ਪਿਟਬੁੱਲ ਕੁੱਤੇ ਨੇ 85 ਸਾਲਾ ਬਜ਼ੁਰਗ ਨੂੰ ਬੁਰੀ ਤਰ੍ਹਾਂ ਵੱਢਿਆ, ਸਿਵਲ ਹਸਪਤਾਲ ’ਚ ਦਾਖ਼ਲ

03/04/2024 1:39:23 PM

ਗੁਰਦਾਸਪੁਰ(ਵਿਨੋਦ,ਹਰਮਨ)- ਖ਼ਤਰਨਾਕ ਨਸਲ ਦੇ ਕੁੱਤਿਆਂ ਦੇ ਕੱਟਣ ਕਾਰਨ ਕਈ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ ਅਤੇ ਕਈ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ ਪਰ ਫਿਰ ਵੀ ਲੋਕ ਖ਼ਤਰਨਾਕ ਨਸਲ ਦੇ ਕੁੱਤਿਆਂ ਨੂੰ ਰੱਖਣ ਤੋਂ ਗੁਰੇਜ਼ ਨਹੀਂ ਕਰਦੇ। ਅਜਿਹੇ ਕੁੱਤਿਆਂ ਨੂੰ ਰੱਖਣ ਦਾ ਮਕਸਦ ਘਰ ਦੀ ਰਾਖੀ ਕਰਨਾ ਘੱਟ ਅਤੇ ਲੋਕਾਂ ਸਾਹਮਣੇ ਦਿਖਾਵੇ ਲਈ ਜ਼ਿਆਦਾ ਹੁੰਦਾ ਹੈ। ਹਰਚੋਵਾਲ ਕਸਬਾ ਨੇੜਲੇ ਪਿੰਡ ਬਹਾਦਰਪੁਰ ਰਾਜੋਆ ਦਾ ਰਹਿਣ ਵਾਲਾ 85 ਸਾਲਾ ਵਿਅਕਤੀ ਉਸਦੇ ਗੁਆਂਢੀਆਂ ਦੁਆਰਾ ਰੱਖਿਆ ਗਿਆ ਖ਼ਤਰਨਾਕ ਨਸਲ ਦੇ ਕੁੱਤੇ ਦਾ ਸ਼ਿਕਾਰ ਹੋ ਗਿਆ ਹੈ। ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬਜ਼ੁਰਗ ਨੂੰ ਜ਼ਖ਼ਮੀ ਕਰਨ ਵਾਲਾ ਕੁੱਤਾ ਪਿਟਬੁੱਲ ਨਸਲ ਦਾ ਸੀ ਅਤੇ ਕੁੱਤੇ ਨੇ ਬਜ਼ੁਰਗ ਨੂੰ ਇੰਨੀ ਬੁਰੀ ਤਰ੍ਹਾਂ ਵੱਢ ਲਿਆ ਕਿ ਬਜ਼ੁਰਗ ਨੂੰ ਸੀ.ਐੱਚ.ਸੀ ਹਰਚੋਵਾਲ ਤੋਂ ਸਿਵਲ ਹਸਪਤਾਲ ਗੁਰਦਾਸਪੁਰ ਰੈਫ਼ਰ ਕਰਨਾ ਪਿਆ‌ । ਅਜਿਹੇ 'ਚ ਬਜ਼ੁਰਗ ਪਰਿਵਾਰ ਨੂੰ 20 ਮਿੰਟ ਤੱਕ ਕੁੱਤੇ ਨਾਲ ਸੰਘਰਸ਼ ਕਰਨਾ ਪਿਆ ਅਤੇ ਡੰਡਿਆਂ ਨਾਲ ਕੁੱਟ ਕੇ ਬਜ਼ੁਰਗ ਨੂੰ ਕੁੱਤੇ ਤੋਂ ਛੁਡਵਾਇਆ ਅਤੇ ਉਸ ਦੀ ਜਾਨ ਬਚਾਈ ਪਰ ਕੁੱਤੇ ਨੇ ਉਸ ਦੇ ਚਿਹਰੇ, ਗਰਦਨ, ਲੱਤਾਂ, ਬਾਹਾਂ 'ਤੇ ਡੂੰਘੇ ਜ਼ਖ਼ਮ ਕਰ ਦਿੱਤੇ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ 'ਸਰਕਾਰ-ਵਪਾਰ ਮਿਲਣੀ' 'ਚ ਪੁੱਜੇ CM ਮਾਨ ਤੇ ਕੇਜਰੀਵਾਲ, ਆਖੀਆਂ ਅਹਿਮ ਗੱਲਾਂ

