ਨਕਲੀ ਵੀਜ਼ਾ ਲਾ ਕੇ ਕੈਨੇਡਾ ਭੇਜਣ ਦੇ ਨਾਂ ’ਤੇ 27.08 ਲੱਖ ਦੀ ਠੱਗੀ ਕਰਨ ਵਾਲਾ ਖਰੜ ਤੋਂ ਗ੍ਰਿਫ਼ਤਾਰ, ਪਤਨੀ ਫਰਾਰ

09/12/2018 1:16:21 AM

ਸੁਜਾਨਪੁਰ,   (ਜੋਤੀ/ਬਖਸ਼ੀ)-  ਅੱਜ ਸੁਜਾਨਪੁਰ ਪੁਲਸ ਥਾਣਾ ਮੁਖੀ ਆਸਵੰਤ ਸਿੰਘ ਦੀ ਅਗਵਾਈ ’ਚ ਸੁਜਾਨਪੁਰ ਪੁਲਸ ਵੱਲੋਂ ਇਕ ਵਿਅਕਤੀ ਨੂੰ ਪਾਸਪੋਰਟ ’ਤੇ ਨਕਲੀ ਵੀਜ਼ਾ ਲਾ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦੀ ਪਤਨੀ ਮੌਕੇ ਤੋਂ ਫਰਾਰ ਹੋ ਗਈ। ਥਾਣਾ ਮੁਖੀ ਆਸਵੰਤ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਮੁਲਜ਼ਮ ਦੀ ਪਛਾਣ ਨਵਰੀਤ ਸਿੰਘ ਪੁੱਤਰ ਭਜਨ ਸਿੰਘ ਨਿਵਾਸੀ ਸੰਨੀ ਇਨਕਲੇਵ ਖਰਡ਼ ਸੈਕਟਰ 125 ਦੇ ਰੂਪ ’ਚ ਹੋਈ, ਜਦਕਿ ਉਸ ਦੀ ਪਤਨੀ ਦੀ ਪਛਾਣ ਬਲਜੀਤ ਕੌਰ ਦੇ ਰੂਪ ’ਚ ਹੋਈ ਹੈ।  ਥਾਣਾ ਮੁਖੀ ਆਸਵੰਤ ਸਿੰਘ ਨੇ ਦੱਸਿਆ ਕਿ 27 ਅਪ੍ਰੈਲ 2018 ਨੂੰ ਮੁਕੱਦਮਾ ਨੰਬਰ 36 ਕਾਨਵਾਂ ਪੁਲਸ ਥਾਣੇ ’ਚ ਗੁਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨਿਵਾਸੀ ਭਗਵਾਨਸਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ, ਜੋ ਕਿ ਬਾਅਦ ’ਚ ਮਾਮਲਾ ਸੁਜਾਨਪੁਰ ਪੁਲਸ ਥਾਣੇ ’ਚ ਸ਼ਿਫਟ ਕਰ ਦਿੱਤਾ ਗਿਆ ਅਤੇ ਪੁਲਸ ਵੱਲੋਂ ਦਰਜ ਸ਼ਿਕਾਇਤ ’ਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਵਿਅਕਤੀ ਦੇ ਕਹਿਣ ’ਤੇ ਨਵਰੀਤ ਸਿੰਘ ਦੇ ਸੰਪਰਕ ’ਚ ਆਇਆ ਸੀ ਕਿ ਨਵਰੀਤ ਅਤੇ ਉਸ ਦੀ ਪਤਨੀ ਕਈ ਲੋਕਾਂ ਨੂੰ ਵਿਦੇਸ਼ ’ਚ ਭੇਜ ਚੁੱਕੇ ਹਨ, ਜਿਸ ਦੌਰਾਨ ਗੁਰਪ੍ਰੀਤ ਸਿੰਘ ਨੇ 4 ਹੋਰ ਲੋਕਾਂ ਤੋਂ ਕੁੱਲ 27.08 ਲੱਖ ਰੁਪਏ ਲੈ ਕੇ ਕੁਝ ਪੈਸੇ ਨਵਰੀਤ ਸਿੰਘ ਦੇ ਖਾਤੇ ’ਚ ਜਮ੍ਹਾ ਕਰਵਾ ਦਿੱਤੇ ਅਤੇ ਕੁਝ ਪੈਸੇ ਉਸ ਨੂੰ ਨਕਦ ਦੇ ਦਿੱਤੇ, ਜਦ ਉਨ੍ਹਾਂ ਨੇ ਆਪਣੇ ਪਾਸਪੋਰਟ ’ਤੇ ਲੱਗਾ ਵੀਜ਼ਾ ਵੇਖਿਆ ਤਾਂ ਉਹ ਨਕਲੀ ਨਿਕਲਿਆ, ਜਿਸ   ਕਾਰਨ ਉਹ ਨਵਪ੍ਰੀਤ ਸਿੰਘ ਨਾਲ ਸੰਪਰਕ ਕਰਨ ਲੱਗੇ ਤਾਂ ਉਸ ਨੇ ਕਦੇ ਆਪਣਾ ਪਤਾ ਮੋਗਾ ਤਾਂ ਕਦੇ ਪਟਿਆਲਾ ਦੱਸਿਆ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ, ਜਿਸ ’ਤੇ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪੁਲਸ ਨੇ ਸਬ-ਇੰਸਪੈਕਟਰ ਨਵਦੀਪ ਸ਼ਰਮਾ ਤੇ ਏ. ਐੱਸ. ਆਈ. ਦੀਪਕ ਕੁਮਾਰ ਨੂੰ ਨਾਲ ਲੈ ਕੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਤੇ ਅਾਖਰ ਪੁਲਸ ਨੇ ਮੁਲਜ਼ਮ ਨੂੰ ਸੰਨੀ ਇਨਕਲੇਵ ਮਕਾਨ ਨੰਬਰ 2674 ਖਡ਼ਰ, ਸੈਕਟਰ 125 ਤੋਂ ਸਥਾਨਕ ਪੁਲਸ ਦੇ ਸਹਿਯੋਗ ਨਾਲ ਉਸ ਦੇ ਘਰ ਦਾ ਤਾਲਾ ਤੋਡ਼ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦੀ ਪਤਨੀ ਮੌਕੇ ਤੋਂ ਨਹੀਂ ਮਿਲੀ।
 ਪੁਲਸ ਨੇ ਨਵਰੀਤ ਸਿੰਘ ਦੀ ਗ੍ਰਿਫਤਾਰੀ ਦੌਰਾਨ ਉਸ ਦੇ ਘਰ ’ਚ ਤਲਾਸ਼ੀ ਦੌਰਾਨ 15 ਹੋਰ ਪਾਸਪੋਰਟ ਜ਼ਬਤ ਕੀਤੇ ਹਨ, ਜਿਨ੍ਹਾਂ ’ਚੋਂ 12 ਪੰਜਾਬ ਤੇ 3 ਯੂ. ਪੀ. ਨਿਵਾਸੀ ਦੇ ਹਨ, ਜਿਨ੍ਹਾਂ ’ਤੇ ਵੀ ਨਕਲੀ ਵੀਜ਼ੇ ਲੱਗੇ ਹੋਏ ਸਨ ਤੇ 2 ਲੈਪਟਾਪ ਜ਼ਬਤ ਕੀਤੇ ਹਨ, ਜੋ ਕਿ ਜਾਂਚ ਲਈ ਸਾਈਬਰ ਕੈਫੇ ਦੀ ਟੀਮ ਨੂੰ ਭੇਜੇ ਜਾਣਗੇ।   ਪੁਲਸ ਅਧਿਕਾਰੀ ਨੇ ਦੱਸਿਆ ਕਿ ਨਵਰੀਤ ਸਿੰਘ ਤੇ ਉਸ ਦੀ ਪਤਨੀ ਬਲਜੀਤ ਕੌਰ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਪਤਨੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਿਨਾਂ ਰਜਿਸਟ੍ਰੇਸ਼ਨ ਦੇ ਪਿਛਲੇ ਲੱਗਭਗ 7 ਸਾਲਾਂ ਤੋਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰ ਰਿਹਾ ਸੀ ਅਤੇ ਉਨ੍ਹਾਂ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕਿਹੜੇ ਲੋਕਾਂ ਤੋਂ ਪਾਸਪੋਰਟ ’ਤੇ ਨਕਲੀ ਵੀਜ਼ਾ ਲਵਾਉਂਦਾ ਸੀ।


Related News