MLA ਅਰੁਣਾ ਚੌਧਰੀ ਦੇ ਯਤਨਾਂ ਸਦਕਾਂ ਪੱਕਾ ਰੋਡ ਬਣਾਉਣ ਨੂੰ ਮਿਲੀ ਮਨਜ਼ੂਰੀ
Tuesday, Apr 01, 2025 - 01:43 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਇਕਾ ਅਰੁਣਾ ਚੌਧਰੀ ਦੇ ਵਿਸ਼ੇਸ਼ ਯਤਨਾਂ ਸਦਕਾ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਲੈ ਕੇ ਧੁੱਸੀ ਰਾਹੀਂ ਨੋਮਣੀ ਹੈਡ ਪੁਲ ਨੂੰ ਜਾਂਦੇ ਮਾਰਗ ਨੂੰ ਪੱਕਾ ਰੋਡ ਬਣਾਉਣ ਦੀ ਮਨਜ਼ੂਰੀ ਮਿਲੀ ਹੈ। ਇਸਦੇ ਨਿਰਮਾਣ ਲਈ 15 ਲੱਖ ਰੁਪਏ ਦੀ ਪਹਿਲੀ ਕਿਸ਼ਤ ਵੀ ਸਬੰਧਿਤ ਮਹਿਕਮੇ ਨੂੰ ਜਾਰੀ ਹੋ ਗਈ ਹੈ।
ਜਾਣਕਾਰੀ ਅਨੁਸਾਰ ਸੰਗਤਾਂ ਦੀ ਸਹੂਲਤ ਲਈ ਇਹ ਵੱਖਰਾ ਮਾਰਗ ਬਣਾਉਣ ਵਾਸਤੇ ਗੁਰਦੁਆਰਾ ਟਾਹਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀਂ ਵਿਧਾਇਕਾ ਅਰੁਣਾ ਚੌਧਰੀ ਨੂੰ ਕਿਹਾ ਗਿਆ ਸੀ। ਉਸ ਵੇਲੇ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਹੋਏ ਸਨ।
ਜਾਣਕਾਰੀ ਅਨੁਸਾਰ ਕਮੇਟੀ ਨੁਮਾਇੰਦਿਆਂ ਵੱਲੋਂ ਵਿਧਾਇਕਾ ਅਰੁਣਾ ਚੌਧਰੀ ਸਾਹਮਣੇ ਇਹ ਮੰਗ ਰੱਖਦਿਆਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਸੰਗਤਾਂ ਦੀ ਗਿਣਤੀ ਵੱਧਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਜੇਕਰ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਸਾਹਮਣੇ (ਜੋ ਪਿੰਡ ਨੌਸ਼ਹਿਰਾ ਵੱਲ ਨੂੰ ਜਾਂਦਾ ਹੈ) ਪੈਂਦੀ ਧੁੱਸੀ ਦੇ ਨਾਲ-ਨਾਲ ਪੱਕੀ ਸੜਕ ਬਣਾ ਦਿੱਤੀ ਜਾਵੇ ਤਾਂ ਸੰਗਤਾਂ ਦੇ ਆਣ ਤੇ ਜਾਣ ਲਈ ਵੱਖਰਾ ਮਾਰਗ ਬਣ ਜਾਵੇਗਾ ਅਤੇ ਉਨ੍ਹਾਂ ਲਈ ਆਵਾਜਾਈ ਹੋਰ ਸੁਖ਼ਾਲੀ ਹੋ ਜਾਵੇਗੀ।
ਵਿਧਾਇਕਾ ਅਰੁਣਾ ਚੌਧਰੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਇਸ ਮੰਗ ਨੂੰ ਪੂਰੀ ਸੰਜੀਦਗੀ ਨਾਲ ਲਿਆ ਗਿਆ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲ ਕਰਕੇ ਮੈਂਬਰ ਪਾਰਲੀਮੈਂਟ ਦੇ ਫੰਡਾਂ ਵਿੱਚੋਂ ਸੜਕ ਦੀ ਮਨਜ਼ੂਰੀ ਅਤੇ 15 ਲੱਖ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਵਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸੜਕ ’ਤੇ ਕੁੱਲ ਲਾਗਤ 32.16 ਲੱਖ ਰੁਪਏ ਆਵੇਗੀ।