ਪਹਿਲਾਂ ਕੈਨੇਡਾ ਭੇਜਣ ਦੇ ਸੁਫ਼ਨੇ ਦਿਖਾ ਕੇ ਮਾਰੀ ਠੱਗੀ, ਫੇਰ ਕੋਰਟ ਕੇਸ ''ਚ ਵੀ ਫਸਾਇਆ
Friday, Jun 28, 2024 - 04:16 PM (IST)
ਖਰੜ (ਰਣਬੀਰ): ਆਪਣੇ ਇਕ ਜਾਣਕਾਰ ਨੂੰ ਕੈਨੇਡਾ ਦਾ ਵੀਜ਼ਾ ਲਗਾਉਣ ਬਦਲੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਤੋਂ ਇਲਾਵਾ ਉਸ ਕੋਲੋਂ ਬਤੌਰ ਸਿਕਿਓਰਟੀ ਲਿਆ ਗਿਆ ਚੈੱਕ ਜਾਣਬੁਝ ਕੇ ਬਾਊਂਸ ਕਰਵਾ ਕੇ ਅਦਾਲਤੀ ਕੇਸ ’ਚ ਉਲਝਾਉਣ ਦੇ ਦੋਸ਼ ਅੰਦਰ ਸਿਟੀ ਪੁਲਸ ਨੇ 4 ਫਰਜ਼ੀ ਟ੍ਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਵਿੰਦਰਪਾਲ ਸਿੰਘ, ਸੁਖਵਿੰਦਰ ਸਿੰਘ, ਰਾਜ ਕੁਮਾਰ ਰੋਏ ਅਤੇ ਅਮਰਜੀਤ ਸਿੱਧੂ ਵਜੋਂ ਹੋਈ ਹੈ। ਸਾਜ਼ਿਸ਼ ਦਾ ਸ਼ਿਕਾਰ ਹੋਏ ਸੁਰਿੰਦਰ ਸਿੰਘ ਵਾਸੀ ਗੁਰੂ ਅੰਗਦ ਨਗਰ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਨੇ ਦੱਸਿਆ ਕਿ ਉਕਤ ਵਿਅਕਤੀ ਦਵਿੰਦਰ ਪਾਲ ਅਤੇ ਸੁਖਵਿੰਦਰ ਸਿੰਘ ਅਕਸਰ ਉਸ ਦੇ ਕੋਲ ਆਉਂਦੇ ਹੁੰਦੇ ਸਨ। ਜਿਸ ਕਾਰਨ ਉਨ੍ਹਾਂ ਦੀ ਆਪਸ ’ਚ ਜਾਣ-ਪਛਾਣ ਹੋ ਗਈ। ਇਸੇ ਦੌਰਾਨ ਮੁਲਜ਼ਮਾਂ ਨੇ ਸੁਰਿੰਦਰ ਸਿੰਘ ਨੂੰ ਦੱਸਿਆ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ ਤੇ ਉਸ ਨੂੰ 2 ਸਾਲ ਲਈ ਵਰਕ ਪਰਮਿਟ ’ਤੇ ਖੇਤੀਬਾੜੀ ਦੇ ਕੰਮ ਲਈ ਕਨੇਡਾ ਭੇਜ ਦੇਣਗੇ। ਜਿਸ ’ਤੇ 8 ਲੱਖ 75 ਹਜ਼ਾਰ ਰੁਪਏ ਦਾ ਖ਼ਰਚ ਆਵੇਗਾ। ਜਿਨ੍ਹਾਂ ਦੀਆਂ ਗੱਲਾਂ ’ਤੇ ਭਰੋਸਾ ਕਰ ਕੇ ਉਹ ਕੈਨੇਡਾ ਜਾਣ ਲਈ ਤਿਆਰ ਹੋ ਗਿਆ।
3 ਲੱਖ ਕੈਸ਼ ਤੇ ਗਰੰਟੀ ਵਜੋਂ ਦਿੱਤੇ ਦੋ ਖਾਲੀ ਚੈੱਕ
