦੀ ਸੁਰੱਖਿਆ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News