ਜਲਿਆਂਵਾਲਾ ਬਾਗ ''ਚ ਆਜ਼ਾਦੀ ਘੁਲਾਟੀਆਂ ਦੇ ਸਾਰੇ ਹਵਾਲੇ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ : ਵਿਕਰਮਜੀਤ ਸਾਹਨੀ

Tuesday, Aug 23, 2022 - 10:45 PM (IST)

ਜਲਿਆਂਵਾਲਾ ਬਾਗ ''ਚ ਆਜ਼ਾਦੀ ਘੁਲਾਟੀਆਂ ਦੇ ਸਾਰੇ ਹਵਾਲੇ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ : ਵਿਕਰਮਜੀਤ ਸਾਹਨੀ

ਅੰਮ੍ਰਿਤਸਰ (ਕਮਲ ਕਾਂਸਲ) : ਸੰਸਦ ਮੈਂਬਰ ਰਾਜ ਸਭਾ ਵਿਕਰਮਜੀਤ ਸਿੰਘ ਸਾਹਨੀ ਨੇ ਜਲਿਆਂਵਾਲਾ ਬਾਗ ਵਿਖੇ ਸ਼ਰਧਾਂਜਲੀ ਭੇਟ ਕੀਤੀ, ਜਿੱਥੇ 1919 ਦੌਰਾਨ ਜਨਰਲ ਡਾਇਰ ਦੁਆਰਾ ਅੰਨ੍ਹੇਵਾਹ ਗੋਲੀਬਾਰੀ ਕਾਰਨ ਹਜ਼ਾਰਾਂ ਪੰਜਾਬੀਆਂ ਦੀ ਜਾਨ ਚਲੀ ਗਈ ਸੀ। ਸਾਹਨੀ ਨੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਜਲਿਆਂਵਾਲਾ ਬਾਗ ਦੇ ਪ੍ਰਵੇਸ਼ ਦੁਆਰ ਅਤੇ ਬਾਗ ਨੂੰ ਜਾਣ ਵਾਲੇ ਤੰਗ ਰਸਤਿਆਂ ਨੂੰ ਲੋਹੇ ਦੀਆਂ ਚਾਦਰਾਂ ਨਾਲ ਢਕਿਆ ਹੋਇਆ ਹੈ, ਜਿੱਥੋਂ ਜਨਰਲ ਡਾਇਰ ਦੀਆਂ ਫ਼ੌਜਾਂ ਨਾਲ ਅੰਦਰ ਦਾਖ਼ਲ ਹੋਈਆਂ ਸਨ, 'ਤੇ ਨਾਨਕਸ਼ਾਹੀ ਇੱਟਾਂ ਲੱਗੀਆਂ ਹੋਈਆਂ ਸਨ, ਨੂੰ ਹੁਣ ਪਲਸਟਰ ਕਰ ਦਿੱਤਾ ਗਿਆ ਹੈ।

ਖ਼ਬਰ ਇਹ ਵੀ : ਫਿਰ ਲਿਖੇ ਗਏ ਖ਼ਾਲਿਸਤਾਨੀ ਨਾਅਰੇ, ਉਥੇ ਬੰਬੀਹਾ ਗਰੁੱਪ ਨੇ ਗਾਇਕ ਮਨਕੀਰਤ ਨੂੰ ਦਿੱਤੀ ਧਮਕੀ, ਪੜ੍ਹੋ TOP 10

