ਬੇਕਾਬੂ ਕੈਂਟਰ ਦੀ ਭਿਆਨਕ ਟੱਕਰ ''ਚ 2 ਵਿਅਕਤੀਆਂ ਨੇ ਮੌਕੇ ''ਤੇ ਤੋੜਿਆ ਦਮ, ਸੜ ਕੇ ਸੁਆਹ ਹੋਈ ਸਕੂਟਰੀ
Thursday, Aug 21, 2025 - 08:28 PM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)-ਚੰਡੀਗੜ੍ਹ-ਮਨਾਲੀ ਮੁੱਖ ਮਾਰਗ ’ਤੇ ਅੱਜ ਸਵੇਰੇ ਕਰੀਬ 11 ਵਜੇ ਇਕ ਬੇਕਾਬੂ ਕੈਂਟਰ ਵੱਲੋਂ ਸਕੂਟਰੀ ਨੂੰ ਟੱਕਰ ਮਾਰਨ ਕਾਰਨ ਸਕੂਟਰੀ ਸਵਾਰ 2 ਵਿਅਕਤੀਆਂ ਦੀ ਘਟਨਾ ਸਥਾਨ ’ਤੇ ਹੀ ਮੌਤ ਹੋਣ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਘਟਨਾ ਸਥਾਨ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਰੇਲਵੇ ਕੰਪਨੀ ਦੇ ਕਰੈਸ਼ਰ ’ਤੇ ਕੰਮ ਕਰਦੇ ਰਫ਼ੀਕ ਮੁਹੰਮਦ (47) ਪੁੱਤਰ ਸਦੀਕ ਦੀਨ ਨਿਵਾਸੀ ਪਿੰਡ ਜ਼ਕਾਤ ਖ਼ਾਨਾ ਜ਼ਿਲਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਆਪਣੇ ਸਾਥੀ ਸੁਨੀਲ ਕੁਮਾਰ (32) ਪੁੱਤਰ ਕਮਲ ਦੇਵ ਨਿਵਾਸੀ ਪਿੰਡ ਬਰੂਆ ਜ਼ਿਲਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਨਾਲ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੇ ਸਨ। ਇਸੇ ਦੌਰਾਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ਗਰਾ ਮੋੜਾ ਦੇ ਨੇੜੇ ਸੜਕ ਦੀ ਉਤਰਾਈ ’ਚ ਹਿਮਾਚਲ ਪ੍ਰਦੇਸ਼ ਤੋਂ ਸੇਬ ਲੋਡ ਕਰ ਕੇ ਪੰਜਾਬ ਵੱਲ ਆ ਰਹੇ ਇਕ ਤੇਜ਼ ਰਫ਼ਤਾਰ ਕੈਂਟਰ ਨੇ ਬੇਕਾਬੂ ਹੋ ਕੇ ਸਕੂਟਰੀ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸ ਕਾਰਣ ਘਟਨਾ ਸਥਾਨ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ ਅਤੇ ਟੱਕਰ ਤੋਂ ਤੁਰੰਤ ਬਾਅਦ ਸਕੂਟਰੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਸਕੂਟਰੀ ਪੂਰੀ ਤਰ੍ਹਾਂ ਨਾਲ ਸੜ੍ਹ ਗਈ।
ਉੱਧਰ ਹਾਦਸੇ ਦੌਰਾਨ ਉਕਤ ਕੈਂਟਰ ਵੀ ਸੜਕ ਦੇ ਵਿਚਕਾਰ ਹੀ ਪਲਟ ਗਿਆ, ਜਦਕਿ ਕੈਂਟਰ ਚਾਲਕ ਬਾਲ-ਬਾਲ ਬਚ ਗਿਆ ਅਤੇ ਉਸ ਨੂੰ ਕੇਵਲ ਮਾਮੂਲੀ ਸੱਟਾਂ ਲੱਗੀਆਂ। ਇਸ ਦੌਰਾਨ ਚੰਡੀਗੜ੍ਹ-ਮਨਾਲੀ ਮੁੱਖ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਸਵਾਰਘਾਟ ਦੀ ਪੁਲਸ ਵੱਲੋਂ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਟ੍ਰੈਫ਼ਿਕ ਮੁੜ ਬਹਾਲ ਕਰਵਾਇਆ ਗਿਆ। ਪੁਲਸ ਵੱਲੋਂ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਏਮਸ ਕੋਠੀਪੁਲਾ ਬਿਲਾਸਪੁਰ ਭੇਜ ਦਿੱਤਾ ਗਿਆ ਹੈ। ਪੁਲਸ ਨੇ ਕੈਂਟਰ ਚਾਲਕ ਰਮੇਸ਼ ਚੰਦ ਨਿਵਾਸੀ ਪਿੰਡ ਚਮਰੌਲੀ, ਜ਼ਿਲਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।