ਸਿਵਲ ਹਸਪਤਾਲ 'ਚ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਬਜ਼ੁਰਗ ਛੱਲਾ ਰਾਮ ਦੇ ਭਤੀਜੇ ਰਮਨ ਕੁਮਾਰ ਨੇ ਦੱਸਿਆ ਕਿ ਉਸ ਦਾ ਚਾਚਾ ਜੋ ਕਿ ਉਸ ਦੇ ਨਾਲ ਹੀ ਘਰ 'ਚ ਰਹਿੰਦਾ ਹੈ, ਦੁਪਹਿਰ ਸਮੇਂ ਆਪਣੀ ਦੁਕਾਨ ਤੋਂ ਰੋਟੀ ਖਾਣ ਲਈ ਘਰ ਆ ਰਿਹਾ ਸੀ, ਜਦੋਂ ਉਹ ਘਰ ਨੇੜੇ ਪਹੁੰਚਿਆ ਤਾਂ ਗੁਆਂਢੀਆਂ ਵੱਲੋਂ ਰੱਖੇ ਪਿਟਬੁੱਲ ਕੁੱਤੇ ਦਾ ਸ਼ਿਕਾਰ ਹੋ ਗਿਆ। ਇਸ ਖ਼ਤਰਨਾਕ ਕੁੱਤੇ ਨੂੰ ਗੁਆਂਢੀ ਨੇ ਛੱਡ ਦਿੱਤਾ ਸੀ ਭਾਵੇਂ ਇਹ ਪਹਿਲਾਂ ਵੀ ਕਈ ਲੋਕਾਂ 'ਤੇ ਹਮਲਾ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਕੁੱਤਾ ਬਜ਼ੁਰਗ ਛੱਲਾ ਰਾਮ ਨੂੰ ਬੁਰੀ ਤਰ੍ਹਾਂ ਰਗੜ ਰਿਹਾ ਸੀ, ਜਦੋਂ ਉਸ ਨੇ ਬਜ਼ੁਰਗ ਦੇ ਰੌਲਾ ਪਾਉਣ ਦੀ ਆਵਾਜ਼ ਸੁਣੀ ਤਾਂ ਉਹ ਅਤੇ ਉਸ ਦੀ ਭਰਜਾਈ ਸ਼ਾਵਨਿਆ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਕੁੱਤੇ ਨੇ ਉਨ੍ਹਾਂ ਦੇ ਚਾਚੇ ਨੂੰ ਬੁਰੀ ਤਰ੍ਹਾਂ ਫੜਿਆ ਹੋਇਆ ਸੀ, ਤਾਂ ਉਨ੍ਹਾਂ ਨੇ ਕੁੱਤੇ ਨੂੰ ਡੰਡਿਆਂ ਨਾਲ ਮਾਰਿਆ ਅਤੇ ਉਥੋਂ ਭਜਾ ਦਿੱਤਾ ਪਰ ਉਦੋਂ ਤੱਕ ਕੁੱਤੇ ਨੇ ਉਸ ਦੇ ਚਾਚੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਕੁਝ ਬੱਚੇ ਪੜ੍ਹਨ ਲਈ ਵੀ ਆਉਂਦੇ ਹਨ ਜਿਨ੍ਹਾਂ ਨੂੰ ਇਸ ਕੁੱਤੇ ਤੋਂ ਖ਼ਤਰਾ ਹੋ ਸਕਦਾ ਹੈ, ਇਸ ਲਈ ਅਜਿਹੇ ਖ਼ਤਰਨਾਕ ਕੁੱਤੇ ਨੂੰ ਰੱਖਣ ਵਾਲੇ ਗੁਆਂਢੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ’ਚ ਸ਼ਿਫਟ ਕਰਨ ਤੋਂ ਪੰਜਾਬ ਸਰਕਾਰ ਨੇ ਕੀਤੀ ਨਾਂਹ

ਸਿਵਲ ਹਸਪਤਾਲ ਵਿਖੇ ਡਿਊਟੀ 'ਤੇ ਮੌਜੂਦ ਐਮਰਜੈਂਸੀ ਮੈਡੀਕਲ ਅਫ਼ਸਰ ਡਾ: ਭੁਪੇਸ਼ ਕੁਮਾਰ ਨੇ ਦੱਸਿਆ ਕਿ ਕੁੱਤੇ ਦੇ ਵੱਢਣ ਕਾਰਨ ਬਜ਼ੁਰਗ ਦਾ ਮੂੰਹ, ਗਰਦਨ, ਹੱਥ ਅਤੇ ਲੱਤਾਂ ਗੰਭੀਰ ਜ਼ਖ਼ਮੀ ਹੋ ਗਈਆਂ । ਉਨ੍ਹਾਂ ਕਿਹਾ ਕਿ ਜ਼ਾਹਰ ਤੌਰ 'ਤੇ ਬਜ਼ੁਰਗ ਵਿਅਕਤੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨਾਲ ਰਗੜਿਆ ਹੈ ਅਤੇ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੂੰ ਪਿਟਬੁੱਲ ਕੁੱਤੇ ਨੇ ਰਗੜਿਆ ਹੈ। ਉਨ੍ਹਾਂ ਕਿਹਾ ਕਿ ਕੁੱਤੇ ਦੇ ਬਹੁਤ ਡੂੰਘੇ ਜ਼ਖ਼ਮ ਹੋਏ ਹਨ, ਇਸ ਲਈ ਸਿਰਫ਼ ਇਕ ਟਾਂਕਾ ਲੱਗਾ ਹੈ। ਉਸ ਦੇ ਜ਼ਖ਼ਮਾਂ 'ਤੇ ਪੱਟੀ ਲਗਾ ਦਿੱਤੀ ਗਈ ਹੈ ਅਤੇ ਬਜ਼ੁਰਗ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।

ਇਹ ਵੀ ਪੜ੍ਹੋ : ਦੁਖ਼ਦਾਈ ਖ਼ਬਰ: ਤੇਜ਼ ਰਫ਼ਤਾਰ ਗੱਡੀ ਨੇ ਲਪੇਟ 'ਚ ਲਿਆ ਨੌਜਵਾਨ, ਹਨ੍ਹੇਰਾ ਹੋਣ ਕਾਰਨ ਉਪਰੋਂ ਲੰਘਦੇ ਰਹੇ ਕਈ ਵਾਹਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News