ਇੱਕੋ ਰਾਤ 2 ਡਕੈਤੀਆਂ ਨੇ ਉਡਾਈ ਸ਼ਹਿਰ ਵਾਸੀਆਂ ਦੀ ਨੀਂਦ, ਪੁਲਸ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

Tuesday, Nov 19, 2024 - 03:00 PM (IST)

ਇੱਕੋ ਰਾਤ 2 ਡਕੈਤੀਆਂ ਨੇ ਉਡਾਈ ਸ਼ਹਿਰ ਵਾਸੀਆਂ ਦੀ ਨੀਂਦ, ਪੁਲਸ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਅਤੇ ਆਸ-ਪਾਸ ਇਲਾਕੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੁਲਸ ਵੱਲੋਂ ਕੀਤੇ ਜਾਂਦੇ ਅਨੇਕਾਂ ਦਾਅਵਿਆਂ ਦੇ ਉਲਟ ਬੀਤੀ ਰਾਤ ਲੁਟੇਰਿਆਂ ਵੱਲੋਂ ਸ਼ਹਿਰ ਅੰਦਰ ਦੋ ਵੱਖ-ਵੱਖ ਥਾਵਾਂ ’ਤੇ ਕੀਤੀਆਂ ਗਈਆਂ ਵਾਰਦਾਤਾਂ ਨੇ ਜਿੱਥੇ ਸ਼ਹਿਰ ਵਾਸੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਉਸ ਦੇ ਨਾਲ ਹੀ ਇਨ੍ਹਾਂ ਵਾਰਾਦਾਤਾਂ ਨਾਲ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਵੱਡੇ ਸਵਾਲ ਉੱਠਣ ਲੱਗ ਪਏ ਹਨ।

ਇਹ ਵੀ ਪੜ੍ਹੋ- ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਸੜਕ 'ਤੇ ਪੈ ਗਈਆਂ ਭਾਜੜਾਂ

ਦੱਸਣਯੋਗ ਹੈ ਕਿ ਸ਼ਹਿਰ ਦੇ ਕਾਹਨੂੰਵਾਨ ਰੋਡ ਸਥਿਤ ਇਕ ਸੁਨਿਆਰੇ ਦੇ ਘਰ ਵਿਚ ਕਰੀਬ ਸੱਤ-ਅੱਠ ਲੁਟੇਰਿਆਂ ਨੇ ਸ਼ਰੇਆਮ ਦਾਖਲ ਹੋ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਜਿਸ ਫ਼ਿਲਮੀ ਅੰਦਾਜ਼ ਵਿਚ ਇਨ੍ਹਾਂ ਲੁਟੇਰਿਆਂ ਨੇ ਸ਼ਰੇਆਮ ਲੁੱਟ-ਖੋਹ ਕੀਤੀ ਹੈ ਅਤੇ ਗੋਲੀਆਂ ਚਲਾਉਣ ਸਮੇਤ ਹੋਰ ਹਥਿਆਰਾਂ ਦੀ ਵਰਤੋਂ ਕੀਤੀ ਹੈ। ਉਸ ਤੋਂ ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਲੁਟੇਰੇ ਕਿੰਨੇ ਬੇਖੌਫ ਹੋ ਕੇ ਲੁੱਟ ਕਰਨ ਲਈ ਆਏ ਸਨ ਅਤੇ ਇਨ੍ਹਾਂ ਦੇ ਇਰਾਦੇ ਕਿੰਨੇ ਭਿਆਨਕ ਸਨ ਜਿਨਾਂ ਨੇ ਘਰ ਦੇ ਮਾਲਕ ਨੂੰ ਗੰਭੀਰ ਜ਼ਖਮੀ ਕਰਨ ਦੇ ਨਾਲ-ਨਾਲ ਸ਼ਰੇਆਮ ਲੁੱਟ ਨੂੰ ਅੰਜਾਮ ਵੀ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਜਦੋਂ ਘਰ ਵਾਲਿਆਂ ਵੱਲੋਂ ਗੋਲੀਆਂ ਚਲਾ ਕੇ ਇਨ੍ਹਾਂ ਦਾ ਵਿਰੋਧ ਕੀਤਾ ਗਿਆ ਤਾਂ ਇਹ ਲੁਟੇਰੇ ਇਕ ਵਾਰ ਭੱਜਣ ਦੇ ਬਾਅਦ ਮੁੜ ਵਾਪਸ ਵੀ ਪਰਤੇ ਜਿਸ ਕਾਰਨ ਅਸਾਨੀ ਨਾਲ ਹੀ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੁਟੇਰੇ ਬੇਖੌਫ ਹੋ ਕੇ ਗੁਰਦਾਸਪੁਰ ਵਿੱਚ ਗੁੰਡਾਗਰਦੀ ਅਤੇ ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਦਾ ਮਨ ਬਣਾ ਕੇ ਆਏ ਸਨ।

