ਮਹਿੰਗੀ ਬਿਜਲੀ ਖਿਲਾਫ ''ਆਪ'' ਦਾ ਅੰਦੋਲਨ, ਕੀਤੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

09/21/2019 11:55:59 AM

ਅੰਮ੍ਰਿਤਸਰ (ਮਹਿੰਦਰ)—ਦਿੱਲੀ ਅਤੇ ਦੇਸ਼ ਦੇ ਹੋਰ ਕਈ ਰਾਜਾਂ ਦੀ ਤੁਲਨਾ 'ਚ ਪੰਜਾਬ ਵਿਚ ਲੋਕਾਂ ਨੂੰ ਮਹਿੰਗੀਆਂ ਦਰਾਂ 'ਤੇ ਦਿੱਤੀ ਜਾ ਰਹੀ ਬਿਜਲੀ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਤਹਿਤ ਅੰਮ੍ਰਿਤਸਰ 'ਚ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ 'ਚ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਹਾਲ ਗੇਟ ਦੇ ਬਾਹਰ ਕੈਪਟਨ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

'ਆਪ' ਸ਼ਹਿਰੀ ਇਕਾਈ ਦੇ ਪ੍ਰਧਾਨ ਅਸ਼ੋਕ ਤਲਵਾੜ ਨੇ ਕਿਹਾ ਕਿ ਇਕ ਪਾਸੇ ਜਿਥੇ ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਨੇ ਆਪਣੇ 4 ਸਾਲ ਦੇ ਕਾਰਜਕਾਲ ਵਿਚ ਬਿਜਲੀ ਦੇ ਰੇਟ ਵਧਣ ਨਹੀਂ ਦਿੱਤੇ, ਸਗੋਂ ਜਾਤ-ਪਾਤ ਤੋਂ ਉੱਪਰ ਉਠ ਕੇ ਹਰ ਵਰਗ ਲਈ 200 ਯੂਨਿਟ ਬਿਜਲੀ ਮੁਫਤ ਕਰ ਕੇ ਦਿੱਲੀ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ, ਉਥੇ ਹੀ ਦੂਜੇ ਪਾਸੇ ਪੰਜਾਬ ਵਿਚ ਕੈਪਟਨ ਸਰਕਾਰ ਵੱਲੋਂ ਆਪਣੇ 2 ਸਾਲ ਦੇ ਕਾਰਜਕਾਲ 'ਚ ਕਈ ਵਾਰ ਬਿਜਲੀ ਦੀਆਂ ਦਰਾਂ 'ਚ ਵਾਧਾ ਕਰ ਕੇ ਲੋਕਾਂ 'ਤੇ ਆਰਥਿਕ ਬੋਝ ਵਧਾਉਣ ਦਾ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਦਿੱਲੀ 'ਚ 'ਆਪ' ਸਰਕਾਰ ਬਿਜਲੀ ਖਰੀਦ ਕੇ ਹਰੇਕ ਵਰਗ ਦੇ ਲੋਕਾਂ ਨੂੰ ਜਿਥੇ 200 ਯੂਨਿਟ ਤੱਕ ਬਿਜਲੀ ਮੁਫਤ ਦੇ ਰਹੀ ਹੈ, ਉਥੇ ਹੀ ਉਸ ਤੋਂ ਵੱਧ ਇਸਤੇਮਾਲ ਹੋਣ ਵਾਲੀ ਬਿਜਲੀ ਸਿਰਫ 1 ਤੋਂ 2 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਉਪਲਬਧ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਜਵਾਬ ਦੇਵੇ ਕਿ ਜਦੋਂ ਦਿੱਲੀ 'ਚ ਲੋਕਾਂ ਨੂੰ 1 ਤੋਂ 2 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ ਤਾਂ ਫਿਰ ਪੰਜਾਬ ਵਿਚ ਬਿਜਲੀ ਦਾ ਉਤਪਾਦਨ ਹੋਣ ਦੇ ਬਾਵਜੂਦ ਲੋਕਾਂ ਨੂੰ 10 ਰੁਪਏ ਤੱਕ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕਿਉਂ ਬਿਜਲੀ ਮਿਲ ਰਹੀ ਹੈ? ਇਹ ਪੰਜਾਬ ਦੀ ਜਨਤਾ ਨਾਲ ਧੱਕੇਸ਼ਾਹੀ ਨਹੀਂ ਤਾਂ ਹੋਰ ਕੀ ਹੈ? ਇਸ ਦੇ ਲਈ ਮੌਜੂਦਾ ਤੇ ਸਾਬਕਾ ਦੋਵੇਂ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ 'ਚ ਪਿਛਲੇ ਦਿਨੀਂ ਬਿਜਲੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਵੱਡੀ ਗਿਣਤੀ ਵਿਚ ਲੋਕਾਂ ਦੇ ਬਿੱਲ ਵੀ ਠੀਕ ਕਰਵਾਏ ਗਏ।ਇਸ ਮੌਕੇ ਨੈਸ਼ਨਲ ਕੌਂਸਲ ਮੈਂਬਰ ਹਰਿੰਦਰ ਸਿੰਘ ਤੋਂ ਇਲਾਵਾ ਹਲਕਾ ਇੰਚਾਰਜ ਸਰਬਜੋਤ ਸਿੰਘ, ਡਾ. ਇੰਦਰਪਾਲ, ਉਪ ਪ੍ਰਧਾਨ ਰਾਜਿੰਦਰ ਪਲਾਹ, ਸਤਵਿੰਦਰ ਸਿੰਘ ਜੌਹਲ ਆਦਿ ਸਮੇਤ ਵੱਡੀ ਗਿਣਤੀ 'ਚ ਪਾਰਟੀ ਦੇ ਵਾਲੰਟੀਅਰ ਮੌਜੂਦ ਸਨ।


Shyna

Content Editor

Related News