ਪੰਜਾਬ ਪੁਲਸ ਦੀ ਵੱਡੀ ਪਹਿਲ ; ਸਰਹੱਦੀ ਇਲਾਕੇ ''ਚ ਲਾਏ ਜਾਣਗੇ 2,300 CCTV ਕੈਮਰੇ
Tuesday, Feb 04, 2025 - 05:22 AM (IST)
ਚੰਡੀਗੜ੍ਹ/ਪਠਾਨਕੋਟ : ਰੱਖਿਆ ਦੀ ਦੂਜੀ ਕਤਾਰ ਨੂੰ ਹੋਰ ਮਜ਼ਬੂਤ ਕਰਨ ਅਤੇ ਨਿਗਰਾਨੀ ਵਿੱਚ ਹੋਰ ਵਾਧਾ ਕਰਨ ਦੇ ਉਦੇਸ਼ ਨਾਲ, ਪੰਜਾਬ ਪੁਲਸ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਫੈਲੇ ਸਰਹੱਦੀ ਖੇਤਰਾਂ ਵਿੱਚ 703 ਰਣਨੀਤਕ ਸਥਾਨਾਂ 'ਤੇ 2300 ਕਲੋਜ਼ ਸਰਕਟ ਟੈਲੀਵਿਜ਼ਨ (ਸੀ.ਸੀ.ਟੀ.ਵੀ.) ਕੈਮਰੇ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਪਠਾਨਕੋਟ ਤੋਂ ਫਾਜ਼ਿਲਕਾ ਤੱਕ 703 ਰਣਨੀਤਕ ਸਥਾਨਾਂ 'ਤੇ 45 ਕਰੋੜ ਰੁਪਏ ਦੀ ਲਾਗਤ ਨਾਲ 2,300 ਸੀ.ਸੀ.ਟੀ.ਵੀ. ਕੈਮਰੇ ਲਗਾ ਕੇ ਰੱਖਿਆ ਦੀ ਦੂਜੀ ਕਤਾਰ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ।
ਡੀ.ਜੀ.ਪੀ. ਪਠਾਨਕੋਟ ਜ਼ਿਲ੍ਹੇ ਦੇ ਪੁਲਸ ਸਟੇਸ਼ਨ ਡਿਵੀਜ਼ਨ-1 ਦੀ ਦੂਜੀ ਮੰਜ਼ਿਲ 'ਤੇ ਸਥਿਤ ਨਵੇਂ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਦੇ ਉਦਘਾਟਨ ਸਮੇਤ ਜ਼ਿਲ੍ਹੇ ਵਿੱਚ ਪੁਲਸ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਸਹੂਲਤ ਗੁੰਝਲਦਾਰ ਸਾਈਬਰ ਅਪਰਾਧਾਂ ਨਾਲ ਨਜਿੱਠਣ ਅਤੇ ਆਨਲਾਈਨ ਧੋਖਾਧੜੀ ਦੇ ਪੀੜਤਾਂ ਨੂੰ ਤਰੁੰਤ ਅਤੇ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਉੱਨਤ ਤਕਨਾਲੋਜੀ ਨਾਲ ਲੈਸ ਹੈ। ਉਨ੍ਹਾਂ ਅੱਗੇ ਕਿਹਾ ਕਿ ਨਾਗਰਿਕ ਸਿੱਧੇ ਪੁਲਸ ਸਟੇਸ਼ਨ ਜਾਂ ਟੋਲ-ਫ੍ਰੀ ਹੈਲਪਲਾਈਨ ਨੰਬਰ 1930 'ਤੇ ਸਾਈਬਰ ਅਪਰਾਧਾਂ ਦੀ ਰਿਪੋਰਟ ਕਰ ਸਕਦੇ ਹਨ।
ਡੀ.ਜੀ.ਪੀ. ਗੌਰਵ ਯਾਦਵ ਨੇ ਨਵੀਨੀਕਰਨ ਕੀਤੇ ਪੁਲਸ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਵੀ ਉਦਘਾਟਨ ਕੀਤਾ ਜਿਸ ਦਾ ਉਦੇਸ਼ ਪੂਰੇ ਪਠਾਨਕੋਟ ਵਿੱਚ ਆਉਣ-ਜਾਣ ਵਾਲੇ ਸਾਰੇ ਸਥਾਨਾਂ 'ਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਜ਼ਰ ਰੱਖ ਕੇ ਸਰਹੱਦੀ ਜ਼ਿਲ੍ਹੇ ਵਿੱਚ ਸੁਰੱਖਿਆ ਨੂੰ ਵਧਾਉਣਾ ਹੈ।
ਉਨ੍ਹਾਂ ਕਿਹਾ ਕਿ 344 ਐੱਚ.ਡੀ. ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਆਟੋ ਨੰਬਰ ਪਲੇਟ ਰੀਡਰ (ਏ.ਐੱਨ.ਪੀ.ਆਰ.) ਕੈਮਰੇ ਸ਼ਾਮਲ ਹਨ ਅਤੇ ਰੱਖਿਆ ਦੀ ਦੂਜੀ ਕਤਾਰ, ਪੇਂਡੂ ਖੇਤਰਾਂ ਅਤੇ ਪੂਰੇ ਪਠਾਨਕੋਟ ਸ਼ਹਿਰ ਸਮੇਤ ਪ੍ਰਮੁੱਖ ਖੇਤਰਾਂ ਦੀ ਲਾਈਵ ਕਵਰੇਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ 357 ਹੋਰ ਕੈਮਰੇ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਚਾਈਨਾ ਡੋਰ ਦੀ ਚਪੇਟ 'ਚ ਆਏ ਪੰਜਾਬ ਦੇ ਮਸ਼ਹੂਰ ਗਾਇਕ, ਜ਼ਖ਼ਮੀ ਹਾਲਤ 'ਚ ਪੁੱਜੇ ਹਸਪਤਾਲ
ਡੀ.ਜੀ.ਪੀ. ਗੌਰਵ ਯਾਦਵ ਨੇ ਪੁਲਸ ਸਟੇਸ਼ਨ ਨਰੋਟ ਜੈਮਲ ਸਿੰਘ ਵਿਖੇ ਪੰਜਾਬ ਪੁਲਸ, ਭਾਰਤੀ ਫੌਜ ਅਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਡਰੋਨ ਅਤੇ ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਉੱਚ ਪੱਧਰੀ ਤਾਲਮੇਲ ਅਤੇ ਯਤਨਾਂ ਵਾਸਤੇ ਪਠਾਨਕੋਟ ਪੁਲਸ ਦੀ ਸ਼ਲਾਘਾ ਕਰਦਿਆਂ, ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਸ, ਫੌਜ, ਬੀ.ਐੱਸ.ਐੱਫ. ਅਤੇ ਕੇਂਦਰੀ ਏਜੰਸੀਆਂ ਨੂੰ ਪਾਕਿ-ਆਈ.ਐੱਸ.ਆਈ. ਦੇ ਆਦੇਸ਼ਾਂ 'ਤੇ ਕੰਮ ਕਰਨ ਵਾਲੇ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਨੂੰ ਤੋੜਨ ਲਈ ਇੱਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਸਾਂਝੀ ਕਰਨਾ ਬੇਹੱਦ ਜ਼ਰੂਰੀ ਹੈ, ਅਤੇ ਇਨ੍ਹਾਂ ਖ਼ਤਰਿਆਂ ਨਾਲ ਨਜਿੱਠਣ ਲਈ ਏਜੰਸੀਆਂ ਦਰਮਿਆਨ ਤਾਲਮੇਲ ਸਮੇਂ ਦੀ ਲੋੜ ਹੈ।
ਉਨ੍ਹਾਂ ਨੇ ਪੰਜਾਬ ਪੁਲਸ ਅਤੇ ਬੀ.ਐੱਸ.ਐੱਫ. ਦੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਡਿਊਟੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਵਾਸਤੇ ਡੀ.ਜੀ.ਪੀ. ਪ੍ਰਸ਼ੰਸਾ ਡਿਸਕ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਵੀ ਕੀਤਾ।
ਡੀ.ਜੀ.ਪੀ. ਨੇ ਪਠਾਨਕੋਟ ਪੁਲਸ ਵੱਲੋਂ ਆਯੋਜਿਤ 'ਵੱਡਾ ਖਾਣਾ' ਦੁਪਹਿਰ ਦੇ ਖਾਣੇ ਵਿੱਚ ਖਾਣਾ ਖਾਧਾ। ਇਸ ਦੌਰਾਨ ਸਾਰੇ ਰੈਂਕ ਦੇ ਅਧਿਕਾਰੀਆਂ ਨੂੰ ਪੁਲਸ ਬਲ ਦੇ ਮੁਖੀ ਨਾਲ ਗੱਲਬਾਤ ਕਰਨ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਿਆ ਜਿਸ ਨਾਲ ਖੇਤਰ ਵਿੱਚ ਪ੍ਰਭਾਵਸ਼ਾਲੀ ਟੀਮ ਵਰਕ ਲਈ ਜ਼ਰੂਰੀ ਸਬੰਧ ਮਜ਼ਬੂਤ ਹੋਏ।
