ਸਰਹੱਦੀ ਖੇਤਰ ਦੇ 56 ਸਿੱਖ ਪਰਿਵਾਰਾਂ ਦੇ ਕਰੀਬ 500 ਮੈਂਬਰਾਂ ਨੇ ਸਿੱਖੀ ’ਚ ਕੀਤੀ ਘਰ ਵਾਪਸੀ
Wednesday, Sep 21, 2022 - 07:36 PM (IST)
![ਸਰਹੱਦੀ ਖੇਤਰ ਦੇ 56 ਸਿੱਖ ਪਰਿਵਾਰਾਂ ਦੇ ਕਰੀਬ 500 ਮੈਂਬਰਾਂ ਨੇ ਸਿੱਖੀ ’ਚ ਕੀਤੀ ਘਰ ਵਾਪਸੀ](https://static.jagbani.com/multimedia/2022_9image_19_34_387976834asr.jpg)
ਅੰਮ੍ਰਿਤਸਰ (ਸਾਗਰ, ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਨਾਲ ਪੰਜਾਬ ਦੇ ਸਰਹੱਦੀ ਖੇਤਰ ਦੇ 12 ਪਿੰਡਾਂ ਤੋਂ 56 ਸਿੱਖ ਪਰਿਵਾਰਾਂ ਦੇ ਲਗਭਗ 500 ਮੈਂਬਰਾਂ ਨੇ ਸਿੱਖੀ ’ਚ ਘਰ ਵਾਪਸੀ ਕੀਤੀ ਹੈ, ਜੋ ਗੁਰੂ ਕੀ ਵਡਾਲੀ, ਖਾਪੜਖੇੜੀ, ਰਾਮੂਵਾਲ, ਧੱਤਲ, ਚੀਚਾ, ਭਕਨਾ, ਬੁਰਜ, ਸੋਹਲ ਤੇ ਝਬਾਲ ਆਦਿ ਪਿੰਡਾਂ ਨਾਲ ਸਬੰਧਿਤ ਹਨ। ਇਸ ਸਬੰਧ ਵਿਚ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਪਾਤਸ਼ਾਹੀ ਛੇਵੀਂ ਸ੍ਰੀ ਅੰਮ੍ਰਿਤਸਰ ਵਿਖੇ ਕੀਤੇ ਵਿਸ਼ੇਸ਼ ਸਮਾਗਮ ’ਚ ਸ਼ਾਮਲ ਹੋਏ ਘਰ ਵਾਪਸੀ ਕਰਨ ਵਾਲੇ ਕਰੀਬ 100 ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਸ. ਬਾਵਾ ਸਿੰਘ ਗੁਮਾਨਪੁਰਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਖਵਰਸ਼ ਸਿੰਘ ਪੰਨੂ ਤੇ ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।
ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ: 55 ਸਾਲਾ ਵਿਅਕਤੀ ਦਾ ਕਹੀ ਮਾਰ ਕੀਤਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼
ਇਸ ਮੌਕੇ ਸੰਬੋਧਨ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ ਪੰਨੂ ਨੇ ਸਿੱਖੀ ’ਚ ਵਾਪਸ ਪਰਤੇ ਪਰਿਵਾਰਾਂ ਨੂੰ ਜੀ-ਆਇਆ ਕਿਹਾ ਅਤੇ ਭਵਿੱਖ ਵਿਚ ਹੋਰਨਾਂ ਲੋਕਾਂ ਨੂੰ ਅਜਿਹੇ ਅਖੌਤੀ ਪ੍ਰਚਾਰਕਾਂ ਦੇ ਭਰਮਜਾਲ ਤੋਂ ਬਚ ਕੇ ਰਹਿਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੌਜੂਦ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਇਹ ਸਿੱਖ ਪਰਿਵਾਰ ਅਖੌਤੀ ਇਸਾਈ ਪ੍ਰਚਾਰਕਾਂ ਦੇ ਗੁੰਮਰਾਹਕੁੰਨ ਪ੍ਰਚਾਰ ਦਾ ਸ਼ਿਕਾਰ ਹੋ ਗਏ ਸਨ। ਇਨ੍ਹਾਂ ਅੰਦਰ ਸਿੱਖੀ ਭਾਵਨਾ ਪ੍ਰਚੰਡ ਹੈ ਅਤੇ ਇਨ੍ਹਾਂ ਨੇ ਅਹਿਸਾਸ ਕਰਦਿਆਂ ਘਰ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਸਰਹੱਦੀ ਖੇਤਰ ਅੰਦਰ ਧਰਮ ਪ੍ਰਚਾਰ ਲਹਿਰ ਚਲਾਈ ਜਾ ਰਹੀ ਹੈ ਅਤੇ ਧਰਮ ਪਰਵਰਤਨ ਦੇ ਮਾਮਲਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ : ਸਰਹੱਦ ਪਾਰ: 6 ਮਹੀਨੇ ਦੀ ਗਰਭਵਤੀ ਦਾ ਪਤੀ ਨੇ ਕੀਤਾ ਕਤਲ, ਕਾਰਨ ਜਾਣ ਹੋ ਜਾਵੋਗੇ ਹੈਰਾਨ
ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਲਹਿਰ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਧਰਮ ਪਰਵਰਤਨ ਦੇ ਮਾਮਲੇ ਅਗਿਆਨਤਾ ਤੇ ਭਰਮਜਾਲ ਨਾਲ ਸਬੰਧਿਤ ਹਨ ਅਤੇ ਅਖੌਤੀ ਇਸਾਈ ਪ੍ਰਚਾਰਕ ਲੋਕਾਂ ਨੂੰ ਇਸੇ ਤਹਿਤ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਰਹੱਦੀ ਖੇਤਰਾਂ ਅੰਦਰ ਸਰਵੇ ਜਾਰੀ ਹੈ ਅਤੇ ਇਨ੍ਹਾਂ ਇਲਾਕਿਆਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਧਰਮ ਪ੍ਰਚਾਰ ਲਹਿਰ ਦੌਰਾਨ ਸੰਗਤਾਂ ਨੂੰ ਦੱਸਿਆ ਜਾ ਰਿਹਾ ਕਿ ਗਰੀਬ ਵਿਦਿਆਰਥੀਆਂ ਦੇ ਨਾਲ-ਨਾਲ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਵਿਦਿਆ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦੇ ਨਾਲ ਅੰਮ੍ਰਿਤਧਾਰੀ ਸਿੱਖ ਬੱਚੀਆਂ ਦੀ ਉੱਚ ਸਿੱਖਿਆ ਲਈ ਵੀ ਤਲਵੰਡੀ ਸਾਬੋ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੁਫ਼ਤ ਰਿਹਾਇਸ਼ੀ ਕੇਂਦਰ ਸਥਾਪਿਤ ਕੀਤੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਇਥੇ ਪੜ੍ਹਾਈ, ਰਹਿਣ ਸਹਿਣ ਅਤੇ ਖਾਣੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰਦੀ ਹੈ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਲਈ ਸਰਹੱਦੀ ਪਿੰਡਾਂ ਵਿਚ ਮੈਡੀਕਲ ਕੈਂਪ ਸਮੇਂ-ਸਮੇਂ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਸਹੂਲਤਾਂ ਲੋੜਵੰਦਾਂ ਲਈ ਹਨ ਅਤੇ ਸੰਗਤ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਅਖੌਤੀ ਇਸਾਈ ਪ੍ਰਚਾਰਕਾਂ ਦੇ ਝਾਂਸੇ ਤੋਂ ਸੁਚੇਤ ਰਹਿਣ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਇੰਚਾਰਜ ਹਰਭਜਨ ਸਿੰਘ ਵਕਤਾ, ਜਸਕਰਨ ਸਿੰਘ, ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਹਰਵਿੰਦਰ ਸਿੰਘ ਰੂਪੋਵਾਲੀ, ਦਿਲਰਾਜ ਸਿੰਘ ਗਿੱਲ, ਪ੍ਰਿੰਸੀਪਲ ਮਨਜੀਤ ਕੌਰ ਆਦਿ ਮੌਜੂਦ ਸਨ।
ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ : ਨਸ਼ੇੜੀ ਪੁੱਤ ਦਾ ਕਾਰਾ, ਸਿਰ ’ਚ ਬਾਲਾ ਮਾਰ ਕੀਤਾ ਪਿਓ ਦਾ ਕਤਲ