ਕੈਨੇਡਾ ਭੇਜਣ ਦੇ ਨਾਂ ''ਤੇ ਠੱਗੇ 11 ਲੱਖ, ਸਟਾਫ਼ ਦੀ 2 ਮਹੀਨਿਆਂ ਦੀ ਤਨਖ਼ਾਹ ਵੀ ਮਾਰ ਗਏ ਟ੍ਰੈਵਲ ਏਜੰਟ

Wednesday, Jun 26, 2024 - 03:02 AM (IST)

ਜਲੰਧਰ (ਵਰੁਣ)- ਬੱਸ ਸਟੈਂਡ ਨੇੜੇ ਇੰਪੀਰੀਅਲ ਓਵਰਸੀਜ਼ ਦੇ ਏਜੰਟਾਂ ਨੇ ਇਕ ਔਰਤ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 11 ਲੱਖ ਰੁਪਏ ਦੀ ਠੱਗੀ ਮਾਰ ਲਈ। ਮੁਲਜ਼ਮ ਆਪਣੇ ਸਟਾਫ ਨੂੰ 2 ਮਹੀਨਿਆਂ ਦੀ ਤਨਖਾਹ ਦਿੱਤੇ ਬਿਨਾਂ ਦਫਤਰ ਬੰਦ ਕਰ ਕੇ ਫਰਾਰ ਹੋ ਗਏ। ਪੀੜਤ ਕਲਾਇੰਟ ਦੇ ਬਿਆਨਾਂ ’ਤੇ ਇੰਪੀਰੀਅਲ ਓਵਰਸੀਜ਼ ਏਜੰਟ ਕੰਵਲਦੀਪ ਸਿੰਘ ਵਾਸੀ ਪਿੰਡ ਨੂਰੀ ਦਾ ਅੱਡਾ, ਤਰਨਤਾਰਨ ਤੇ ਮਨੀਸ਼ਾ ਵਾਸੀ ਸਿਵਲ ਲਾਈਨ, ਜਲੰਧਰ ਖਿਲਾਫ ਥਾਣਾ ਨਵੀਂ ਬਾਰਾਂਦਰੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦਿਵਿਆ ਪਤਨੀ ਨਰੇਸ਼ ਕੁਮਾਰ ਵਾਸੀ ਨਿਊ ਸੰਤ ਨਗਰ ਬਸਤੀ ਸ਼ੇਖ ਨੇ ਦੱਸਿਆ ਕਿ ਉਸ ਨੂੰ 2023 ’ਚ ਫੋਨ ਆਇਆ ਸੀ। ਫੋਨ ਕਰਨ ਵਾਲੀ ਲੜਕੀ ਨੇ ਉਸ ਨੂੰ ਦੱਸਿਆ ਕਿ ਉਹ ਬੱਸ ਸਟੈਂਡ ਨੇੜੇ ਸਥਿਤ ਇੰਪੀਰੀਅਲ ਓਵਰਸੀਜ਼ ਦੇ ਦਫਤਰ ਤੋਂ ਬੋਲ ਰਹੀ ਹੈ ਤੇ ਉਹ ਲੋਕਾਂ ਨੂੰ ਕੰਮ ਤੇ ਸਟੱਡੀ ਵੀਜ਼ੇ ’ਤੇ ਵੱਖ-ਵੱਖ ਦੇਸ਼ਾਂ ’ਚ ਭੇਜਦੇ ਹਨ। ਉਸ ਦੀਆਂ ਗੱਲਾਂ ’ਚ ਆ ਕੇ ਦਿਵਿਆ ਇੰਪੀਰੀਅਲ ਓਵਰਸੀਜ਼ ਦਫ਼ਤਰ ਚਲੀ ਗਈ।

ਸਟਾਫ ਦੀਆਂ ਮੈਂਬਰਾਂ ਨੇ ਦਿਵਿਆ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਲਈ 14 ਲੱਖ ’ਚ ਗੱਲ ਤੈਅ ਕੀਤੀ, ਜਿਸ ਤੋਂ ਬਾਅਦ ਸਟਾਫ ਨੇ ਦਿਵਿਆ ਦੀ ਕੰਵਲਦੀਪ ਸਿੰਘ ਤੇ ਮਨੀਸ਼ਾ ਨਾਲ ਮੁਲਾਕਾਤ ਕਰਵਾਈ। ਉਨ੍ਹਾਂ ਨੇ ਦਿਵਿਆ ਤੋਂ ਪਾਸਪੋਰਟ, ਹੋਰ ਦਸਤਾਵੇਜ਼ ਤੇ 70 ਹਜ਼ਾਰ ਰੁਪਏ ਦੀ ਮੰਗ ਕੀਤੀ। ਦਿਵਿਆ ਨੇ ਕਿਹਾ ਕਿ ਉਸ ਨੇ ਨਕਦੀ ਤੇ ਦਸਤਾਵੇਜ਼ ਦਿੱਤੇ। 4 ਸਤੰਬਰ 2023 ਨੂੰ, ਉਸ ਨੂੰ ਇੰਪੀਰੀਅਲ ਓਵਰਸੀਜ਼ ਤੋਂ ਇਕ ਕਾਲ ਆਇਆ ਜਿਸ ’ਚ ਉਸ ਨੂੰ ਬਾਕੀ ਪੈਸੇ ਤੇ ਚੈੱਕ ਨਾਲ ਉਨ੍ਹਾਂ ਦੇ ਦਫਤਰ ਆਉਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ- SC 'ਚ ਸੁਣਵਾਈ ਤੋਂ ਪਹਿਲਾਂ ਕੇਜਰੀਵਾਲ ਨੂੰ ਵੱਡਾ ਝਟਕਾ, ED ਤੋਂ ਬਾਅਦ ਹੁਣ CBI ਨੇ ਕੀਤਾ ਗ੍ਰਿਫ਼ਤਾਰ

ਦਿਵਿਆ ਨੇ ਉੱਥੇ ਜਾ ਕੇ ਬੈਂਕ ਖਾਤਾ ਖੋਲ੍ਹਣ ਲਈ 15,000 ਰੁਪਏ ਦਿੱਤੇ ਤੇ ਆਪਣੇ ਚੈੱਕਾਂ 'ਤੇ ਦਸਤਖਤ ਕੀਤੇ ਤੇ 60,000 ਰੁਪਏ ਨਕਦ ਵੀ ਦਿੱਤੇ। ਅਗਲੇ ਹੀ ਦਿਨ ਉਸ ਨੂੰ ਬਿਨਾਂ ਦੱਸੇ ਉਸ ਦੇ ਬੈਂਕ ਖਾਤੇ ’ਚੋਂ 15 ਹਜ਼ਾਰ ਰੁਪਏ ਕਢਵਾ ਲਏ ਗਏ। ਦਿਵਿਆ ਨੇ ਦੱਸਿਆ ਕਿ 4 ਅਕਤੂਬਰ ਨੂੰ ਉਸ ਤੋਂ ਮੈਡੀਕਲ ਫੀਸ ਦੇ 12,000 ਰੁਪਏ ਤੇ ਅੰਬੈਸੀ ਫੀਸ ਵਜੋਂ 30,000 ਰੁਪਏ ਲਏ ਗਏ ਸਨ। ਕੁਝ ਦਿਨਾਂ ਬਾਅਦ ਉਸ ਨੂੰ ਇੰਪੀਰੀਅਲ ਓਵਰਸੀਜ਼ ਦੇ ਦਫ਼ਤਰ ਤੋਂ ਫ਼ੋਨ ਆਇਆ ਕਿ ਉਸ ਦਾ ਵੀਜ਼ਾ ਆ ਗਿਆ ਹੈ ਤੇ ਉਹ ਤੁਰੰਤ 7 ਲੱਖ ਰੁਪਏ ਲੈ ਕੇ ਦਫ਼ਤਰ ਪਹੁੰਚੇ।

ਦਿਵਿਆ ਨੇ ਉਹ ਪੈਸੇ ਵੀ ਉਨ੍ਹਾਂ ਦੇ ਬੈਂਕ ਖਾਤੇ ’ਚ ਟਰਾਂਸਫਰ ਕਰਵਾ ਦਿੱਤੇ। ਇਸ ਤੋਂ ਇਲਾਵਾ ਦਿਵਿਆ ਨੇ ਏਜੰਟਾਂ ਨੂੰ ਵੱਖਰੇ ਤੌਰ 'ਤੇ ਪੈਸੇ ਦਿੱਤੇ। 20 ਨਵੰਬਰ 2023 ਨੂੰ ਦਿਵਿਆ ਤੋਂ ਹਵਾਈ ਟਿਕਟ ਲਈ 2 ਲੱਖ ਰੁਪਏ ਤੇ 1.35 ਲੱਖ ਰੁਪਏ ਮੰਗੇ ਗਏ ਪਰ ਜਦੋਂ ਉਸ ਨੂੰ ਵੀਜ਼ਾ ਨਾ ਦਿਖਾਉਣ 'ਤੇ ਸ਼ੱਕ ਹੋਇਆ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਬਾਅਦ ’ਚ ਦਿਵਿਆ ਨੂੰ ਸਟਾਫ ਮੈਂਬਰ ਦਾ ਫੋਨ ਆਇਆ ਕਿ ਟਰੈਵਲ ਏਜੰਟ ਹੋਟਲ ਖਾਲੀ ਕਰ ਕੇ ਭੱਜ ਗਏ ਹਨ ਤੇ ਉਨ੍ਹਾਂ ਦੇ ਫੋਨ ਵੀ ਬੰਦ ਹਨ।

