ਜਾਅਲੀ NOC ਮਾਮਲੇ ’ਚ ਜਲਦ ਹੋ ਸਕਦੈ ਵੱਡਾ ਖੁਲਾਸਾ, 16 NOC ਨਿਕਲੀਆਂ ਜਾਅਲੀ

Saturday, Sep 10, 2022 - 04:58 PM (IST)

ਜਾਅਲੀ NOC ਮਾਮਲੇ ’ਚ ਜਲਦ ਹੋ ਸਕਦੈ ਵੱਡਾ ਖੁਲਾਸਾ, 16 NOC ਨਿਕਲੀਆਂ ਜਾਅਲੀ

ਅੰਮ੍ਰਿਤਸਰ (ਨੀਰਜ) - ਜਾਅਲੀ ਐੱਨ. ਓ. ਸੀਜ਼ ਦਾ ਮਾਮਲਾ ਨਾ ਸਿਰਫ਼ ਰਜਿਸਟਰੀ ਦਫ਼ਤਰ ਬਲਕਿ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਲਈ ਸਿਰਦਰਦੀ ਬਣਿਆ ਹੋਇਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਕਰਨ ਵਾਲਾ ਸਰਕਾਰੀ ਵਿਭਾਗ ਜਲਦ ਇਸ ਮਾਮਲੇ ਵਿਚ ਵੱਡਾ ਖੁਲਾਸਾ ਕਰ ਸਕਦਾ ਹੈ। ਵਿਭਾਗ ਨੂੰ ਇਸ ਗੱਲ ਦੀ ਠੋਸ ਜਾਣਕਾਰੀ ਮਿਲੀ ਹੈ ਕਿ ਜਾਅਲੀ ਐੱਨ. ਓ. ਸੀ. ਤਿਆਰ ਕਰਨ ਵਾਲਾ ਗਿਰੋਹ ਕੌਣ ਚਲਾ ਰਿਹਾ ਹੈ ਅਤੇ ਇਸ ਗਿਰੋਹ ਦਾ ਸਰਗਣਾ ਕੌਣ ਹੈ। ਹਾਲਾਂਕਿ ਵਿਭਾਗ ਇਸ ਮਾਮਲੇ ਦੀ ਪੂਰੀ ਡੂੰਘਾਈ ਤੱਕ ਜਾਣਾ ਚਾਹੁੰਦਾ ਹੈ ਅਤੇ ਖੁਦ ਸਬ-ਰਜਿਸਟਰਾਰ-1 ਨਵਕੀਰਤ ਸਿੰਘ ਰੰਧਾਵਾ, ਸਬ-ਰਜਿਸਟਰਾਰ-2 ਜਸਕਰਨਜੀਤ ਸਿੰਘ ਅਤੇ ਸਬ-ਰਜਿਸਟਰਾਰ-3 ਬੀਰਕਰਨ ਸਿੰਘ ਢਿੱਲੋਂ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਇਸ ਮਾਮਲੇ ਦੀ ਸਖ਼ਤੀ ਨਾਲ ਜਾਂਚ ਕਰਨ ਸਬੰਧੀ ਸਿਟੀ ਪੁਲਸ ਨੂੰ ਲਿਖਤੀ ਹਦਾਇਤਾਂ ਦਿੱਤੀਆਂ ਹਨ।

ਪੜ੍ਹੋ ਇਹ ਵੀ ਖ਼ਬਰ: ਪਤੀ ਨੇ ਰੰਗੇ ਹੱਥੀਂ ਫੜੀ ਆਸ਼ਕ ਨੂੰ ਮਿਲਣ ਗਈ ਪਤਨੀ, ਹੋਇਆ ਜ਼ਬਰਦਸਤ ਹੰਗਾਮਾ (ਵੀਡੀਓ)

ਇਸੇ ਮਾਮਲੇ ਵਿਚ ਰਾਈਟਰਜ ਐਸੋਸੀਏਸ਼ਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸ਼ਰਮਾ ਨੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ ਕਿ ਜੇਕਰ ਫਰਜ਼ੀ ਐੱਨ. ਓ. ਸੀ. ਮਾਮਲੇ ਦੀ ਈਮਾਨਦਾਰੀ ਨਾਲ ਜਾਂਚ ਕੀਤੀ ਜਾਵੇ ਤਾਂ ਇਕ, ਦੋ, ਤਿੰਨ ਨਹੀਂ ਸਗੋਂ ਸੈਂਕੜੇ ਜਾਅਲੀ ਐੱਨ. ਓ. ਸੀ. ਮਿਲਣਗੀਆ। ਇਸ ਵਿਚ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ ਜਾਅਲੀ ਐੱਨ. ਓ. ਸੀ. ਗਿਰੋਹ ਨੇ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਾਫੀ ਹੱਦ ਤੱਕ ਇਸ ਵਿਚ ਸਫਲ ਵੀ ਰਿਹਾ ਹੈ ਪਰ ਗਿਰੋਹ ਨੂੰ ਇਹ ਪਤਾ ਸੀ ਕਿ ਰਜਿਸਟਰੀ ਹੋਣ ਤੋਂ ਬਾਅਦ ਵੀ ਜਾਅਲੀ ਐੱਨ. ਓ. ਸੀ. ਦੀ ਜਾਂਚ ਹੋ ਸਕਦੀ ਹੈ।

