ਰਾਵੀ ਦਰਿਆ ’ਚ ਬਣੀ ਹੜ੍ਹ ਦੀ ਸਥਿਤੀ: DC ਨੇ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਤੋਂ ਦੂਰ ਜਾਣ ਦਿੱਤੀ ਹਦਾਇਤ
Monday, Jul 10, 2023 - 04:28 PM (IST)

ਬਹਿਰਾਮਪੁਰ/ਗੁਰਦਾਸਪੁਰ (ਗੋਰਾਇਆ, ਵਿਨੋਦ)- ਬੀਤੇ ਦਿਨਾਂ ਤੋਂ ਪਹਾੜਾਂ ਅਤੇ ਮੈਦਾਨੀ ਖੇਤਰਾਂ ’ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਜ਼ਿਲ੍ਹਾ ਗੁਰਦਾਸਪੁਰ ਵਿਚ ਦਰਿਆਵਾਂ ਵਿਚ ਜਲ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਵੀ ਦਰਿਆ ਦੇ ਕਿਨਾਰੇ ਵੱਸੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਚੱਲੇ ਜਾਣ ਦਾ ਅਲਰਟ ਜਾਰੀ ਕੀਤਾ ਹੈ। ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਹੋ ਰਹੀ ਬਾਰਿਸ਼ ਦੇ ਕਾਰਨ ਉੱਜ ਦਰਿਆ ਤੋਂ ਰਾਵੀ ਦਰਿਆਂ ’ਚ 2 ਲੱਖ ਕਿਊਸਿਕ ਪਾਣੀ ਛੱਡਣ ਦੇ ਕਾਰਨ ਰਾਵੀ ਦਰਿਆ ਵਿਚ ਮਕੌੜਾ ਪੱਤਣ ’ਤੇ ਪਾਣੀ ਦਾ ਨਿਕਾਸ ਲਗਭਗ 3 ਲੱਖ ਕਿਊਸਿਕ ਹੋ ਗਿਆ ਹੈ, ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਪਾਣੀ ਅਤੇ ਸਥਾਨਕ ਨਾਲਿਆਂ ਤੋਂ ਪਾਣੀ ਮਿਲਣ ਦੇ ਕਾਰਨ ਜੈਨਪੁਰ ਦੇ ਕੋਲ ਸਥਿਤੀ ਖ਼ਰਾਬ ਹੋ ਸਕਦੀ ਹੈ, ਕਿਉਂਕਿ ਉਝ ਦਰਿਆ ਦੇ ਨਾਲ-ਨਾਲ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਦਰਿਆ ਜਲਾਲੀਆਂ, ਤਰਨਾਹ ਆਦਿ ਦਾ ਪਾਣੀ ਵੀ ਇੱਥੇ ਆ ਕੇ ਰਾਵੀ ਦਰਿਆ ’ਚ ਮਿਲਦਾ ਹੈ।
ਇਹ ਵੀ ਪੜ੍ਹੋ- ਖੁਸ਼ੀਆਂ ਦੀ ਮਿੰਨੀ ਹੌਜ਼ਰੀ: ਅਕਾਲਗੜ੍ਹ 'ਚ 150 ਔਰਤਾਂ ਨੂੰ ਬਣਾਇਆ ਆਤਮ ਨਿਰਭਰ
ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਦੱਸਿਆ ਕਿ ਉੱਜ ਦਰਿਆ ਤੋਂ ਨਿਕਾਸ ਹੋਇਆ 2 ਲੱਖ ਕਿਊਸਿਕ ਪਾਣੀ ਸਵੇਰੇ ਲਗਭਗ 10 ਵਜੇ ਮਕੌੜਾ ਪੱਤਣ ਅਤੇ ਦੁਪਹਿਰ 12 ਵਜੇ ਧਰਮਕੋਟ ਪੱਤਣ ’ਤੇ ਪਹੁੰਚਿਆ। ਜਾਣਕਾਰੀ ਅਨੁਸਾਰ ਰਾਵੀ ਦਰਿਆ ਦੇ ਪਾਰ ਕੁਝ ਪਿੰਡਾਂ ’ਚ ਵੀ ਦਰਿਆ ਦਾ ਪਾਣੀ ਆ ਗਿਆ। ਦਰਿਆ ਵਿਚ ਜਲ ਪੱਧਰ ਵਧਣ ਨਾਲ ਦਰਿਆ ਦੇ ਪਾਰ ਪਿੰਡ ਝੂਮਰ ਵਿਚ ਵੀ ਘਰਾਂ ਵਿਚ ਦਰਿਆ ਦਾ ਪਾਣੀ ਦਾਖ਼ਲ ਹੋ ਗਿਆ। ਜਦ ਕਿ ਗਾਹਲੜੀ ਦੇ ਅੱਗੇ ਵੱਗਦੇ ਨਾਲੇ ਵਿਚ ਪਾਣੀ ਬਹੁਤ ਜ਼ਿਆਦਾ ਆਉਣ ਦੇ ਕਾਰਨ ਪਾਣੀ ਗਾਹਲੜੀ ਬੱਸ ਅੱਡੇ ਤੱਕ ਆ ਗਿਆ ਅਤੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਦਰਿਆ ਵਿਚ ਜਲ ਪੱਧਰ ਵਧਣ ਦੇ ਕਾਰਨ ਗੁੱਜਰ ਫਿਰਕੇ ਦੇ ਲੋਕਾਂ ਨੂੰ ਪੁਲਸ ਪ੍ਰਸ਼ਾਸਨ ਨੇ ਤੁਰੰਤ ਦਰਿਆ ਅਤੇ ਧੁੱਸੀ ਬੰਨ੍ਹ ਦੀਆਂ ਜ਼ਮੀਨਾਂ ਤੋਂ ਬਾਹਰ ਆਉਣ ਨੂੰ ਕਿਹਾ। ਇਹ ਗੁੱਜਰ ਫਿਰਕੇ ਦੇ ਲੋਕ ਆਪਣੇ ਪਸ਼ੂ ਅਤੇ ਜ਼ਰੂਰੀ ਸਾਮਾਨ ਲੈ ਕੇ ਧੁੱਸੀ ਬੰਨ੍ਹ ’ਤੇ ਆ ਗਏ।
ਇਹ ਵੀ ਪੜ੍ਹੋ- 3 ਦਿਨਾਂ ਤੋਂ ਲਾਪਤਾ 14 ਸਾਲਾ ਬੱਚੇ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਹੜ੍ਹ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ ’ਤੇ ਸਹਾਇਕ ਕਮਿਸ਼ਨਰ ਸਚਿਨ ਪਾਠਕ ਨੇ ਜ਼ਿਲਾ ਅਧਿਕਾਰੀਆਂ ਦੇ ਨਾਲ ਮਕੌੜਾ ਪੱਤਣ ਸਮੇਤ ਗਾਹਲੜ੍ਹੀ ਆਦਿ ਇਲਾਕੇ ਦਾ ਦੌਰਾ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਹੜ੍ਹ ਕੰਟਰੋਲ ਰੂਪ ਵਿਚ ਸੂਚਿਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦਰਿਆ ਉੱਜ ਅਤੇ ਰਾਵੀ ਦੇ ਨਜ਼ਦੀਕ ਵੱਸੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਘੱਟ ਤੋਂ ਘੱਟ 200 ਮੀਟਰ ਦੂਰ ਰਹਿਣ ਅਤੇ ਆਪਣੇ ਪਸ਼ੂਆਂ ਆਦਿ ਨੂੰ ਵੀ ਸੁਰੱਖਿਅਤ ਸਥਾਨਾਂ ’ਤੇ ਲੈ ਕੇ ਜਾਣ। ਜਦਕਿ ਧੁੱਸੀ ਬੰਨ੍ਹ ’ਤੇ ਵੀ ਨਜ਼ਰ ਬਣਾ ਕੇ ਰੱਖੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8