ਭਾਜਪਾ ਵਰਕਰਾਂ ਨੇ ਦੀਨਾਨਗਰ ਥਾਣੇ ਸਾਹਮਣੇ ਦਿੱਤਾ ਧਰਨਾ, ਥਾਣਾ ਮੁਖੀ ਨਾਲ ਹੋਈ BJP ਆਗੂਆਂ ਦੀ ਤਿੱਖੀ ਬਹਿਸਬਾਜ਼ੀ
Thursday, Aug 21, 2025 - 10:03 PM (IST)

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)-ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਸੂਬੇ ਦੇ ਲੋਕਾਂ ਨੂੰ ਦਿਵਾਉਣ ਦੇ ਮੰਤਵ ਨਾਲ ਸੂਬੇ ਭਰ ਵਿਚ ਵੱਖ ਵੱਖ ਪਿੰਡਾਂ ਵਿਚ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਸਨ ਇਸੇ ਕੜੀ ਵਿੱਚ ਅੱਜ ਦੀਨਾਨਗਰ ਦੇ ਪਿੰਡ ਚੇਚੀਆਂ ਛੌੜੀਆਂ ਵਿਖੇ ਭਾਜਪਾ ਵੱਲੋਂ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਜਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ, ਭਾਜਪਾ ਆਗੂ ਰੇਨੂੰ ਕਸ਼ਅਪ ਤੇ ਭਾਜਪਾ ਦੇ ਹੋਰ ਆਗੂ ਪਹੁੰਚੇ ਹੋਏ ਸਨ। ਕੈਂਪ ਦੌਰਾਨ ਪੁਲਸ ਵਲੋਂ ਉਕਤ ਨੇਤਾਵਾਂ ਨੂੰ ਕੈਂਪ ਵਿਚੋਂ ਜ਼ਬਰਦਸਤੀ ਹਿਰਾਸਤ ਵਿਚ ਲੈ ਲਿਆ ਗਿਆ।ਜਿਸ ਦੇ ਰੋਸ ਵਜੋਂ ਭਾਜਪਾ ਵਰਕਰਾਂ ਨੇ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਧਰਨਾ ਲਗਾ ਕੇ ਪੁਲਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਇਸੇ ਦੌਰਾਨ ਥਾਣਾ ਮੁਖੀ ਦੀਨਾਨਗਰ ਨਾਲ ਭਾਜਪਾ ਵਰਕਰਾਂ ਦੀ ਕਾਫੀ ਤਿੱਖੀ ਬਹਿਸਬਾਜ਼ੀ ਵੀ ਹੋਈ ਜਿਸ ਤੋਂ ਉਪਰੰਤ ਸਮੂਹ ਭਾਜਪਾ ਵਰਕਰਾਂ ਵੱਲੋਂ ਉਸ ਪ੍ਰਸ਼ਾਸਨ ਖਿਲਾਫ ਰੱਜ ਕੇ ਭੜਾਸ ਕੱਢੀ ਗਈ ਭਾਜਪਾ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਲੋਕ ਹਿੱਤ ਦੀਆਂ ਸਕੀਮਾਂ ਨੂੰ ਪੰਜਾਬ ਵਿੱਚ ਲਾਗੂ ਨਹੀਂ ਸੀ ਕੀਤਾ ਜਾ ਰਿਹਾ ਜਿਸ ਕਾਰਨ ਭਾਜਪਾ ਆਪਣੇ ਤੌਰ ਤੇ ਕੈਂਪ ਲਗਾ ਕੇ ਲੋਕਾਂ ਨੂੰ ਸਕੀਮਾਂ ਦਾ ਲਾਭ ਦੇਣ ਲਈ ਯਤਨ ਕਰ ਰਹੀ ਸੀ ਤੇ ਇਨ੍ਹਾਂ ਕੈਂਪਾਂ ਦਾ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਸੀ ਤੇ ਪੰਜਾਬ ਸਰਕਾਰ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਕੈਂਪਾਂ ਵਿੱਚ ਲੋਕਾਂ ਦੇ ਹੋ ਰਹੇ ਕੰਮਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੀ ਨੀਂਦ ਉੱਡ ਰਹੀ ਸੀ ਇਸੇ ਨੂੰ ਧਿਆਨ ਵਿੱਚ ਰਖਦੇ ਹੋਏ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਸ ਵਲੋਂ ਭਾਜਪਾ ਵਰਕਰਾਂ ਨੂੰ ਕੈਂਪਾਂ ਵਿਚੋਂ ਗ੍ਰਿਫਤਾਰ ਕਰਕੇ ਲਿਜਾਇਆ ਗਿਆ।ਪੁਲਸ ਦੀ ਇਹ ਕਾਰਵਾਈ ਬਹੁਤ ਹੀ ਨਿੰਦਾ ਯੋਗ ਹੈ ਪੰਜਾਬ ਪੁਲਸ ਦੀ ਇਸ ਕਾਰਵਾਈ ਤੇ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਤੱਕ ਪੰਜਾਬ ਪੁਲਸ ਵਲੋਂ ਕਾਬੂ ਕੀਤੇ ਗਏ ਭਾਜਪਾ ਦੇ ਆਗੂਆਂ ਨੂੰ ਛੱਡਿਆ ਨਹੀਂ ਗਿਆ ਉਦੋਂ ਤੱਕ ਭਾਜਪਾ ਦੇ ਆਗੂ ਪੁਲਸ ਸਟੇਸ਼ਨ ਸਾਹਮਣੇ ਧਰਨਾ ਦਿੰਦੇ ਰਹੇ। ਕੁਝ ਸਮੇਂ ਬਾਅਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਪੁਲਸ ਸਟੇਸ਼ਨ ਵਿਖੇ ਪਹੁੰਚੇ ਜਿੱਥੇ ਪਹੁੰਚ ਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬੌਖਲਾਹਟ ਵਿਚ ਆ ਕੇ ਭਾਜਪਾ ਆਗੂਆਂ ਤੇ ਕਰਵਾਈ ਕੀਤੀ ਹੈ।ਉਨ੍ਹਾਂ ਦਸਿਆ ਕਿ ਭਾਜਪਾ ਵੱਲੋਂ ਲਗਾਏ ਜਾ ਰਹੇ ਕੈਂਪਾਂ ਦਾ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਗਰੀਬ ਪਰਿਵਾਰਾਂ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਨੂੰ ਸੂਬੇ ਵਿਚ ਲਾਗੂ ਨਹੀਂ ਸੀ ਕਰ ਰਹੀ ਜਿਸ ਕਾਰਨ ਭਾਜਪਾ ਨੇ ਆਪਣੇ ਪੱਧਰ ਤੇ ਪਾਰਟੀ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਲਾਭ ਦੇਣ ਲਈ ਇਹ ਕੈਂਪ ਲਗਾ ਰਹੀ ਹੈ ਪੰਜਾਬ ਸਰਕਾਰ ਸਾਨੂੰ ਲੋਕ ਹਿੱਤ ਕੰਮ ਕਰਨ ਤੋਂ ਰੋਕ ਨਹੀਂ ਸਕਦੀ ਤੇ ਇਹ ਕੈਂਪ ਲਗਾਉਣ ਦਾ ਕੰਮ ਅੱਗੇ ਵੀ ਲਗਾਤਾਰ ਜਾਰੀ ਰਹੇਗਾ।