18 ਦਿਨ ਪਹਿਲਾਂ ਗੁੰਮ ਹੋਈ ਅੌਰਤ ਦੀ ਲਾਸ਼ ਨੂੰ ਚੌਕ ’ਚ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

Friday, Nov 02, 2018 - 12:53 AM (IST)

18 ਦਿਨ ਪਹਿਲਾਂ ਗੁੰਮ ਹੋਈ ਅੌਰਤ ਦੀ ਲਾਸ਼ ਨੂੰ ਚੌਕ ’ਚ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

ਗੁਰਦਾਸਪੁਰ,  (ਹਰਮਨਪ੍ਰੀਤ, ਵਿਨੋਦ)-  ਕਰੀਬ 18 ਦਿਨ ਪਹਿਲਾਂ ਗੁੰਮ ਹੋਈ ਇਕ 47ਵਰ੍ਹਿਆਂ ਦੀ ਅੌਰਤ ਦੀ ਲਾਸ਼ ਮਿਲਣ ਤੋਂ ਬਾਅਦ ਪੁਲਸ ਵਲੋਂ ਮਾਮਲਾ ਦਰਜ ਕਰ ਲਏ ਜਾਣ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਅਤੇ ਮਸੀਹ ਭਾਈਚਾਰੇ ਨੇ ਬੱਬਰੀ ਬਾਈਪਾਸ ਚੌਕ ’ਚ ਲਾਸ਼ ਰੱਖ ਕੇ ਪੁਲਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਨੈਸ਼ਨਲ ਹਾਈਵੇ ’ਤੇ ਲੰਮਾ ਸਮਾਂ ਆਵਾਜਾਈ ਵੀ ਠੱਪ ਰਹੀ ਅਤੇ ਪ੍ਰਦਰਸ਼ਨਕਾਰੀ ਮ੍ਰਿਤਕਾ ਦੀ ਲਾਸ਼ ਵਾਲੀ ਟਰਾਲੀ ਚੌਕ ’ਚ ਖਡ਼ੀ ਕਰ ਕੇ ਪ੍ਰਸ਼ਾਸ਼ਨ , ਸਰਕਾਰ  ਅਤੇ ਹਲਕਾ ਵਿਧਾਇਕ ਖਿਲਾਫ ਵੀ ਨਾਅਰੇਬਾਜ਼ੀ ਕੀਤੀ। 
ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਕ ਆਟੋ ਦਾ ਅਗਲਾ ਸ਼ੀਸ਼ਾ ਵੀ ਤੋਡ਼ ਦਿੱਤਾ ਅਤੇ ਜਾਮ ਵਿਚ ਫਸੇ ਲੋਕਾਂ ਨਾਲ ਵੀ ਕਈ ਵਾਰ ਤਕਰਾਰ ਹੁੰਦਾ ਰਿਹਾ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਨੇਡ਼ਲੇ ਪਿੰਡ ਪੀਰਾਂ ਬਾਗ ਦੀ ਵਸਨੀਕ ਭੋਲੀ ਨਾਮ ਦੀ ਅੌਰਤ 12 ਅਕਤੂਬਰ ਨੂੰ ਸ਼ਾਮ ਤਿੰਨ ਵਜੇ ਦੇ ਕਰੀਬ ਘਰੋਂ ਬਾਲਣ ਇਕੱਠਾ ਕਰਨ ਗਈ ਸੀ। ਪਰ ਬਾਅਦ ’ਚ ਉਹ ਵਾਪਸ ਨਹੀਂ ਆਈ। ਉਸ ਦੀ ਕਾਫੀ ਭਾਲ ਕਰਨ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੇ 18 ਅਕਤੂਬਰ ਨੂੰ ਸਦਰ ਪੁਲਸ ਸਟੇਸ਼ਨ ’ਚ ਰਿਪੋਰਟ ਦਰਜ ਕਰਵਾਈ ਸੀ। ਮ੍ਰਿਤਕ ਦੀ ਲਡ਼ਕੀ ਟੀਨਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਂ ਦੀ ਗੁੰਮਸ਼ੁਦਗੀ ਤੋਂ ਬਾਅਦ ਉਸ ਦੇ ਪਿੰਡ ਦੇ ਮੰਗਾ ਮਸੀਹ ਪੁੱਤਰ ਸੋਹਣ ਮਸੀਹ ਅਤੇ ਅੰਗਦ ਸਿੰਘ ਵਾਸੀ ਗੁਰਦਾਸ ਨੰਗਲ ਕਾਲੋਨੀ ਨੇ ਉਨ੍ਹਾਂ ਦੇ ਘਰ ਆ ਕੇ ਭੋਲੀ ਨੂੰ ਲੱਭਣ ਲਈ 30 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਪਰ ਬਾਅਦ ਵਿਚ 30 ਅਕਤੂਬਰ ਨੂੰ ਉਸਦੀ ਲਾਸ਼ ਪਿੰਡ ਸਲੇਮਪੁਰ ਅਰਾਈਆਂ ’ਚ ਕਮਾਦ ਦੇ ਖੇਤ ਵਿਚੋਂ ਮਿਲਣ ਕਾਰਨ ਪੁਲਸ ਨੇ ਟੀਨਾ ਦੇ ਬਿਆਨਾਂ ਦੇ ਆਧਾਰ ’ਤੇ ਮੰਗਾ ਮਸੀਹ ਅਤੇ ਅੰਗਦ ਸਿੰਘ  ਖਿਲਾਫ਼  ਮਾਮਲਾ ਦਰਜ ਕੀਤਾ ਗਿਆ ਹੈ। ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਮਸੀਹ ਭਾਈਚਾਰੇ ਇਸ ਗੱਲ ਤੋਂ ਖਫਾ ਹਨ ਕਿ ਪੁਲਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। 
ਇਸ ਮੌਕੇ ਪਰਿਵਾਰ ਨਾਲ ਲਾਰੈਂਸ ਚੌਧਰੀ, ਆਰਿਫ਼ ਮਸੀਹ ਚੌਹਾਨ, ਰੋਬਰਟ  ਪੱਛਿਆ, ਪੀਟਰ ਚੀਂਦਾ, ਸੁਲੇਮਾਨ ਸੰਧੂ, ਵਿਲੀਅਮ ਜੱਟਾਂ, ਸਨੀ ਚੌਹਾਨ, ਜੱਗਾ, ਭੈਣ ਡੌਰਥੀ, ਸਨੀ ਬੱਬਰੀ, ਵਿੱਕੀ  ਆਦਿ  ਲੋਕਾਂ ਨੇ ਕਿਹਾ ਕਿ ਜੇਕਰ ਪੁਲਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਭੋਲੀ ਦੀ ਜਾਨ ਬਚ ਸਕਦੀ ਸੀ। ਇਸ ਮੌਕੇ ਪਹੁੰਚੇ ਐੱਸ. ਪੀ. ਵਰਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਇਸ ਮਾਮਲੇ ’ਚ ਜੇਕਰ ਪੁਲਸ ਦੀ ਕਾਰਵਾਈ ’ਚ ਅਣਗਹਿਲੀ ਸਾਹਮਣੇ ਆਈ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
 


Related News