ਪ੍ਰਸ਼ਾਸਨ ਦਾ ਚੱਲ ਰਹੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ''ਚ ਛਾਪਾ

Friday, Jul 10, 2026 - 09:57 PM (IST)

ਪ੍ਰਸ਼ਾਸਨ ਦਾ ਚੱਲ ਰਹੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ''ਚ ਛਾਪਾ

ਤਰਨਤਾਰਨ (ਰਮਨ) - ਸਥਾਨਕ ਸ਼ਹਿਰ ਦੀ ਇਕ ਰਿਹਾਇਸ਼ੀ ਕਾਲੋਨੀ ਅੰਦਰ ਮੌਜੂਦ ਕੋਠੀ ਵਿਚ ਚੱਲ ਰਹੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪ੍ਰਸ਼ਾਸਨ ਵੱਲੋਂ 52 ਨਸ਼ੇ ਦੇ ਆਦੀ ਵਿਅਕਤੀਆਂ ਨੂੰ ਰੈਸਕਿਊ ਕਰਦੇ ਹੋਏ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਸਬੰਧਤ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕ ਫਰਾਰ ਹੋਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਦੇ ਖਿਲਾਫ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਸੰਦੀਪ ਧਵਨ ਨੇ ਦੱਸਿਆ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਇਕ ਸ਼ਿਕਾਇਤ ਦੇ ਆਧਾਰ ਉਪਰ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ’ਚ ਤਹਿਸੀਲਦਾਰ ਮੈਡਮ ਅਰਚਨਾ ਸ਼ਰਮਾ, ਜ਼ਿਲਾ ਮੈਡੀਕਲ ਕਮਿਸ਼ਨਰ ਡਾਕਟਰ ਰੂਪਮ ਚੌਧਰੀ ਅਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਸ਼ਾਮਲ ਸੀ। ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਦੱਸਿਆ ਕਿ ਮਿਲੇ ਹੁਕਮਾਂ ਤਹਿਤ ਟੀਮ ਵੱਲੋਂ ਸਥਾਨਕ ਸ਼ਹਿਰ ਦੀ ਰੋਹੀ ਕੰਡੇ ਮੌਜੂਦ ਹੋਲੀ ਸਿਟੀ ਰਿਹਾਇਸ਼ੀ ਕਾਲੋਨੀ ਵਿਚ ਦਸਤਕ ਦਿੱਤੀ ਗਈ, ਜਿੱਥੇ ਮੌਜੂਦ ਇਕ ਕੋਠੀ ’ਚ ਜਾਨਵਰਾਂ ਵਰਗੇ ਮਾਹੌਲ ਵਿਚ ਨਸ਼ੇ ਦੇ ਆਦੀ ਨੌਜਵਾਨਾਂ ਦਾ ਨਾਜਾਇਜ਼ ਤੌਰ ’ਤੇ ਖੋਲ੍ਹੇ ਗਏ ਨਸ਼ਾ ਛੁਡਾਊ ਕੇਂਦਰ ਦੌਰਾਨ ਇਲਾਜ ਕੀਤਾ ਜਾ ਰਿਹਾ ਸੀ। ਸਿਵਲ ਸਰਜਨ ਨੇ ਦੱਸਿਆ ਕਿ ਇਸ ਦੌਰਾਨ ਮਰੀਜ਼ਾਂ ਨਾਲ ਜਿੱਥੇ ਤਸ਼ੱਦਦ ਕੀਤਾ ਜਾ ਰਿਹਾ ਸੀ, ਉਥੇ ਹੀ ਉਨ੍ਹਾਂ ਪਾਸੋਂ ਪ੍ਰਤੀ ਮਹੀਨਾ ਕਰੀਬ 20 ਹਜ਼ਾਰ ਰੁਪਏ ਪ੍ਰਤੀ ਮਰੀਜ਼ ਵਸੂਲ ਕੀਤੇ ਜਾ ਰਹੇ ਸਨ, ਜਿੱਥੇ ਨਾ ਤਾਂ ਸੌਣ, ਖਾਣ-ਪੀਣ ਅਤੇ ਹਵਾਦਾਰ ਵਾਲਾ ਚੰਗਾ ਮਾਹੌਲ ਸੀ। ਗੰਦੇ ਬਿਸਤਰਿਆਂ ’ਤੇ ਨੌਜਵਾਨਾਂ ਨੂੰ ਸੌਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਆਪਣੇ ਤੌਰ ’ਤੇ ਬਿਨਾਂ ਕਿਸੇ ਮਾਹਿਰ ਡਾਕਟਰ ਦੇ ਇਲਾਜ ਕੀਤਾ ਜਾ ਰਿਹਾ ਸੀ।

