ਗੁਰਦਾਸਪੁਰ: ਕਰੋੜਾਂ ਰੁਪਏ ਦੀ ਲਾਗਤ ਨਾਲ ਰੇਲਵੇ ਅੰਡਰ ਪਾਸ ਬ੍ਰਿਜ਼ ਤੇ ਨਵੇਂ ਬੱਸ ਸਟੈਂਡ ਦਾ ਕੰਮ ਪੂਰਾ ਹੋਣ ਦੇ ਨਜ਼ਦੀਕ
Saturday, Jun 10, 2023 - 06:39 PM (IST)

ਗੁਰਦਾਸਪੁਰ (ਵਿਨੋਦ)- ਲੰਮੇ ਸਮੇਂ ਦੇ ਬਾਅਦ ਗੁਰਦਾਸਪੁਰ ਵਿਚ ਬਣਨ ਵਾਲੇ ਨਵੇਂ ਬੱਸ ਸਟੈਂਡ ਤੇ ਤਿੱਬੜੀ ਰੋਡ ’ਤੇ ਬਣ ਕੇ ਤਿਆਰ ਖੜੇ ਰੇਲਵੇ ਅੰਡਰ ਪਾਸ ਬ੍ਰਿਜ਼ ਦੇ ਉਦਘਾਟਨ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਰਾਜਨੀਤਿਕ ਗਲਿਆਰਿਆਂ ’ਚ ਚਰਚਾਂ ਦਾ ਜ਼ੋਰ ਚੱਲ ਰਿਹਾ ਹੈ। ਉੱਝ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਉਦਘਾਟਨਾਂ ਨੂੰ ਲੈ ਕੇ ਕਈ ਵਿਵਾਦ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਦਾ ਹੋ ਚੁੱਕੇ ਹਨ, ਪਰ ਉਸੇ ਤਰਜ਼ ਤੇ ਇਕ ਵਾਰ ਫਿਰ ਗੁਰਦਾਸਪੁਰ ’ਚ ਵੀ ਇਨ੍ਹਾਂ ਦੋਵਾਂ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਉਦਘਾਟਨ ਦੇ ਲਈ ਰਾਜਨੀਤਿਕ ਵਿਵਾਦ ਖੜ੍ਹਾ ਹੋਣਾ ਸੁਭਾਵਿਕ ਹੈ।
ਇਹ ਵੀ ਪੜ੍ਹੋ- ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਅਜੀਬੋ-ਗਰੀਬ ਫ਼ਰਮਾਨ, ਹੁਣ ਦੇਣੇ ਪੈਣਗੇ ਇਹ ਸਰਟੀਫ਼ਿਕੇਟ
ਗੁਰਦਾਸਪੁਰ-ਮੁਕੇਰੀਆਂ ਸੜਕ ’ਤੇ ਬਹੁਤ ਸਾਲ ਪਹਿਲਾਂ ਬਿਆਸ ਦਰਿਆ ਤੇ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪੁੱਲ ਸਬੰਧੀ ਉਸ ਸਮੇਂ ਦੇ ਭਾਜਪਾ ਸੰਸਦ ਵਿਨੋਦ ਖੰਨਾ ਨੇ ਕੋਸ਼ਿਸ ਕਰਕੇ ਰਾਸ਼ੀ ਜਾਰੀ ਕਰਵਾ ਅਤੇ ਵਿਅਕਤੀਗਤ ਦਿਲਚਸਪੀ ਲੈ ਕੇ ਨਿਰਧਾਰਿਤ ਸਮੇਂ ’ਚ ਪੁੱਲ ਤਿਆਰ ਕਰਵਾ ਲਿਆ ਸੀ, ਪਰ ਉਦੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਣ ਦੇ ਕਾਰਨ ਇਸ ਪੁੱਲ ਦੇ ਉਦਘਾਟਨ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨਾਲ ਪੱਥਰ ਲਗਾ ਦਿੱਤਾ ਗਿਆ, ਪਰ ਨਿਰਧਾਰਿਤ ਮਿਤੀ ਤੋਂ ਇਕ ਦਿਨ ਪਹਿਲਾ ਵਿਨੋਦ ਖੰਨਾ ਦੇ ਭਾਜਪਾ ਵਰਕਰਾਂ ਨੇ ਉਦਘਾਟਨ ਸਬੰਧੀ ਪੱਥਰ ਤਿਆਰ ਕਰਕੇ ਵਿਨੋਦ ਖੰਨਾ ਤੋਂ ਪੁੱਲ ਦਾ ਉਦਘਾਟਨ ਕਰਵਾ ਦਿੱਤਾ। ਉਦੋਂ ਕਾਫ਼ੀ ਸ਼ੋਰ ਮਚਿਆ, ਲਾਠੀਚਾਰਜ ਹੋਇਆ, ਗੋਲੀ ਵੀ ਚੱਲੀ ਸੀ, ਉਸ ਦੇ ਦੂਜੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਦੁਬਾਰਾ ਪੁੱਲ ਦਾ ਵਿਧੀਪੂਰਵਕ ਉਦਘਾਟਨ ਕੀਤਾ।
ਇਹ ਵੀ ਪੜ੍ਹੋ- ਆਸਾਮ 'ਚ ਡਿਊਟੀ ਕਰ ਰਹੇ ਪੰਜਾਬ ਦੇ ਫ਼ੌਜੀ ਜਵਾਨ ਨਾਲ ਵਾਪਰਿਆ ਭਾਣਾ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜੇਕਰ ਅੱਜ ਵੇਖਿਆ ਜਾਵੇ ਤਾਂ ਅੱਜ ਫਿਰ ਗੁਰਦਾਸਪੁਰ ਵਿਚ ਉਹੀ ਸਥਿਤੀ ਬਣਦੀ ਦਿਖਾਈ ਦੇ ਰਹੀ ਹੈ। ਤਿੱਬੜੀ ਰੋਡ ’ਤੇ ਲਗਭਗ 21ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਅੰਡਰ ਪਾਸ ਬ੍ਰਿਜ਼ ਅਤੇ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਬੱਸ ਸਟੈਂਡ ਦੇ ਲਈ ਰਾਸ਼ੀ ਦਾ ਪ੍ਰਬੰਧ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕੀਤਾ ਸੀ ਅਤੇ ਜਿਸ ਬੱਸ ਸਟੈਂਡ ਦਾ ਨੀਂਹ ਪੱਥਰ 21 ਅਗਸਤ 2011 ਨੂੰ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ। ਉਸ ਦਾ ਕੰਮ ਵੀ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਅਤਕਤੀਗਤ ਦਿਲਚਸਪੀ ਲੈ ਕੇ ਤਿਆਰ ਕਰਵਾਇਆ ਹੈ। ਦੋਵੇਂ ਹੀ ਪ੍ਰੋਜੈਕਟ ਹੁਣ ਲਗਭਗ ਬਣ ਕੇ ਤਿਆਰ ਖੜੇ ਹਨ ਅਤੇ ਦੋਵਾਂ ਦਾ ਉਦਘਾਟਨ ਇਕ ਹੀ ਦਿਨ ਜੂਨ ਮਹੀਨੇ ਦੇ ਅੰਤ ਜਾਂ ਜੁਲਾਈ ਮਹੀਨੇ ਦੇ ਸ਼ੁਰੂ ਵਿਚ ਕਰਵਾਇਆ ਜਾਣਾ ਹੈ। ਰੇਲਵੇ ਅੰਡਰ ਪਾਸ ਬ੍ਰਿਜ਼ ਦਾ ਕੰਮ ਲੋਕ ਨਿਰਮਾਣ ਵਿਭਾਗ ਨੇ ਅਤੇ ਬੱਸ ਸਟੈਂਡ ਦਾ ਕੰਮ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੇ ਕਰਵਾਇਆ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਤੇ BSF ਨੇ ਪਾਕਿ ਸਮੱਗਲਰਾਂ ਦਾ ਤੋੜਿਆ ਲੱਕ, ਹਫ਼ਤੇ 'ਚ ਤੀਜੀ ਵਾਰ ਕਰੋੜਾਂ ਦੀ ਹੈਰੋਇਨ ਬਰਾਮਦ
ਪਰ ਹੁਣ ਸਥਿਤੀ ਇਹ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਨਾਂ ਦੋਵਾਂ ਪ੍ਰੋਜੈਕਟਾਂ ਨੂੰ ਬਣਾਉਣ ਦਾ ਦਾਅਵਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਕਰ ਰਹੇ ਹਨ। ਇਸ ਲਈ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਦੇ ਉਦਘਾਟਨ ਸਬੰਧੀ ਵਿਵਾਦ ਪੈਦਾ ਹੋਣਾ ਸੁਭਾਵਿਕ ਹੈ, ਕਿਉਂਕਿ ਜਦ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਨੇਤਾ ਇਨਾਂ ਦੋਵਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਦਾ ਹੈ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਸਮਾਗਮ ਵਿਚ ਸੱਦਾ ਕੀਤਾ ਜਾਂਦਾ ਹੈ ਜਾਂ ਨਹੀਂ, ਇਹ ਅਨਿਸ਼ਚਿਤ ਹੈ। ਉਨ੍ਹਾਂ ਨੂੰ ਉਦਘਾਟਨ ਸਮਾਗਮ ਵਿਚ ਪੂਰਾ ਸਨਮਾਨ ਮਿਲਦਾ ਹੈ ਜਾਂ ਨਹੀਂ ਇਹ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਨਿਰਭਰ ਕਰੇਗਾ, ਪਰ ਜਿਸ ਤਰ੍ਹਾਂ ਨਾਲ ਬਿਆਸ ਦਰਿਆ ਤੇ ਬਣੇ ਪੁੱਲ ਦੇ ਉਦਘਾਟਨ ਸਮਾਗਮ ਵਿਚ ਉਸ ਸਮੇਂ ਦੇ ਸੰਸਦ ਵਿਨੋਦ ਖੰਨਾ ਨੂੰ ਸੱਦਾ ਤੱਕ ਨਹੀਂ ਦਿੱਤਾ ਗਿਆ ਸੀ ਅਤੇ ਕਈ ਤਰ੍ਹਾਂ ਦੇ ਵਿਵਾਦ ਵੀ ਪੈਦਾ ਹੋਏ ਸੀ, ਉਸ ਤਰ੍ਹਾਂ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਨੂੰ ਲੈ ਕੇ ਰਾਜਨੀਤਿਕ ਚਰਚਾਂ ਜ਼ੋਰਾਂ ’ਤੇ ਹੈ।
ਇਹ ਵੀ ਪੜ੍ਹੋ- ਪਰਿਵਾਰਿਕ ਕਲੇਸ਼ ਨੇ ਲਈ ਮਾਸੂਮ ਧੀ ਦੀ ਜਾਨ, 2 ਸਾਲ ਪਹਿਲਾਂ ਇਲਾਜ ਦੁੱਖੋਂ ਜਹਾਨੋਂ ਤੁਰ ਗਿਆ ਸੀ ਪੁੱਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।