ਸਾਹਨੀ ਨੇ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਨੂੰ ਉਸੇ ਰੂਪ 'ਚ ਸੰਭਾਲਣਾ ਚਾਹੀਦਾ ਹੈ, ਜਿਸ ਰੂਪ ਵਿੱਚ ਇਹ ਮੌਜੂਦ ਹੈ ਅਤੇ ਸਮਾਰਕ ਦੇ ਇਤਿਹਾਸਕ ਪ੍ਰਵੇਸ਼ ਦੁਆਰ ਨੂੰ ਨਹੀਂ ਬਦਲਣਾ ਚਾਹੀਦਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਲਿਆਂਵਾਲਾ ਬਾਗ ਟਰੱਸਟ ਦੇ ਮੈਂਬਰਾਂ ਨੂੰ ਜਲਿਆਂਵਾਲਾ ਬਾਗ ਦੀ ਵਿਰਾਸਤ ਨੂੰ ਬਹਾਲ ਕਰਨ ਲਈ ਮਾਹਿਰਾਂ ਦੀ ਇਕ ਕਮੇਟੀ ਨਿਯੁਕਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਕ ਛੋਟੀ ਬੁਰਜੀ ਜੋ ਉਸ ਥਾਂ ਦੀ ਯਾਦ ਸੀ, ਜਿੱਥੋਂ ਜਨਰਲ ਡਾਇਰ ਨੇ ਗੋਲੀਬਾਰੀ ਦਾ ਹੁਕਮ ਦਿੱਤਾ ਸੀ, ਨੂੰ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਇੱਥੇ ਸੰਗਮਰਮਰ ਦੀ ਇਕ ਤਖ਼ਤੀ ਲਗਾ ਦਿੱਤੀ ਗਈ ਹੈ, ਜੋ ਬਹੁਤ ਸਾਰੇ ਸੈਲਾਨੀਆਂ ਨੂੰ ਦਿਖਾਈ ਨਹੀਂ ਦਿੰਦੀ।

ਇਹ ਵੀ ਪੜ੍ਹੋ : ਭਲਕੇ ਨਵੀਂ ਦਿੱਲੀ 'ਚ Azadi Quest ਦਾ ਹੋਵੇਗਾ ਸ਼ੁੱਭ ਆਰੰਭ, ਅਨੁਰਾਗ ਠਾਕੁਰ ਹੋਣਗੇ ਮੁੱਖ ਮਹਿਮਾਨ

ਸਾਹਨੀ ਨੇ ਕਿਹਾ ਕਿ ਇਹ ਦੇਖਣਾ ਵਿਅੰਗਾਤਮਕ ਹੈ ਕਿ ਬਾਗ ਵਿੱਚ ਆਜ਼ਾਦੀ ਘੁਲਾਟੀਆਂ ਦੇ ਸਾਰੇ ਹਵਾਲੇ ਅੰਗਰੇਜ਼ੀ ਅਤੇ ਹਿੰਦੀ 'ਚ ਲਿਖੇ ਗਏ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਇਨ੍ਹਾਂ ਨੂੰ ਪੰਜਾਬੀ ਵਿੱਚ ਵੀ ਲਿਖਿਆ ਜਾਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਨੂੰ ਪੜ੍ਹ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਅਮਰ ਜਵਾਨ ਜੋਤੀ ਜੋ ਬਾਗ ਦੇ ਕੇਂਦਰ ਵਿੱਚ ਸੀ, ਨੂੰ ਇਕ ਕੋਨੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਾਹਨੀ ਨੇ ਇਹ ਵੀ ਅਪੀਲ ਕੀਤੀ ਕਿ ਸੈਂਕੜੇ ਔਰਤਾਂ ਵੱਲੋਂ ਮਾਰੂ ਖੂਹ ਵਿੱਚ ਸੁੱਟੇ ਕਰੰਸੀ ਨੋਟਾਂ ਅਤੇ ਸਿੱਕਿਆਂ ਦੇ ਰੂਪ ਵਿੱਚ ਵੱਡੀ ਰਕਮ ਦਾਨ ਬਾਕਸ ਵਿੱਚ ਇਕੱਠੀ ਕੀਤੀ ਜਾਵੇ ਅਤੇ ਇਹ ਪੈਸਾ ਗਰੀਬ ਲੜਕੀਆਂ ਦੀ ਪੜ੍ਹਾਈ ਲਈ ਖਰਚਿਆ ਜਾਵੇ। ਸਾਹਨੀ ਨੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਇਨ੍ਹਾਂ ਸੁਝਾਵਾਂ 'ਤੇ ਗੌਰ ਕਰਨਗੇ ਤੇ ਜਲਦ ਤੋਂ ਜਲਦ ਇਨ੍ਹਾਂ ਅੰਤਰਾਂ ਨੂੰ ਸੁਧਾਰਨ ਲਈ ਇਕ ਵਿਆਪਕ ਕਮੇਟੀ ਦਾ ਗਠਨ ਕਰਨਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News