ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਲਈ ਕੈਨੇਡਾ ਦੇ ਸ਼ਰਧਾਲੂਆਂ ਨੇ ਭੇਟ ਕੀਤੀ ਸੁਨਹਿਰੀ ਕਿਸਤੀ
Thursday, Jan 30, 2025 - 10:39 PM (IST)
ਅੰਮ੍ਰਿਤਸਰ (ਸਰਬਜੀਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਆਸਥਾ ਨੂੰ ਰੱਖਦੇ ਹੋਏ ਆਏ ਦਿਨ ਸ਼ਰਧਾਲੂਆਂ ਵੱਲੋਂ ਕੁਝ ਨਾ ਕੁਝ ਵੱਖਰਾ ਹੀ ਭੇਟ ਕੀਤਾ ਜਾਂਦਾ ਹੈ। ਇਸੇ ਦੌਰਾਨ ਕੈਨੇਡਾ ਦੇ ਇਕ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਨਹਿਰੀ ਕਿਸ਼ਤੀ ਭੇਟ ਕੀਤੀ ਗਈ। ਗਿਆਨੀ ਕੇਵਲ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਇਸ ਕਿਸ਼ਤੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਰੱਖਿਆ ਗਿਆ।
ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਤੰਗੇੜਾ ਅਤੇ ਰਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਸ਼ਬੀਲ ਧੰਨ ਧੰਨ ਬਾਬਾ ਦੀਪ ਸਿੰਘ ਪਰਿਕਰਮਾ ਵਾਲੀ ਸਾਈਡ ਤੋਂ ਜੈਕਾਰਿਆਂ ਦੀ ਗੂੰਜ ਨਾਲ ਇਹ ਸੁਨਹਿਰੀ ਬੇੜੀ ਸੰਗਤਾਂ ਦੀ ਹਾਜ਼ਰੀ ਵਿੱਚ ਸਰੋਵਰ ਵਿੱਚ ਭੇਜੀ ਗਈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਦੋ ਸੁਨਹਿਰੀ ਚੱਪੂ ਅਤੇ ਸਰੋਵਰ ਦੀ ਸਫਾਈ ਲਈ ਜਾਲ ਵੀ ਦਿੱਤਾ ਗਿਆ। ਸ਼ਰਧਾਲੂ ਪਰਿਵਾਰ ਮਾਤਾ ਮਲਕੀਤ ਕੌਰ ਖਾਲਸਾ, ਗੁਰਜੀਤ ਸਿੰਘ ਅਤੇ ਮਨਦੀਪ ਸਿੰਘ ਨਹੀਂ ਦੱਸਿਆ ਕਿ ਇਹ ਕਿਸ਼ਤੀ ਮਾਹਿਰਾਂ ਦੀ ਸਲਾਹ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕਰਵਾਈ ਗਈ ਹੈ ਤਾਂ ਕਿ ਪਾਣੀ ਵਿੱਚ ਇਸ ਦਾ ਸੰਤੁਲਨ ਚੰਗੀ ਤਰ੍ਹਾਂ ਬਣਿਆ ਰਹੇ ਅਤੇ ਇਸ ਨੂੰ ਤਿਆਰ ਕਰਨ ਲਈ ਲਗਭਗ 200 ਕਿਲੋ ਦੇ ਕਰੀਬ ਤਾਂਬਾ ਅਤੇ ਹੋਰ ਧਾਤੂਆਂ ਦੀ ਵਰਤੋਂ ਕੀਤੀ ਗਈ ਹੈ।