ਕੈਨੇਡਾ ਰਹਿੰਦੇ ਵਿਅਕਤੀ ਨਾਲ 79 ਲੱਖ ਦੀ ਠੱਗੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Monday, Jun 10, 2024 - 01:05 PM (IST)
ਮੋਗਾ (ਆਜ਼ਾਦ) : ਦੋ ਫਾਈਨਾਂਸਰ ਭਰਾਵਾਂ ਦੀ ਕਥਿਤ ਮਿਲੀਭੁਗਤ ਨਾਲ ਐੱਨ. ਆਰ. ਆਈ. ਪਿੰਡ ਮਾਹਲਾ ਖੁਰਦ ਹਾਲ ਆਬਾਦ ਕੈਨੇਡਾ ਦੇ ਰਹਿਣ ਵਾਲੇ ਬਜ਼ੁਰਗ ਅਮਰਜੀਤ ਸਿੰਘ ਬਰਾੜ ਨਾਲ ਜ਼ਮੀਨੀ ਝਗੜੇ ਦੌਰਾਨ 79 ਲੱਖ 11 ਹਜ਼ਾਰ 67 ਰੁਪਏ ਦੀ ਠੇਕੇ ਦੀ ਰਾਸ਼ੀ ਦਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਤੋਂ ਬਾਅਦ ਪੁਲਸ ਨੇ ਕਥਿਤ ਦੋਸ਼ੀ ਕਰਮ ਸਿੰਘ ਵਾਸੀ ਦਸਮੇਸ਼ ਨਗਰ ਕੋਟਕਪੂਰਾ, ਜਸਕਰਨ ਸਿੰਘ ਦੋਵੇਂ ਵਾਸੀ ਅਜੀਤ ਨਗਰ ਫਰੀਦਕੋਟ ਖਿਲਾਫ਼ ਥਾਣਾ ਬਾਘਾਪੁਰਾਣਾ ਵਿਚ ਧੋਖਾਧੜੀ ਅਤੇ ਹੋਰ ਧਾਰਾਵਾਂ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਾਊਂ ਜਾਂਚ ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਕਪਤਾਨ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਮਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ ਅਤੇ ਉਸ ਦੇ ਘਰ ਅਤੇ ਪਿੰਡ ਮਾਹਲਾ ਕਲਾਂ ਵਿਚ 24 ਏਕੜ ਜ਼ਮੀਨ ਹੈ। ਉਹ ਇਕ-ਦੋ ਸਾਲਾਂ ਬਾਅਦ ਆਪਣੇ ਪਿੰਡ ਆਉਂਦਾ-ਜਾਂਦਾ ਰਹਿੰਦਾ ਹੈ।
ਉਸ ਨੇ ਦੱਸਿਆ ਕਿ ਸਾਲ 2011 ਵਿਚ ਮੇਰੇ ਭਤੀਜੇ ਅਮਨਦੀਪ ਸਿੰਘ ਨੇ ਆਪਣੇ ਦੋਸਤ ਜਸਕਰਨ ਸਿੰਘ ਉਰਫ਼ ਰਾਜਾ ਨਾਲ ਕਰਵਾਈ ਸੀ ਅਤੇ ਉਨ੍ਹਾਂ ਕਿਹਾ ਕਿ ਉਹ ਅਤੇ ਉਸਦਾ ਭਰਾ ਕਰਮ ਸਿੰਘ ਕੋਟਕਪੂਰਾ ਵਿਚ ਫਾਇਨਾਂਸ ਦਾ ਕੰਮ ਕਰਦੇ ਹਨ। ਉਨ੍ਹਾਂ ਮੈਨੂੰ ਭਰੋਸੇ ਵਿਚ ਲੈ ਕੇ ਜ਼ਮੀਨ ਦਾ ਠੇਕੇ ਦੇਣ ਲਈ ਕਿਹਾ ਅਤੇ ਉਸ ਨੂੰ ਪ੍ਰਤੀ ਮਹੀਨੇ ਵਿਆਜ਼ ਦੇਣ ਦੀ ਗੱਲ ਵੀ ਕਹੀ। ਉਸਨੇ ਕਿਹਾ ਕਿ ਉਹ ਸਾਲ 2011 ਤੋਂ ਅਪ੍ਰੈਲ 2018 ਤੱਕ ਦੋਵੇਂ ਭਰਾ ਮੇਰੀ ਜ਼ਮੀਨ ਦਾ ਠੇਕਾ ਲੈਂਦੇ ਰਹੇ। ਉਨ੍ਹਾਂ ਕਿਹਾ ਕਿ ਅਪ੍ਰੈਲ 2011 ਤੋਂ 2018 ਤੱਕ ਮੇਰੀ ਜ਼ਮੀਨ ਅਲੱਗ-ਅਲੱਗ ਠੇਕੇਦਾਰਾਂ ਕੋਲ ਸੀ, ਜਿਨ੍ਹਾਂ 72 ਲੱਖ 73 ਹਜ਼ਾਰ 858 ਰੁਪਏ ਕਥਿਤ ਦੋਸ਼ੀਆਂ ਜਸਕਰਨ ਸਿੰਘ ਅਤੇ ਕਰਮ ਸਿੰਘ ਨੇ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੇ ਮੇਰਾ ਵਿਸ਼ਵਾਸ ਜਿੱਤਣ ਲਈ ਸਾਲ 2011 ਤੋਂ 2016 ਤੱਕ ਵਿਆਜ਼ ਸਮੇਤ ਹਿਸਾਬ ਕਰ ਕੇ ਕੁੱਲ 79 ਲੱਖ 11 ਹਜ਼ਰ 67 ਰੁਪਏ ਬਣਦੇ ਸਨ ਜੋ ਕਥਿਤ ਦੋਸ਼ੀਆਂ ਨੇ ਮਿਲੀ ਭੁਗਤ ਕਰਕੇ ਮੈਨੂੰ ਨਹੀਂ ਦਿੱਤੇ। ਇਸ ਤਹਿਤ ਮੇਰੇ ਸਾਥ ਥੋਖਾਧੜੀ ਕੀਤੀ ਗਈ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਐੱਸ. ਪੀ. ਡੀ. ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ।
ਜਿਨ੍ਹਾਂ ਜਾਂਚ ਸਮੇਂ ਦੋਵਾਂ ਪੱਖਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਅਤੇ ਬੁਲਾਇਆ। ਦੋਵਾਂ ਧਿਰਾਂ ਦੌਰਾਨ ਰਾਜੀਨਾਮਾ ਕਰਨ ਦੀ ਗੱਲਬਾਤ ਵੀ ਚੱਲੀ ਪ੍ਰੰਤੂ ਹੋ ਨਹੀਂ ਸਕਿਆ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਜ਼ਿਲ੍ਹਾ ਪੁਲਸ ਮੁਖੀ ਨੇ ਕਾਨੂੰਨੀ ਰਾਇ ਹਾਸਲ ਕਰਨ ਤੋਂ ਬਾਅਦ ਥਾਣਾ ਬਾਘਾਪੁਰਾਣਾ ਦੇ ਮੁਖੀ ਨੂੰ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਗੁਰਬਿੰਦਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।