ਅਣਪਛਾਤੇ ਨੌਜਵਾਨਾਂ ਨੇ ਦਿਨ-ਦਿਹਾੜੇ ਲੜਕੀ ਤੋਂ ਸਕੂਟਰੀ ਖੋਹੀ
Sunday, Sep 16, 2018 - 10:26 AM (IST)

ਬਟਾਲਾ (ਸੈਂਡੀ, ਭੱਲਾ) : ਸ਼ਨੀਵਾਰ ਦਿਨ-ਦਿਹਾੜੇ ਧਰਮਪੁਰਾ ਕਾਲੋਨੀ ਵਿਖੇ 2 ਅਣਪਛਾਤੇ ਨੌਜਵਾਨਾਂ ਵੱਲੋਂ ਇਕ ਲੜਕੀ ਤੋਂ ਸਕੂਟਰੀ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ. ਐੱਸ. ਆਈ. ਮੋਹਨ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਸ਼ੰਕਰਪੁਰਾ ਦੀ ਬੇਟੀ ਰੋਜ਼ਾਨਾ ਦੀ ਤਰ੍ਹਾਂ ਬਟਾਲਾ ਵਿਖੇ ਟਿਊਸ਼ਨ ਪੜ੍ਹਨ ਲਈ ਆਉਂਦੀ ਹੈ। ਅੱਜ ਟਿਊਸ਼ਨ ਪੜ੍ਹ ਕੇ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਘਰ ਵਾਪਸ ਆ ਰਹੀ ਸੀ ਕਿ ਜਦੋਂ ਧਰਮਪੁਰਾ ਕਾਲੋਨੀ ਦੇ ਕੋਲ ਪੁੱਜੀ ਤਾਂ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਤੁਹਾਡੀ ਸਕੂਟਰੀ ਦਾ ਸਟੈਂਡ ਲੱਗਾ ਹੈ ਜਦੋਂ ਉਹ ਰੁਕ ਕੇ ਸਟੈਂਡ ਨੂੰ ਠੀਕ ਕਰਨ ਲੱਗੀ ਤਾਂ ਉਕਤ ਨੌਜਵਾਨਾਂ ਨੇ ਉਸ ਨੂੰ ਧੱਕਾ ਮਾਰ ਕੇ ਉਸਦੀ ਸਕੂਟਰੀ ਖੋਹ ਲਈ ਤੇ ਫਰਾਰ ਹੋ ਗਏ।
ਏ. ਐੱਸ. ਆਈ. ਨੇ ਦੱਸਿਆ ਕਿ ਲੜਕੀ ਦਾ ਮੋਬਾਇਲ ਸਕੂਟਰੀ ਦੀ ਡਿਗੀ ਵਿਚ ਸੀ। ਜਦੋਂ ਅਸੀਂ ਮੋਬਾਇਲ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਇਹ ਸਕੂਟਰੀ ਖਾਣਾ ਰਿਜ਼ੋਰਟ ਦੇ ਕੋਲ ਝਾੜੀਆਂ ਵਿਚ ਲਾਵਾਰਿਸ ਹਾਲਤ ਵਿਚ ਮਿਲੀ। ਉਨ੍ਹਾਂ ਕਿਹਾ ਕਿ ਲੜਕੀ ਨੂੰ ਥਾਣੇ ਬੁਲਾ ਕੇ ਉਸਦੇ ਮਾਤਾ-ਪਿਤਾ ਦੇ ਸਾਹਮਣੇ ਸਕੂਟਰੀ ਦਿੱਤੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਭੁਪਿੰਦਰ ਕੁਮਾਰ ਹੌਲਦਾਰ, ਅਮਰਬੀਰ ਸਿੰਘ ਸੀ. ਆਈ. ਡੀ. ਅਫਸਰ ਆਦਿ ਹਾਜ਼ਰ ਸਨ।