ਇਹ ਵੀ ਪੜ੍ਹੋ- ਗਲ਼ੀ 'ਚ ਖੇਡਦੇ ਮਾਸੂਮ 'ਤੇ ਆਵਾਰਾ ਕੁੱਤੇ ਨੇ ਢਾਹਿਆ ਕਹਿਰ, ਚੀਕਾਂ ਸੁਣ ਮਾਪਿਆਂ ਦੇ ਪੈਰਾਂ ਹੇਠੋਂ ਨਿਕਲੀ ਜ਼ਮੀਨ
ਬਾਅਦ ਵਿੱਚ, ਡੀ.ਜੀ.ਪੀ. ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭਾਰਤ-ਪਾਕਿ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਬੀ.ਐੱਸ.ਐੱਫ. ਦੀ ਸ਼ਹੀਦ ਕਮਲਜੀਤ ਸਿੰਘ ਬਾਰਡਰ ਆਊਟਪੋਸਟ (ਬੀ.ਓ.ਪੀ.) ਦਾ ਵੀ ਦੌਰਾ ਕੀਤਾ ਅਤੇ ਉੱਥੇ ਤਾਇਨਾਤ ਸੁਰੱਖਿਆ ਬਲਾਂ ਨਾਲ ਗੱਲਬਾਤ ਕੀਤੀ।
ਪਠਾਨਕੋਟ ਵਿਖੇ ਪੁਲਸ ਸਟੇਸ਼ਨ ਸਾਈਬਰ ਕ੍ਰਾਈਮ ਦੇ ਉਦਘਾਟਨ ਮੌਕੇ, ਕਈ ਵਿਸ਼ੇਸ਼ ਮਹਿਮਾਨ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ ਜਿਹਨਾਂ ਵਿੱਚ ਡੀ.ਆਈ.ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਆਈ.ਪੀ.ਐੱਸ.; ਡੀ.ਆਈ.ਜੀ. ਬੀ.ਐੱਸ.ਐੱਫ. ਗੁਰਦਾਸਪੁਰ ਸੈਕਟਰ ਯੁਵਰਾਜ ਦੁਬੇ; ਖੁਰਮੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਠਾਨਕੋਟ ਜਤਿੰਦਰ ਪਾਲ ਸਿੰਘ; ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤਿਆ ਉੱਪਲ ਆਈ.ਏ.ਐੱਸ.; ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਸੋਹਲ ਆਈ.ਪੀ.ਐੱਸ.; ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਿਆਮਾ ਆਈ.ਪੀ.ਐੱਸ.; ਐੱਸ.ਐੱਸ.ਪੀ. ਬਟਾਲਾ ਸੁਹੇਲ ਮੀਰ ਆਈ.ਪੀ.ਐੱਸ.; ਐੱਸ.ਐੱਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਪੀ.ਪੀ.ਐੱਸ. ਅਤੇ ਕਰਨਲ ਮਾਲਿਆ ਬਾਈਆ, ਐੱਸ.ਐੱਮ., ਕਮੂਨ ਰੈਜੀਮੈਂਟ (ਆਰਮੀ); ਕਮਾਂਡੈਂਟ ਸੁਨੀਲ ਮਿਸ਼ਰਾ 121 ਬਟਾਲੀਅਨ ਬੀ.ਐੱਸ.ਐੱਫ. ਅਤੇ ਕਮਾਂਡੈਂਟ ਕਮਲ ਯਾਦਵ 58 ਬਟਾਲੀਅਨ ਬੀ.ਐੱਸ.ਐੱਫ. ਸ਼ਾਮਲ ਸਨ।
ਇਹ ਵੀ ਪੜ੍ਹੋ- ਨਿੱਕੇ ਜਿਹੇ ਮਾਸੂਮ 'ਤੇ ਐਨਾ ਤਸ਼ੱਦਦ ! ਹੁਣ ਬਾਲ ਅਧਿਕਾਰ ਕਮਿਸ਼ਨ ਨੇ ਮਾਮਲੇ ਦਾ ਲਿਆ ਗੰਭੀਰ ਨੋਟਿਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e