ਸ਼ਿਕਾਇਤਕਰਤਾ ਉਕਤ ਵਿਅਕਤੀਆਂ ਦੇ ਕਹਿਣ ’ਤੇ 9 ਜਨਵਰੀ 2014 ਨੂੰ ਉਨ੍ਹਾਂ ਦੇ ਖਰੜ ਬਾਂਸਾਂ ਵਾਲੀ ਚੂੰਗੀ ਨੇੜੇ ਸਥਿਤ ਦੀ ਸਕਾਈ ਗਲੋਬਲ ਐੱਨ.ਐੱਚ.-21 ਦਫ਼ਤਰ ਪੁੱਜ ਗਿਆ, ਇਸ ਦੌਰਾਨ ਦਵਿੰਦਰਪਾਲ ਨੇ ਉਸ ਦੀ ਮੁਲਾਕਾਤ ਉਥੇ ਰਾਜ ਕੁਮਾਰ ਰੋਏ ਅਤੇ ਅਮਰਜੀਤ ਸਿੱਧੂ ਨਾਲ ਕਰਵਾਉਂਦੀਆਂ ਦੱਸਿਆ ਕਿ ਉਹ ਚਾਰੋਂ ਜਣੇ ਕੰਪਨੀ ’ਚ ਪਾਰਟਨਰ ਹਨ। ਸੁਰਿੰਦਰ ਸਿੰਘ ਵਲੋਂ ਉਕਤ ਵਿਅਕਤੀਆਂ ਨੂੰ 3 ਲੱਖ ਕੈਸ਼, 2 ਖਾਲੀ ਚੈੱਕ ਗਰੰਟੀ ਵਜੋਂ ਹਸਤਾਖ਼ਰ ਕਰ, ਪਾਸਪੋਰਟ ਤੇ 50 ਹਜ਼ਾਰ ਕੈਸ਼ ਵੀ ਦਿੱਤਾ ਗਿਆ। ਇਸ ਪਿੱਛੋਂ ਮੁਲਜ਼ਮਾਂ ਵੱਲੋਂ ਮੰਗਣ ’ਤੇ ਪੀੜਤ ਵੱਲੋਂ ਬਾਕੀ ਸਿਕਿਓਰਿਟੀ ਵਜੋਂ ਰਹਿੰਦੀ ਰਕਮ 5 ਲੱਖ 25 ਹਜ਼ਾਰ ਰੁਪਏ ਦਾ ਚੈੱਕ 30 ਜੂਨ, 2016 ਨੂੰ ਉਨ੍ਹਾਂ ਨੂੰ ਦੇ ਦਿੱਤਾ। ਜੋ ਹਾਸਲ ਕਰਨ ਪਿੱਛੋਂ ਉਕਤ ਵਿਅਕਤੀਆਂ ਵੱਲੋਂ ਇਕ ਐਗਰੀਮੈਂਟ ਉਸ ਨਾਲ ਕੀਤਾ ਗਿਆ। ਜਿਸ ਮੁਤਾਬਕ ਕੰਮ ਨਾ ਹੋਣ ਦੀ ਸੂਰਤ ’ਚ ਸੁਰਿੰਦਰ ਸਿੰਘ ਨੂੰ ਉਸ ਵੱਲੋਂ ਦਿੱਤੀ ਰਕਮ ਦਾ ਦੁਗਣਾ ਮੋੜਨ ਦੀ ਗੱਲ ਆਖੀ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਮਗਰੋਂ ਉਕਤ ਵਿਅਕਤੀਆਂ ਵਲੋਂ ਉਸ ਦੇ ਵੀਜ਼ਾ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ।
ਇਹ ਖ਼ਬਰ ਵੀ ਪੜ੍ਹੋ - PSEB ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ! ਪ੍ਰੀਖਿਆਵਾਂ ਨਾਲ ਜੁੜੀ ਅਹਿਮ ਜਾਣਕਾਰੀ ਆਈ ਸਾਹਮਣੇ
ਪੈਸੇ ਮੰਗਣ ’ਤੇ ਚੈੱਕ ਬਾਊਂਸ ਕਰਵਾਉਣ ਦੀਆਂ ਦਿੱਤੀਆਂ ਧਮਕੀਆਂ