ਸਿਵਲ ਸਰਜਨ ਨੇ ਦੱਸਿਆ ਕਿ ਇਸ ਦੌਰਾਨ ਟੀਮ ਵੱਲੋਂ ਮੌਕੇ ਤੋਂ ਕੁਝ ਦਵਾਈਆਂ ਅਤੇ ਹੋਰ ਸਾਮਾਨ ਆਪਣੇ ਕਬਜ਼ੇ ’ਚ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਸ ਨਾਜਾਇਜ਼ ਤੌਰ ਪਰ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚੋਂ 52 ਨਸ਼ੇ ਦੇ ਆਦੀ ਨੌਜਵਾਨਾਂ ਨੂੰ ਸੁਰੱਖਿਅਤ ਕਰਦੇ ਹੋਏ ਸਰਕਾਰੀ ਮੁੜ ਵਸੇਬਾ ਕੇਂਦਰ ਪਿੰਡ ਠਰੂ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਸ ਵੱਲੋਂ ਵੱਖਰੇ ਤੌਰ ’ਤੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲੇ ਮਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਪੁਲਸ ਕਰਮਚਾਰੀ ਅਤੇ ਐਂਬੂਲੈਂਸਾਂ ਦੀ ਮਦਦ ਨਾਲ ਰੈਸਕਿਊ ਕਰਦੇ ਹੋਏ ਨੌਜਵਾਨਾਂ ਨੂੰ ਦੇਰ ਸ਼ਾਮ ਪਿੰਡ ਠਰੂ ਵਿਖੇ ਸਰਕਾਰੀ ਮੁੜ ਵਸੇਬਾ ਕੇਂਦਰ ’ਚ ਸ਼ਿਫਟ ਕਰ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਸ਼ਾ ਛੁਡਾਊ ਕੇਂਦਰ ਅੰਦਰ ਮੌਜੂਦ ਕੁਝ ਨੌਜਵਾਨਾਂ ਨੇ ਦੱਸਿਆ ਕਿ ਇਸ ਨਾਜਾਇਜ਼ ਤੌਰ ’ਤੇ ਚੱਲ ਰਹੇ ਕੇਂਦਰ ਦੇ ਮਾਲਕ ਵੱਲੋਂ ਜਿੱਥੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਜਾਂਦਾ ਸੀ, ਉਥੇ ਹੀ ਉਨ੍ਹਾਂ ਪਾਸੋਂ ਪ੍ਰਤੀ ਮਹੀਨਾ 20 ਹਜ਼ਾਰ ਰੁਪਏ ਵਸੂਲ ਕੀਤੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਇਹੋ ਜਿਹੇ ਮਾਹੌਲ ’ਚ ਉਨ੍ਹਾਂ ਦਾ ਇਲਾਜ ਹੋਣਾ ਅਸੰਭਵ ਸੀ। ਨੌਜਵਾਨਾਂ ਨੇ ਦੱਸਿਆ ਕਿ ਉਹ ਲੰਮੇਂ ਸਮੇਂ ਤੋਂ ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਦੇ ਆਦੀ ਹਨ ਪ੍ਰੰਤੂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੋਟੀ ਰਕਮ ਖਰਚ ਕਰਦੇ ਹੋਏ ਸਾਡਾ ਇਲਾਜ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਇਥੇ ਸਬੰਧਤ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਵੱਲੋਂ ਸਾਡੇ ਨਾਲ ਜਿੱਥੇ ਮਾੜਾ ਵਰਤਾਓ ਕੀਤਾ ਜਾਂਦਾ ਸੀ, ਉਥੇ ਹੀ ਸਾਨੂੰ ਜਾਨਵਰਾਂ ਤੋਂ ਵੀ ਮਾੜੇ ਮਾਹੌਲ ਵਿਚ ਰੱਖਿਆ ਜਾ ਰਿਹਾ ਸੀ।


author

Inder Prajapati

Content Editor

Related News