ਇਹ ਵੀ ਪੜ੍ਹੋ- ਚਰਨਜੀਤ ਸਿੰਘ ਚੰਨੀ ਨੇ ਮੰਗੀ ਮੁਆਫ਼ੀ

ਪੰਡੋਰੀ ਰੋਡ 'ਤੇ ਵੀ ਕੀਤੀ ਲੁੱਟ

ਇਸ ਦੇ ਨਾਲ ਹੀ ਪੰਡੋਰੀ ਰੋਡ ਸਥਿਤ ਕੇਟਰਿੰਗ ਨਾਲ ਸੰਬੰਧਿਤ ਲੇਬਰ ਨੂੰ ਵੀ ਜਿਸ ਢੰਗ ਨਾਲ ਲੁਟੇਰਿਆਂ ਦੇ ਗਿਰੋਹ ਵੱਲੋਂ ਲੁੱਟਿਆ ਗਿਆ ਹੈ ਉਸ ਦੀ ਵੀ ਸ਼ਹਿਰ ਵਿਚ ਬੇਹੱਦ ਚਰਚਾ ਅਤੇ ਦਹਿਸ਼ਤ ਹੈ। ਇਸ ਲੁੱਟ ਦਾ ਸ਼ਿਕਾਰ ਹੋਏ ਵਿਅਕਤੀਆਂ ਨੇ ਵੀ ਇਹੀ ਦਾਅਵਾ ਕੀਤਾ ਹੈ ਕਿ ਲੁਟੇਰਿਆਂ ਵੱਲੋਂ ਫਿਲਮੀ ਅੰਦਾਜ਼ ਵਿਚ ਉਨ੍ਹਾਂ ਦੀ ਗੱਡੀ ਨੂੰ ਰੋਕਿਆ ਗਿਆ ਅਤੇ ਬਾਅਦ ਵਿੱਚ ਸ਼ਰੇਆਮ ਦਾਤਰ ਅਤੇ ਹੋਰ ਹਥਿਆਰਾਂ ਦੇ ਵਾਰ ਕਰਕੇ ਉਨ੍ਹਾਂ ਕੋਲੋਂ ਗੱਡੀ ਅਤੇ ਹੋਰ ਕੀਮਤੀ ਸਾਮਾਨ ਖੋਹ ਲਿਆ ਗਿਆ। ਇਨ੍ਹਾਂ ਦੋਵਾਂ ਵਾਰਦਾਤਾਂ ਦੀ ਅੱਜ ਸ਼ਹਿਰ ਵਿਚ ਖੂਬ ਚਰਚਾ ਹੈ ਅਤੇ ਲੋਕ ਇਸ ਗੱਲ ਨੂੰ ਲੈ ਕੇ ਬੇਹੱਦ ਖੌਫ ਵਿਚ ਦਿਖਾਈ ਦੇ ਰਹੇ ਹਨ ਕਿ ਜੇਕਰ ਘਰਾਂ ਦੇ ਅੰਦਰ ਸੁੱਤੇ ਲੋਕ ਹੀ ਸੁਰੱਖਿਤ ਨਹੀਂ ਹਨ ਤਾਂ ਰਾਤ ਸਮੇਂ ਆਉਣ ਜਾਣ ਵਾਲੇ ਲੋਕਾਂ ਦੀ ਸੁਰੱਖਿਆ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ

ਦੂਜੇ ਪਾਸੇ ਰਾਤ ਸਮੇਂ ਕੇਟਰਿੰਗ ਅਤੇ ਹੋਰ ਕੰਮ ਕਾਜਾਂ ’ਤੇ ਆਉਣ ਜਾਣ ਵਾਲੇ ਲੋਕ ਵੀ ਇਸ ਗੱਲ ਨੂੰ ਲੈ ਕੇ ਬੇਹੱਦ ਨਿਰਾਸ਼ ਅਤੇ ਖੌਫ ’ਚ ਹਨ ਕਿ ਉਨ੍ਹਾਂ ਦੇ ਕੰਮਾਂਕਾਰਾਂ ਲਈ ਰਾਤ ਸਮੇਂ ਬਾਹਰ ਨਿਕਲਣਾ ਉਨ੍ਹਾਂ ਦੀ ਮਜ਼ਬੂਰੀ ਹੈ। ਪਰ ਜੇਕਰ ਇਸ ਢੰਗ ਦੇ ਨਾਲ ਲੁੱਟਾਂ ਖੋਹਾਂ ਜਾਰੀ ਰਹੀਆਂ ਤਾਂ ਉਨ੍ਹਾਂ ਲਈ ਕੰਮ ਕਰਨਾ ਮੁਸ਼ਕਿਲ ਹੋ ਜਾਵੇਗਾ। ਸ਼ਹਿਰ ਵਾਸੀਆਂ ਨੇ ਪੁਲਸ ਮੁਖੀ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਲੁੱਟਾਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਇਸ ਗੱਲ ਦੀ ਵੀ ਜਾਂਚ ਕਰਵਾਈ ਜਾਵੇ ਕਿ ਰਾਤ ਸਮੇਂ ਜਦੋਂ ਲੁਟਿਆਰਿਆਂ ਦੇ ਇਹ ਗਿਰੋਹ ਸ਼ਰੇਆਮ ਗੁੰਡਾਗਰਦੀ ਕਰ ਰਹੇ ਸਨ ਤਾਂ ਉਸ ਮੌਕੇ ਪੁਲਸ ਅਤੇ ਪੀਸੀਆਰ ਟੀਮਾਂ ਕਿੱਥੇ ਸਨ ਅਤੇ ਸ਼ਹਿਰ ਦੇ ਨਾਕਿਆਂ 'ਤੇ ਮੌਜੂਦ ਪੁਲਸ ਨੇ ਇਨ੍ਹਾਂ ਲੁਟੇਰਿਆਂ ਨੂੰ ਕਿਉਂ ਨਹੀਂ ਦੇਖਿਆ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News