ਸ਼ਿਕਾਇਤਕਰਤਾ ਵੱਲੋਂ ਵਾਰ-ਵਾਰ ਕਹਿਣ ਅਤੇ ਫ਼ੋਨ ਕਰਨ ’ਤੇ ਉਕਤ ਵਿਅਕਤੀਆਂ ਨੇ ਉਸ ਦਾ ਪਾਸਪੋਰਟ ਤਾਂ ਵਾਪਸ ਕਰ ਦਿੱਤਾ ਪਰ ਪੈਸੇ ਮੰਗਣ ’ਤੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਜੇਕਰ ਉਹ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰੇਗਾ ਤਾਂ ਉਹ ਉਸ ਦਾ ਸਿਕਿਓਰਿਟੀ ਦੇ ਤੌਰ ’ਤੇ ਦਿੱਤਾ ਹੋਇਆ 5 ਲੱਖ 25 ਹਜ਼ਾਰ ਰੁਪਏ ਦਾ ਚੈੱਕ ਬਾਊਂਸ ਕਰਵਾ ਕੇ ਉਸ ਖ਼ਿਲਾਫ਼ ਕਾਰਵਾਈ ਕਰਵਾਉਣਗੇ। ਇਸ ਉਪਰੰਤ ਉਕਤ ਵਿਅਕਤੀਆਂ ਵੱਲੋਂ 2 ਅਤੇ 5 ਜੁਲਾਈ ਤੋਂ ਇਲਾਵਾ 4 ਅਗਸਤ, 2016 ਨੂੰ ਕੁੱਲ 3 ਵਾਰ ਉਸ ਦਾ ਉਕਤ ਚੈੱਕ ਬਾਊਂਸ ਕਰਵਾ ਕੇ ਅਦਾਲਤ ’ਚ ਕੇਸ ਫਾਇਲ ਕਰ ਦਿੱਤਾ ਗਿਆ। ਜਿਸ ਦੇ ਨਤੀਜੇ ਵਜੋਂ ਉਹ ਤੇ ਉਸ ਦਾ ਪੂਰਾ ਪਰਿਵਾਰ ਪ੍ਰੇਸ਼ਾਨ ਰਹਿਣ ਲੱਗਾ। ਮੁਲਜ਼ਮਾਂ ਨੇ ਨਾ ਸਿਰਫ਼ ਸਾਜ਼ਿਸ਼ ਤਹਿਤ ਸ਼ਿਕਾਇਤਕਰਤਾ ਦੀ ਤਿੰਨ ਲੱਖ ਪੰਜਾਹ ਹਜ਼ਾਰ ਦੀ ਰਕਮ ਹੜੱਪ ਲਈ ਬਲਕਿ ਉਸ ਕੋਲੋਂ ਬਤੌਰ ਸਿਕਿਉਰਟੀ ਚੈੱਕ ਲੈ ਕੇ ਉਨ੍ਹਾਂ ਦੀ ਦੁਰਵਰਤੋਂ ਕਰ ਧੋਖਾਧੜੀ ਨੂੰ ਵੀ ਅੰਜਾਮ ਦਿੱਤਾ। ਜਿਸ ਦੀ ਜਾਂਚ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਮੋਹਾਲੀ ਕੋਲੋਂ ਕਰਵਾਏ ਜਾਣ ’ਤੇ ਉਸ ਨੂੰ ਦਰੁਸਤ ਪਾਉਂਦਿਆਂ ਉਕਤ ਚਾਰੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਐੱਸ.ਐੱਸ.ਪੀ. ਦੇ ਹੁਕਮਾਂ ’ਤੇ ਸਿਟੀ ਪੁਲਸ ਵੱਲੋਂ ਅਮਲ ’ਚ ਲਿਆਂਦੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8