ਸ਼ਹਿਰ ’ਚ ਮੂੰਹ ਬੰਨ੍ਹ ਕੇ ਵਾਹਨ ਚਲਾਉਣ ਵਾਲੇ ਲੋਕਾਂ ’ਤੇ ਬਟਾਲਾ ਪੁਲਸ ਕੱਸੇਗੀ ਸ਼ਿਕੰਜਾ : SP ਗਿੱਲ

05/07/2023 6:25:51 PM

ਬਟਾਲਾ (ਸਾਹਿਲ)- ਅੱਜ ਸ਼ਾਮ ਸਮੇਂ ਜਗ ਬਾਣੀ ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਪੁਲਸ ਜ਼ਿਲ੍ਹਾ ਬਟਾਲਾ ਦੇ ਐੱਸ.ਪੀ ਇਨਵੈੱਸਟੀਗੇਸ਼ਨ ਗੁਰਪ੍ਰੀਤ ਸਿੰਘ ਗਿੱਲ ਨੇ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਮਾਜ ਵਿਰੋਧੀ ਅਨਸਰਾਂ ਵਲੋਂ ਕੀਤੀਆਂ ਜਾਂਦੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਕੋਈ ਵੀ ਵਿਅਕਤੀ ਬਟਾਲਾ ਸ਼ਹਿਰ ਵਿਚ ਆਪਣਾ ਮੂੰਹ ਬੰਨ ਕੇ ਦਾਖ਼ਲ ਨਾ ਹੋਵੇ ਤੇ ਜੇਕਰ ਕੋਈ ਮੂੰਹ ਬੰਨ੍ਹ ਕੇ ਸ਼ਹਿਰ ਵਿਚ ਮੋਟਰਸਾਈਕਲ, ਸਕੂਟਰ ਆਦਿ ਚਲਾਉਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਪੁਲਸ ਵਿਭਾਗ ਵਲੋਂ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ- ਕਾਰ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ,  2 ਭਰਾ ਗੰਭੀਰ ਜ਼ਖ਼ਮੀ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੂੰਹ ਬੰਨ੍ਹ ਕੇ ਮੋਪੇਡਾਂ/ਸਕੂਟਰੀਆਂ ਚਲਾਉਣ ਵਾਲੀਆਂ ਔਰਤਾਂ ਅਤੇ ਖਾਸ ਕਰਕੇ ਕੁੜੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਆਪਣਾ ਮੂੰਹ ਬੰਨ੍ਹ ਕੇ ਆਪਣੇ ਦੋਪਹੀਆ ਵਾਹਨ ਨਾ ਚਲਾਉਣ ਕਿਉਂਕਿ ਇਹ ਨਿਯਮ ਪੁਲਸ ਵਲੋਂ ਔਰਤਾਂ ਅਤੇ ਕੁੜੀਆਂ ’ਤੇ ਵੀ ਬਰਾਬਰ ਹੀ ਲਾਗੂ ਹੋਵੇਗਾ। ਉਨ੍ਹਾਂ ਕਿਹਾ ਮੂੰਹ ਬੰਨ੍ਹ ਕੇ ਸ਼ਹਿਰ ਵਿਚ ਅਕਸਰ ਲੁੱਟ ਆਦਿ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਇਸ ਲਈ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਦੇ ਮੱਦੇਨਜ਼ਰ ਹੀ ਪੁਲਸ ਇਹ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ, ਜਿਸ ’ਤੇ ਸਮੁੱਚੇ ਸ਼ਹਿਰ ਵਾਸੀਆਂ ਨੂੰ ਅਮਲ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ- ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ, ਹੁਣ BSC ਦੇ ਨਾਲ ਇਹ ਕੋਰਸ ਵੀ ਕਰ ਸਕਣਗੇ ਵਿਦਿਆਰਥੀ

ਐੱਸ.ਪੀ ਗਿੱਲ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਗੱਡੀ, ਬੱਸ ਜਾਂ ਟਰੱਕ ਆਦਿ ਦੇ ਸ਼ੀਸ਼ਿਆਂ ’ਤੇ ਕਾਲੀਆਂ ਫ਼ਿਲਮਾਂ ਲੱਗੀਆਂ ਨਜ਼ਰ ਆਈਆਂ ਤਾਂ ਤੁਰੰਤ ਪੁਲਸ ਵਲੋਂ ਉਸਦਾ ਚਾਲਾਨ ਕੱਟਿਆ ਜਾਵੇਗਾ ਅਤੇ ਇਸ ਸਬੰਧੀ ਕਿਸੇ ਦੀ ਕੋਈ ਵੀ ਸਿਫ਼ਾਰਸ਼ ਆਦਿ ਨਹੀਂ ਚੱਲੇਗੀ। ਉਨ੍ਹਾਂ ਨਾਬਾਲਿਗ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋਪਹੀਆ ਵਾਹਨ ਆਦਿ ਚਲਾਉਣ ਲਈ ਨਾ ਦੇਣ ਕਿਉਂਕਿ ਇਕ ਤਾਂ ਕਾਨੂੰਨ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਆਪਣੇ ਨਾਬਾਲਿਗ ਬੱਚਿਆਂ ਨੂੰ ਸਕੂਟਰ/ਮੋਟਰਸਾਂਈਕਲ ਦੇ ਕੇ ਸਕੂਲਾਂ/ਕਾਲਜਾਂ ਵਿਚ ਭੇਜੀਏ ਅਤੇ ਦੂਜਾ ਹਾਦਸਾ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News