ਖੇਤੀਬਾੜੀ ਵਿਭਾਗ ਨੇ ਸਮੁੱਚੇ ਜ਼ਿਲ੍ਹੇ ਗੁਰਦਾਸਪੁਰ ''ਚ ਖਾਦ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਤੇ ਗੁਦਾਮਾਂ ''ਤੇ ਕੀਤੀ ਛਾਪੇਮਾਰੀ

Friday, Jul 25, 2025 - 05:17 PM (IST)

ਖੇਤੀਬਾੜੀ ਵਿਭਾਗ ਨੇ ਸਮੁੱਚੇ ਜ਼ਿਲ੍ਹੇ ਗੁਰਦਾਸਪੁਰ ''ਚ ਖਾਦ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਤੇ ਗੁਦਾਮਾਂ ''ਤੇ ਕੀਤੀ ਛਾਪੇਮਾਰੀ

ਗੁਰਦਾਸਪੁਰ (ਹਰਮਨ, ਵਿਨੋਦ) - ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੇ ਹੁਕਮਾਂ ਤੇ ਕਿਸਾਨਾਂ ਨੂੰ ਮਿਆਰੀ ਖੇਤੀ ਸਮਗਰੀ ਖ਼ਾਸ ਕਰਕੇ ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਸ਼ੇਸ਼ ਮੁਹਿੰਮ ਤਹਿਤ ਵੱਖ-2 ਬਲਾਕਾਂ ਵਿਚ ਖਾਦ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਯੂਰੀਆ ਖਾਦ ਦੀ ਕਾਲਾਬਾਜ਼ਾਰੀ ਜਾਂ ਜਮ੍ਹਾਖ਼ੋਰੀ ਨੂੰ ਰੋਕਿਆ ਜਾ ਸਕੇ ।ਇਸ ਤੋਂ ਇਲਾਵਾ ਵੱਖ ਵੱਖ ਖਾਦ ਵਿਕ੍ਰੇਤਾਵਾਂ ਕੋਲ ਆਈ ਯੂਰੀਆ ਖਾਦ ਦੀ ਬਰਾਬਰ ਵੰਡ ਕਿਸਾਨਾਂ ਨੂੰ ਕਰਵਾਈ ਗਈ।

ਇਹ ਵੀ ਪੜ੍ਹੋ-ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਕਿਸਾਨਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਮੁੱਲ ਤੇ ਖੇਤੀ ਸਮਗਰੀ ਖ਼ਾਸ ਕਰਕੇ ਖਾਦਾਂ ਉਪਲਬਧ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਖਾਦ ਵਿਕ੍ਰੇਤਾਵਾਂ ਦੇ ਕਾਰੋਬਾਰ ਨਾਲ ਸਬੰਧਿਤ ਦੁਕਾਨਾਂ ਅਤੇ ਗੁਦਾਮਾਂ ਦੀ ਚੈਕਿੰਗ ਤੋਂ ਇਲਾਵਾ ਕਾਗ਼ਜ਼ਾਤ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਓਨਾਂ ਦੱਸਿਆ ਕਿ ਜਿਨ੍ਹਾਂ ਡੀਲਰਾਂ ਦੇ ਕਾਰੋਬਾਰ ਨਾਲ ਸਬੰਧਿਤ ਰਿਕਾਰਡ ਵਿਚ ਕੋਈ ਊਣਤਾਈ ਪਾਈ ਗਈ , ਉਨ੍ਹਾਂ ਨੂੰ ਕਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ

ਉਨ੍ਹਾਂ ਦੱਸਿਆ ਕਿ ਜੁਲਾਈ 2025 ਤਕ ਕੁੱਲ 77 ਹਜ਼ਾਰ ਮੀਟਰਿਕ ਟਨ ਯੂਰੀਆ ਚਾਹੀਦੀ ਹੈ ਜਦ ਕਿ ਮਿਤੀ 24 ਜੁਲਾਈ ਤੱਕ ਜ਼ਿਲ੍ਹਾ ਗੁਰਦਾਸਪੁਰ ਵਿਚ ਤਕਰੀਬਨ 73 ਹਜ਼ਾਰ ਮੀਟਰਿਕ ਟਨ ਯੂਰੀਆ ਖਾਦ ਪਹੁੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਝੋਨੇ ਦੀ ਫ਼ਸਲ ਨੂੰ ਯੂਰੀਆ ਖਾਦ ਸਿਫ਼ਾਰਸ਼ਾਂ ਅਨੁਸਾਰ 90 ਕਿੱਲੋ ਪ੍ਰਤੀ ਏਕੜ ਹੀ ਵਰਤਣੀ ਚਾਹੀਦੀ ਹੈ ਅਤੇ ਜ਼ਰੂਰਤ ਅਨੁਸਾਰ ਹੀ ਖ਼ਰੀਦਣੀ ਚਾਹੀਦੀ ਹੈ ਤਾਂ ਜੋ ਬਾਕੀ ਕਿਸਾਨਾਂ ਨੂੰ ਯੂਰੀਆ ਦੀ ਉਪਲਬਧਤਾ ਵਿਚ ਕੋਈ ਮੁਸ਼ਕਲ ਪੇਸ਼ ਨਾਂ ਆਵੇ। ਉਨ੍ਹਾਂ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੌਸ ਮਸ਼ੀਨਾਂ ਵਿੱਚ ਮੌਜੂਦ ਵਿੱਕਰੀ ਕੀਤੀ ਖਾਦ ਦਾ ਸਟਾਕ ਨਿਲ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੌਸ ਮਸ਼ੀਨਾਂ ਅਤੇ ਦੁਕਾਨ ਤੇ ਅਣਵਿਕੀ ਖਾਦ ਦਾ ਸਟਾਕ ਇਕਸਾਰ ਹੋਵੇ ਤਾਂ ਜੋ ਜ਼ਰੂਰਤ ਅਨੁਸਾਰ ਭਾਰਤ ਸਰਕਾਰ ਤੋਂ ਯੂਰੀਆ ਖਾਦ ਮਿਲ ਸਕੇ।

