ਔਰਤ ਨੇ ਪਹਿਲਾਂ ਘਰ ''ਚ ਲਗਾਈ ਅੱਗ, ਫਿਰ ਕੀਤੀ ਖ਼ੁਦਕੁਸ਼ੀ
Saturday, Feb 08, 2025 - 03:08 PM (IST)
![ਔਰਤ ਨੇ ਪਹਿਲਾਂ ਘਰ ''ਚ ਲਗਾਈ ਅੱਗ, ਫਿਰ ਕੀਤੀ ਖ਼ੁਦਕੁਸ਼ੀ](https://static.jagbani.com/multimedia/2025_2image_15_08_019589305suicide.jpg)
ਚੰਡੀਗੜ੍ਹ (ਪ੍ਰੀਕਸ਼ਿਤ) : ਮਲੋਆ ਸਥਿਤ ਈ. ਡਬਲਯੂ. ਐੱਸ. ਫਲੈਟ 'ਚ ਰਹਿਣ ਵਾਲੀ ਇਕ ਔਰਤ ਨੇ ਘਰ ਦੇ ਅੰਦਰ ਅੱਗ ਲਗਾਉਣ ਤੋਂ ਬਾਅਦ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਗੁਆਂਢੀਆਂ ਨੇ ਫਲੈਟ ਤੋਂ ਧੂੰਆਂ ਨਿਕਲਦਾ ਦੇਖਿਆ। ਜਿਵੇਂ ਹੀ ਪਰਿਵਾਰਕ ਮੈਂਬਰ ਅਤੇ ਗੁਆਂਢੀ ਘਰ ਦੇ ਅੰਦਰ ਦਾਖ਼ਲ ਹੋਏ, ਉਨ੍ਹਾਂ ਨੇ ਪਾਇਆ ਕਿ ਔਰਤ ਨੇ ਦਰਵਾਜ਼ੇ ਦੇ ਫ਼ਾਹਾ ਲਾਇਆ ਹੋਇਆ ਸੀ। ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੰਦੇ ਹੋਏ ਔਰਤ ਨੂੰ ਫ਼ਾਹੇ ਤੋਂ ਉਤਾਰ ਕੇ ਸੈਕਟਰ-16 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਔਰਤ ਦੀ ਪਛਾਣ ਰਾਣੀ (28) ਦੇ ਰੂਪ ਵਿਚ ਹੋਈ ਹੈ। ਪੁਲਸ ਦੇ ਅਨੁਸਾਰ ਮ੍ਰਿਤਕ ਔਰਤ ਰਾਣੀ ਮੂਲ ਰੂਪ ਤੋਂ ਯੂ. ਪੀ. ਦੇ ਗਾਜੀਪੁਰ ਦੀ ਰਹਿਣ ਵਾਲੀ ਸੀ। 8 ਸਾਲ ਪਹਿਲਾਂ ਉਸ ਦਾ ਵਿਆਹ ਮਲੋਆ ਸਥਿਤ ਈ. ਡਬਲਯੂ. ਐੱਸ ਕਾਲੋਨੀ ਦੇ ਰਹਿਣ ਵਾਲੇ ਦੇਵੇਂਦਰ ਦੇ ਨਾਲ ਹੋਇਆ ਸੀ।
ਉਨ੍ਹਾਂ ਦੋਵਾਂ ਦੇ 2 ਬੱਚੇ ਹਨ, ਜਿਨ੍ਹਾਂ ਵਿਚ ਇਕ 8 ਮਹੀਨੇ ਦਾ ਅਤੇ ਦੂਜਾ ਪੁੱਤਰ 2 ਸਾਲ ਦਾ ਹੈ। ਪੁਲਸ ਨੇ ਘਟਨਾ ਦੀ ਸੂਚਨਾ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਹੈ। ਪੁਲਸ ਦੇ ਅਨੁਸਾਰ ਔਰਤ ਨੇ ਘਰ ਦੇ ਅੰਦਰ ਮੌਜੂਦ ਨਕਦੀ ਅਤੇ ਹੋਰ ਦਸਤਾਵੇਜ਼ ਜਲਾਉਣ ਤੋਂ ਬਾਅਦ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ। ਘਟਨਾ ਸਥਾਨ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ।