24 ਘੰਟੇ ਵਾਟਰ ਸਪਲਾਈ ਦੀ ਸਹੂਲਤ ਲੈਣ ਦੇ ਚੱਕਰ ’ਚ ਬੰਦ ਹੋ ਸਕਦੀ ਹੈ ਬਿੱਲਾਂ ਦੀ ਮੁਆਫੀ
Friday, Oct 26, 2018 - 04:08 PM (IST)
ਲੁਧਿਆਣਾ (ਹਿਤੇਸ਼) : 24 ਘੰਟੇ ਵਾਟਰ ਸਪਲਾਈ ਦੀ ਸਹੂਲਤ ਦੇਣ ਦੀ ਕਵਾਇਦ ਤੇਜ਼ ਹੋਣ ਬਾਰੇ ਸੂਚਨਾ ਮਿਲਣ ’ਤੇ ਜੋ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਪਾਣੀ, ਸੀਵਰੇਜ ਦੇ ਬਿੱਲਾਂ ’ਤੇ ਮਿਲ ਰਹੀ ਮੁਆਫੀ ਤੋਂ ਹੱਥ ਧੋਣਾ ਪੈ ਸਕਦਾ ਹੈ, ਜਿਸ ਦੇ ਸੰਕੇਤ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਬਦਲ ਬਣਾਉਣ ਸਬੰਧੀ ਪ੍ਰੋਜੈਕਟ ਨੂੰ ਸਿਰੇ ਚਡ਼੍ਹਾਉਣ ਲਈ ਹੋਈ ਵਰਡਲ ਬੈਂਕ ਟੀਮ ਦੇ ਦੌਰੇ ਦੌਰਾਨ ਮਿਲੇ ਹਨ, ਜਿਨ੍ਹਾਂ ਨੇ ਪਾਣੀ, ਸੀਵਰੇਜ ਦੇ ਬਿੱਲਾਂ ਦਾ ਨਵਾਂ ਟੈਰਿਫ ਲਾਗੂ ਕਰਨ ਦੀ ਸਿਫਾਰਸ਼ ਕੀਤੀ ਹੈ।
ਇਸ ਕੇਸ ਵਿਚ ਪੰਜਾਬ ਸਰਕਾਰ ਨੇ ਗਰਾਊਂਡ ਵਾਟਰ ਪੱਧਰ ਅਤੇ ਟਿਊਬਵੈੱਲ ਚਲਾਉਣ ’ਤੇ ਖਰਚ ਹੋ ਰਹੀ ਬਿਜਲੀ ਬਚਾਉਣ ਲਈ ਲੁਧਿਆਣਾ ਅਤੇ ਅੰਮ੍ਰਿਤਸਰ ’ਚ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਬਦਲ ਬਣਾਉਣ ਸਬੰਧੀ ਪ੍ਰਾਜੈਕਟ ਕੇਂਦਰ ਸਰਕਾਰ ਦੇ ਰਾਹੀਂ ਵਰਲਡ ਬੈਂਕ ਦੇ ਕੋਲ ਵਿੱਤੀ ਮਦਦ ਲਈ ਭੇਜਿਆ ਹੋਇਆ ਹੈ। ਇਸ ਪ੍ਰੋਜੈਕਟ ਸਬੰਧੀ ਫਿਜ਼ੀਬਿਲਟੀ ਸਟਡੀ ਲਈ ਅੰਮ੍ਰਿਤਸਰ ਦਾ ਦੌਰਾ ਕਰਨ ਤੋਂ ਬਾਅਦ ਵੀਰਵਾਰ ਨੂੰ ਮਹਾਨਗਰ ਪੁੱਜੀ ਵਰਲਡ ਬੈਂਕ ਦੀ ਟੀਮ ਨੇ ਜਿੱਥੇ ਮੇਅਰ, ਕਮਿਸ਼ਨਰ ਤੋਂ ਇਲਾਵਾ ਨਗਰ ਨਿਗਮ ਅਫਸਰਾਂ ਦੇ ਨਾਲ ਮੀਟਿੰਗ ਦੌਰਾਨ ਵਾਟਰ ਸਪਲਾਈ ਸਿਸਟਮ ਨਾਲ ਜੁਡ਼ੀ ਜਾਣਕਾਰੀ ਹਾਸਲ ਕੀਤੀ।
ਪਾਣੀ ਦੀ ਸਪਲਾਈ ਲੈਣ ਲਈ ਚੁਣੀ ਗਈ ਸਿੱਧਵਾਂ ਨਹਿਰ ਦੇ ਕਈ ਪੁਆਇੰਟਾਂ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਨਗਰ ਨਿਗਮ ਵਲੋਂ 125 ਗਜ਼ ਤੱਕ ਦੇ ਰਿਹਾਇਸ਼ੀ ਮਕਾਨਾਂ ਨੂੰ ਪਾਣੀ, ਸੀਵਰੇਜ ਦੇ ਬਿੱਲਾਂ ’ਤੇ ਦਿੱਤੀ ਜਾ ਰਹੀ ਮੁਆਫੀ ਦੀ ਸੂਚਨਾ ਮਿਲਣ ’ਤੇ ਵਰਲਡ ਬੈਂਕ ਟੀਮ ਨੇ ਕਾਫੀ ਹੈਰਾਨਗੀ ਹਾਜ਼ਰ ਕੀਤੀ, ਕਿਉਂਕਿ ਇਸ ਸਮੇਂ ਪਾਣੀ ਦੀ ਸਹੂਲਤ ਦੇਣ ’ਤੇ ਆ ਰਹੀ ਲਾਗਤ ਤਾਂ ਪੂਰੀ ਨਹੀਂ ਹੋ ਰਹੀ ਅਤੇ ਹੁਣ 24 ਘੰਟੇ ਵਾਟਰ ਸਪਲਾਈ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਵਰਡਲ ਬੈਂਕ ਟੀਮ ਨੇ ਪਾਣੀ, ਸੀਵਰੇਜ ਦੇ ਬਿੱਲਾਂ ’ਤੇ ਦਿੱਤੀ ਜਾ ਰਹੀ ਮੁਆਫੀ ਖਤਮ ਕਰ ਕੇ ਕਾਫੀ ਘੱਟ ਦਰਾਂ ਵਾਲਾ ਨਵਾਂ ਟੈਰਿਫ ਲਾਗੂ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਸ ਨੂੰ ਲੈ ਕੇ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।