ਉਨ੍ਹਾਂ ਸਮੂਹ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੰਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਪੂਰੇ ਕਰਕੇ ਰੱਖਣ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਸਟਾਕ ਬੋਰਡ ਉੱਪਰ ਰੋਜ਼ਾਨਾ ਖਾਦ ਦਾ ਸਟਾਕ ਅਤੇ ਰੇਟ ਲਿਖਿਆ ਜਾਵੇ ।ਉਨ੍ਹਾਂ ਕਿਹਾ ਕਿ ਡੀਲਰਾਂ ਵੱਲੋਂ ਕਿਸਾਨਾਂ ਨੂੰ ਜੋ ਵੀ ਖੇਤੀ ਸਮਗਰੀ ਦੀ ਵਿੱਕਰੀ ਕੀਤੀ ਜਾਂਦੀ ਹੈ , ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਅਤੇ ਕੇਵਲ ਲੋੜੀਂਦੀ ਸਮਗਰੀ ਹੀ ਕਿਸਾਨਾਂ ਨੂੰ ਵਿੱਕਰੀ ਕੀਤੀ ਜਾਵੇ ਅਤੇ ਕੋਈ ਹੋਰ ਬੇਲੋੜੀਆਂ ਵਸਤਾਂ ਕਿਸਾਨਾਂ ਨੂੰ ਨਾ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ,ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ,ਕੀਟਨਾਸ਼ਕ ਰਸਾਇਣ ਜਾਂ ਬੀਜ ਖ਼ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਲਿਖਤੀ ਤੌਰ ਤੇ ਸ਼ਿਕਾਇਤ ਸੰਬੰਧਿਤ ਖੇਤੀਬਾੜੀ ਅਧਿਕਾਰੀ ਜਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਕਰਨ।

ਇਹ ਵੀ ਪੜ੍ਹੋਪੰਜਾਬ 'ਚ ਕੱਚੇ ਮਕਾਨਾਂ ਵਾਲਿਆਂ ਲਈ ਵੱਡੀ ਖ਼ਬਰ

ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਤੇ ਕਿਸਾਨਾਂ ਦੀ ਸਹੂਲਤ ਲਈ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ, ਜਿੰਨਾ ਨਾਲ ਮੋਬਾਈਲ ਨੰਬਰ ਬਲਾਕ ਗੁਰਦਾਸਪੁਰ ਸ੍ਰੀ ਗਗਨਦੀਪ ਸਿੰਘ ਏ.ਓ. 98883 02929, ਬਲਾਕ ਦੀਨਾਨਗਰ - ਸ੍ਰੀ ਬਲਜਿੰਦਰ ਸਿੰਘ ਏ. ਓ.- 94645 56671,ਬਲਾਕ ਕਾਹਨੂੰਵਾਨ - ਸ੍ਰੀ ਪਰਮਿੰਦਰ ਸਿੰਘ ਏ. ਓ - 94173 56345, ਬਲਾਕ ਕਾਦੀਆਂ - ਸ੍ਰੀ ਜੋਬਨਜੀਤ ਸਿੰਘ ਏ ਡੀ ਓ - 79016 00007, ਬਲਾਕ ਧਾਰੀਵਾਲ - ਸ੍ਰੀ ਰਸ਼ਪਾਲ ਸਿੰਘ ਏ ਓ - 78883 23180, ਬਲਾਕ ਬਟਾਲਾ - ਸ੍ਰੀ ਪਰਮਬੀਰ ਸਿੰਘ ਏ ਓ - 98729 26329, ਬਲਾਕ ਕਲਾਨੌਰ - ਸ੍ਰੀ ਸੋਨਲ ਕੁਮਾਰ ਏ ਡੀ ਓ - 96461 49593, ਬਲਾਕ ਡੇਰਾ ਬਾਬਾ ਨਾਨਕ - ਸ੍ਰੀ ਸੁਖਬੀਰ ਸਿੰਘ ਏ ਓ - 87278 61313, ਬਲਾਕ ਫ਼ਤਿਹਗੜ੍ਹ ਚੂੜੀਆਂ - ਸ੍ਰੀ ਰਵਿੰਦਰਪਾਲ ਸਿੰਘ - 75085 81121, ਬਲਾਕ ਸ੍ਰੀਹਰਗੋਬਿੰਦਪੁਰ - ਸ੍ਰੀ ਸ਼ਾਹਬਾਜ਼ ਸਿੰਘ ਚੀਮਾ ਏ ਓ - 98723 00352 ਨਾਲ ਸੰਪਰਕ ਕਰਕੇ ਖਾਦਾਂ ਦੀ ਜਮਾਂ ਖੋਰੀ, ਕਾਲਾਬਾਜ਼ਾਰੀ ਅਤੇ ਟੈਗਿੰਗ ਸੰਬੰਧੀ ਜਾਣਕਾਰੀ ਜਾਂ ਸੁਝਾਅ/ਸ਼ਿਕਾਇਤ ਸੰਬੰਧੀ ਜਾਣਕਾਰੀ ਲਿਖਤੀ ਰੂਪ ਵਿਚ ਦਿੱਤੀ ਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News