ਇਹ ਵੀ ਪੜ੍ਹੋ- ਭੋਗ 'ਚ ਸ਼ਾਮਲ ਹੋਣ ਆਏ ਨੌਜਵਾਨਾਂ ਨਾਲ ਵਾਪਰ ਗਿਆ ਭਾਣਾ, ਸਰਹਿੰਦ ਨਹਿਰ 'ਚ ਡੁੱਬਣ ਕਾਰਨ ਗਈ ਜਾਨ

ਇਸ ਸਬੰਧੀ ਦਿਵਿਆ ਨੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤਾਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਕੰਵਲਦੀਪ ਸਿੰਘ ਨੇ ਇਕ ਹੋਰ ਕਲਾਇੰਟ ਰਮਨਦੀਪ ਸਿੰਘ ਦੇ ਨਾਂ ’ਤੇ ਆਪਣਾ ਬੈਂਕ ਖਾਤਾ ਖੁਲਵਾ ਲਿਆ ਹੈ, ਜਿਸ ਦੇ ਦਸਤਾਵੇਜ਼ਾਂ ’ਤੇ ਉਸ ਨੇ ਆਪਣੀ ਫੋਟੋ ਲਾ ਕੇ ਉਸ ਤੇ ਰਮਨਦੀਪ ਸਿੰਘ ਦਾ ਪਤਾ ਲਿਖਿਆ ਹੋਇਆ ਸੀ। ਰਮਨਦੀਪ ਸਿੰਘ ਦੀ ਇਸੇ ਆਈ.ਡੀ. ’ਤੇ ਸਿਮ ਕਾਰਡ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸੇ ਬੈਂਕ ਖਾਤੇ ’ਚ ਕੰਵਲਦੀਪ ਸਿੰਘ ਹੋਰ ਕਲਾਇੰਟਾਂ ਤੋਂ ਪੈਸੇ ਆਪਣੇ ਖਾਤੇ ’ਚ ਟਰਾਂਸਫਰ ਕਰਵਾ ਲੈਂਦਾ ਸੀ।

ਪੁਲਸ ਜਦ ਰਮਨਦੀਪ ਸਿੰਘ ਕੋਲ ਪੁੱਜੀ ਤਾਂ ਉਸ ਨੇ ਦੱਸਿਆ ਕਿ ਕੰਵਲਪ੍ਰੀਤ ਸਿੰਘ ਉਸ ਨੂੰ ਬਿਨਾਂ ਆਈਲੈਟਸ ਕੀਤੇ ਵਿਦੇਸ਼ ਭੇਜਣ ਲਈ 20 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਪਰ ਉਸ ਨੇ ਉਸ ਨੂੰ ਸਿਰਫ਼ 70 ਹਜ਼ਾਰ ਰੁਪਏ ਦਿੱਤੇ ਸਨ ਪਰ ਸ਼ੱਕ ਹੋਣ ’ਤੇ ਉਸ ਨੇ ਵਿਦੇਸ਼ ਜਾਣ ਤੋਂ ਇਨਕਾਰ ਕਰ ਦਿੱਤਾ। ਕੰਵਲਦੀਪ ਸਿੰਘ ਨੇ ਉਸ ਦੇ ਵੀ 70 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ ਤੇ ਦਸਤਾਵੇਜ਼ਾਂ ਦੀ ਵੀ ਦੁਰਵਰਤੋਂ ਕੀਤੀ। ਪੁਲਸ ਨੇ ਸਾਰੀ ਜਾਂਚ ਤੋਂ ਬਾਅਦ ਇੰਪੀਰੀਅਲ ਓਵਰਸੀਜ਼ ਏਜੰਟਾਂ ਕੰਵਲਦੀਪ ਸਿੰਘ ਤੇ ਮਨੀਸ਼ਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ- ਅਕਾਲੀ ਦਲ 'ਚ ਬਾਗ਼ੀ ਸੁਰਾਂ ਨੇ ਫੜਿਆ ਜ਼ੋਰ, 'ਸ਼੍ਰੋਮਣੀ ਅਕਾਲੀ ਦਲ ਬਚਾਓ' ਲਹਿਰ ਦਾ ਕੀਤਾ ਜਾਵੇਗਾ ਆਗਾਜ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News