ਜਾਅਲੀ ਐੱਨ. ਓ. ਸੀਜ਼ ਦੇ ਮਾਮਲੇ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਹੁਣ ਤੱਕ ਰਜਿਸਟਰੀ ਦਫ਼ਤਰ-1 ਅਤੇ ਰਜਿਸਟਰੀ ਦਫ਼ਤਰ-2 ਵਿਚ ਕੁੱਲ 16 ਜਾਅਲੀ ਫੜੀਆਂ ਗਈਆਂ ਹਨ। ਰਜਿਸਟਰੀ ਦਫ਼ਤਰ-1 ਵਿਚ 9 ਜਦੋਂਕਿ ਰਜਿਸਟਰੀ ਦਫ਼ਤਰ-2 ਵਿਚ 7 ਜਾਅਲੀ ਐੱਨ. ਓ. ਸੀ. ਫੜੀਆਂ ਗਈਆਂ ਹਨ ਪਰ ਅਜੇ ਤੱਕ ਰਜਿਸਟਰੀ ਦਫ਼ਤਰ 2 ਵਲੋਂ ਇਨ੍ਹਾਂ ਦੀਆਂ ਸਾਰੀਆਂ ਰਜਿਸਟਰੀਆਂ ਦੀ ਐੱਨ. ਓ. ਸੀ. ਨਗਰ ਨਿਗਮ ਅਤੇ ਪੁੱਡਾ ਨੂੰ ਜਾਂਚ ਲਈ ਨਹੀਂ ਭੇਜੀਆਂ ਗਈਟਾਂ। ਰਜਿਸਟਰੀ ਦਫ਼ਤਰ-3 ਵਲੋਂ ਸਬੰਧਤ ਵਿਭਾਗਾਂ ਨੂੰ ਭੇਜੇ ਗਏ 345 ਦੇ ਕਰੀਬ ਐੱਨ. ਓ. ਸੀਜ਼ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਹੈ, ਜਦਕਿ ਪੂਰੀ ਸੰਭਾਵਨਾ ਹੈ ਕਿ ਰਜਿਸਟਰੀ ਦਫ਼ਤਰ-3 ਵਿੱਚ ਵੀ ਵੱਡੀ ਗਿਣਤੀ ਵਿੱਚ ਜਾਅਲੀ ਐੱਨ. ਓ. ਸੀਜ਼ ਫੜੀਆਂ ਜਾਣਗੀਆਂ।

ਪੜ੍ਹੋ ਇਹ ਵੀ ਖ਼ਬਰ: ਮਹਾਰਾਣੀ ਐਲਿਜ਼ਾਬੈਥ II ਨੇ 1997 'ਚ ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਸੀ ਮੱਥਾ, ਵੇਖੋ ਵੀਡੀਓ

ਸਰਕਾਰੀ ਮਿਲੀਭੁਗਤ ਨਾਲ ਤਕਨੀਕੀ ਮਾਹਿਰਾਂ ਦੀ ਟੀਮ
ਜਾਣਕਾਰੀ ਮਿਲੀ ਹੈ ਕਿ ਜਾਅਲੀ ਐੱਨ.ਓ.ਸੀ. ਤਿਆਰ ਕਰਨ ਵਿਚ ਕੁਝ ਸਰਕਾਰੀ ਮੁਲਾਜ਼ਮ ਅਤੇ ਇਕ ਗਿਰੋਹ ਦੀ ਮਿਲੀਭੁਗਤ ਹੈ। ਇਹ ਅਜਿਹਾ ਗੈਂਗ ਹੈ, ਜੋ ਦਸਤਾਵੇਜ਼ਾਂ ਨੂੰ ਸਕੈਨ ਕਰਨ ਵਿਚ ਇਨ੍ਹਾਂ ਮਾਹਿਰ ਹੈ ਕਿ ਪਾਕਿਸਤਾਨ ਦੀ ਖੂਫੀਆਂ ਏਜੰਸੀ ਆਈ. ਐੱਸ. ਆਈ. ਵੀ ਜਾਅਲੀ ਭਾਰਤੀ ਕਰੰਸੀ ਇੰਨ੍ਹੀ ਸਫਾਈ ਨਾਲ ਨਹੀਂ ਬਣਾ ਸਕਦੀ ਹੈ, ਜਿਵੇਂ ਇਹ ਗਿਰੋਹ ਰਜਿਸਟਰੀ ਦੇ ਨਾਲ ਲੱਗਣ ਵਾਲੇ ਦਸਤਾਵੇਜ਼ਾਂ ਨੂੰ ਸਕੈਨ ਕਰਕੇ ਟੈਂਪਰਿੰਗ ਕਰਦਾ ਹੈ।

