ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਮੁਹੱਲਾ ਵਾਸੀਆਂ ਕੀਤੀ ਨਾਅਰੇਬਾਜ਼ੀ

06/26/2019 4:58:53 AM

ਬਟਾਲਾ, (ਬੇਰੀ, ਅਸ਼ਵਨੀ)- ਸਥਾਨਕ ਮੁਹੱਲਾ ਧਰਮਪੁਰ ਨੇਡ਼ੇ ਕਾਦੀਆਂ ਵਾਲੀ ਚੂੰਗੀ ਦੀ ਸੀਵਰੇਜ ਪ੍ਰਣਾਲੀ ਠੱਪ ਹੋਣ ਨਾਲ ਜਿਥੇ ਲੋਕਾਂ ਨੂੰ ਆਉਣ-ਜਾਣ ਵਾਸਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲ ਹੀ ਕੁੱਝ ਦੁਕਾਨਦਾਰਾਂ ਦਾ ਰੋਜ਼ੀ-ਰੋਟੀ ਦਾ ਕੰਮ ਠੱਪ ਹੋ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਆਗੂ ਰੌਬੀ ਵਾਲੀਆ ਦੀ ਹਾਜ਼ਰੀ ’ਚ ਕੇਤਨ ਅਨੰਦ, ਸੁਖਵਿੰਦਰ ਸਿੰਘ, ਅਰਜਨ ਸਿੰਘ, ਬੀਬੀ ਬਲਵੰਤ ਕੌਰ, ਬੀਬੀ ਅਮਰਜੀਤ ਕੌਰ, ਜਸਵੰਤ ਸਿੰਘ, ਕਰਨੈਲ ਸਿੰਘ, ਮੁਸ਼ਤਾਕ ਖ਼ਾਨ, ਕੋਮਲ ਰਾਣੀ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਮੁਹੱਲੇ ਦੀਆਂ ਗਲੀਆਂ-ਨਾਲੀਆਂ ’ਚ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਸੀਵਰੇਜ ਵਿਭਾਗ ਦੇ ਉੱਚ-ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਚੁੱਕੇ ਹਨ ਪਰ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਮੁਹੱਲੇ ਦੀ ਕੋਈ ਸਾਰ ਨਹੀਂ ਲਈ ਗਈ। ਇਸ ਕਾਰਨ ਜਿਥੇ ਉਹ ਡਾਹਢੇ ਪਰੇਸ਼ਾਨ ਹਨ, ਉਥੇ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਰਾਹਗੀਰਾਂ ਨੂੰ ਗਲ਼ੀ ’ਚ ਖਡ਼ੇ ਗੰਦੇ ਪਾਣੀ ’ਚ ਲੰਘਣਾ ਪੈ ਰਿਹਾ ਹੈ, ਜਿਸ ਕਰਕੇ ਇਲਾਕੇ ’ਚ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ। ਉਨ੍ਹਾਂ ਦੱਸਿਆ ਕਿ ਇਥੇ ਹੀ ਬਸ ਨਹੀਂ, ਉਨ੍ਹਾਂ ਦੇ ਘਰਾਂ ’ਚ ਬਣੇ ਪਖ਼ਾਨਿਆਂ ’ਚ ਵੀ ਇਹ ਪਾਣੀ ਆ ਰਿਹਾ ਹੈ, ਜਿਸ ਨਾਲ ਉਹ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਸਥਾਨਕ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਜਲਦ ਉਨ੍ਹਾਂ ਦੇ ਮੁਹੱਲੇ ਦੀ ਸੀਵਰੇਜ ਪ੍ਰਣਾਲੀ ’ਚ ਸੁਧਾਰ ਕਰਕੇ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਈ ਜਾਵੇ।


Bharat Thapa

Content Editor

Related News