ਪਿਛਲੇ ਕੁਝ ਮਹੀਨਿਆਂ ਤੋਂ ਜਿੱਥੇ ਜਾਅਲੀ ਐੱਨ. ਓ. ਸੀਜ਼ ਫੜੀਆਂ ਜਾ ਰਹੀਆਂ ਹਨ, ਉਥੇ ਹੀ ਜਿਨ੍ਹਾਂ ਲੋਕਾਂ ਕੋਲ ਪਿਛਲੇ ਸੱਤ ਤੋਂ ਦਸ ਸਾਲ ਪੁਰਾਣੇ ਮੈਨੂਅਲ ਐੱਨ. ਓ. ਸੀ. ਹਨ, ਉਹ ਵੀ ਜ਼ਿਆਦਾਤਰ ਕੇਸਾਂ ਵਿਚ ਜਾਅਲੀ ਪਾਏ ਗਏ ਹਨ। ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਹੱਥੀਂ ਐੱਨ. ਓ. ਸੀ. ਦਿੱਤੀਆਂ ਗਈਆਂ ਸਨ ਪਰ ਇਸ ਦਾ ਰਿਕਾਰਡ ਸਬੰਧਤ ਵਿਭਾਗਾਂ ਕੋਲ ਨਹੀਂ ਹੈ, ਕਿਉਂਕਿ ਕੁਝ ਵਿਭਾਗਾਂ ਦੇ ਦਫ਼ਤਰ ਕਿਸੇ ਹੋਰ ਦਫ਼ਤਰ ਵਿੱਚ ਤਬਦੀਲ ਕਰ ਦਿੱਤੇ ਗਏ ਸਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਵਿਖੇ ਵਾਪਰੀ ਕਤਲ ਦੀ ਵਾਰਦਾਤ ਮੌਕੇ ਮੌਜੂਦ ਸੀ ਇਹ ਨੌਜਵਾਨ, ਰੋ-ਰੋ ਦੱਸੀ ਸਾਰੀ ਕਹਾਣੀ (ਵੀਡੀਓ)

ਰਿਕਾਰਡ ਟੈਂਪਰਿੰਗ ਵਿਚ ਫਸੇ ਹਨ ਕਈ ਮੁਲਾਜ਼ਮ
ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਅਤੇ ਟੈਂਪਰਿੰਗ ਕਰਨ ਦੇ ਮਾਮਲੇ ਵਿਚ ਡੀ.ਸੀ. ਦਫ਼ਤਰ ਸਮੇਤ ਕਈ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਫਸਦੇ ਰਹੇ ਹਨ, ਜਿਸ ਨੂੰ ਸਮੇਂ-ਸਮੇਂ ’ਤੇ ਜਾਂ ਤਾਂ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਰਿਹਾ ਹੈ ਜਾਂ ਫਿਰ ਮੁਅੱਤਲ ਕਰ ਦਿੱਤਾ ਜਾਂਦਾ ਰਿਹਾ ਹੈ ਪਰ ਕੁਝ ਮੁਲਾਜ਼ਮ ਅਜੇ ਵੀ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ, ਜੋ ਪ੍ਰਸ਼ਾਸਨ ਦੇ ਰਾਡਾਰ ’ਤੇ ਹਨ।

ਜਾਅਲੀ ਐੱਨ. ਓ. ਸੀਜ਼ ਦੀ ਜਾਂਚ ਰਿਪੋਰਟ ਆਉਣ ’ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਭਾਵੇ ਉਹ ਪ੍ਰਾਈਵੇਟ ਕਰਮਚਾਰੀ ਹੋਵੇ ਜਾਂ ਸਰਕਾਰੀ ਕਰਮਚਾਰੀ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। –ਹਰਪ੍ਰੀਤ ਸਿੰਘ ਸੂਦਨ (ਡਿਪਟੀ ਕਮਿਸ਼ਨਰ) ਅੰਮ੍ਰਿਤਸਰ।


author

rajwinder kaur

Content Editor

Related News