ਪਤੀ-ਪਤਨੀ ਨੂੰ ਬੇਹੋਸ਼ ਕਰ ਨੇਪਾਲੀ ਨੌਕਰਾਣੀ ਕਰ ਗਈ ਵੱਡਾ ਕਾਰਾ, CCTV ਖੋਲ੍ਹੇਗੀ ਰਾਜ਼

Wednesday, Sep 13, 2023 - 02:03 PM (IST)

ਪਤੀ-ਪਤਨੀ ਨੂੰ ਬੇਹੋਸ਼ ਕਰ ਨੇਪਾਲੀ ਨੌਕਰਾਣੀ ਕਰ ਗਈ ਵੱਡਾ ਕਾਰਾ, CCTV ਖੋਲ੍ਹੇਗੀ ਰਾਜ਼

ਲੁਧਿਆਣਾ (ਰਾਜ) : ਨੇਪਾਲੀ ਨੌਕਰਾਂ ਵੱਲੋਂ ਸ਼ਹਿਰ ’ਚ ਪਹਿਲਾਂ ਵੀ ਕਈ ਚੋਰੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਪੁਲਸ ਵੀ ਵਾਰ-ਵਾਰ ਨੌਕਰਾਂ ਦੀ ਵੈਰੀਫਿਕੇਸ਼ਨ ’ਤੇ ਜ਼ੋਰ ਦਿੰਦੀ ਆ ਰਹੀ ਹੈ ਪਰ ਫਿਰ ਵੀ ਕਈ ਲੋਕ ਨੌਕਰਾਂ ਦੀ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ, ਜਿਸ ਦਾ ਫ਼ਾਇਦਾ ਇਹ ਨੌਕਰ ਉਠਾ ਲੈਂਦੇ ਹਨ ਅਤੇ ਵਾਰਦਾਤ ਕਰ ਕੇ ਰਫੂ ਚੱਕਰ ਹੋ ਜਾਂਦੇ ਹਨ। ਇਸੇ ਤਰ੍ਹਾਂ ਇਕ ਮਾਮਲਾ ਫੇਸ-2 ਸਥਿਤ ਅਰਬਨ ਅਸਟੇਟ ’ਚ ਸਾਹਮਣੇ ਆਇਆ ਹੈ, ਜਿੱਥੇ ਇਕ ਮਹੀਨੇ ਪਹਿਲਾਂ ਰੱਖੀ ਨੇਪਾਲੀ ਨੌਕਰਾਣੀ ਨੇ ਆਟੋ ਪਾਰਟਸ ਕਾਰੋਬਾਰੀ ਅਤੇ ਉਸ ਦੀ ਬਜ਼ੁਰਗ ਪਤਨੀ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਘਰੋਂ ਲੱਖਾਂ ਰੁਪਏ ਕੈਸ਼, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਦੇਰ ਸ਼ਾਮ ਨੂੰ ਜੋੜੇ ਨੂੰ ਹੋਸ਼ ਆਇਆ। ਗੁਆਂਢੀਆਂ ਨੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਕਾਰੋਬਾਰੀ ਭਗਵੰਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਔਰਤ ਸੁਸ਼ਮਿਤਾ ਅਤੇ ਉਸ ਦੇ 2 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ

ਜਾਣਕਾਰੀ ਦਿੰਦੇ ਹੋਏ ਭਗਵੰਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਆਟੋ ਪਾਰਟਸ ਬਣਾਉਣ ਦੀ ਫੈਕਟਰੀ ਹੈ। ਘਰ ’ਚ ਉਸ ਦੀ ਪਤਨੀ, ਪੁੱਤ, ਨੂੰਹ ਅਤੇ ਬੱਚੇ ਹਨ। ਉਨ੍ਹਾਂ ਨੇ ਇਕ ਮਹੀਨਾ ਪਹਿਲਾਂ ਏਜੰਟ ਜ਼ਰੀਏ ਨੇਪਾਲੀ ਨੌਕਰ ਸੁਸ਼ਮਿਤਾ ਨੂੰ ਘਰ ਦੇ ਕੰਮ-ਕਾਜ ਲਈ ਰੱਖਿਆ ਸੀ, ਜਦੋਂਕਿ ਉਨ੍ਹਾਂ ਕੋਲ ਇਕ ਹੋਰ ਔਰਤ ਸਾਫ਼ ਸਫ਼ਾਈ ਲਈ ਵੀ ਆਉਂਦੀ ਸੀ ਪਰ ਸੁਸ਼ਮਿਤਾ ਉਨ੍ਹਾਂ ਦੇ ਘਰ ਦੀ ਛੱਤ ’ਤੇ ਬਣੇ ਕਮਰੇ ਵਿਚ ਰਹਿੰਦੀ ਸੀ। ਕਾਰੋਬਾਰੀ ਮੁਤਾਬਕ 8 ਸਤੰਬਰ ਨੂੰ ਉਸ ਦਾ ਪੁੱਤ ਅੰਮ੍ਰਿਤਪਾਲ ਸਿੰਘ, ਨੂੰਹ ਅਤੇ ਦੋਹਤੀ ਘੁੰਮਣ ਲਈ ਵਿਦੇਸ਼ ਗਏ ਸਨ। ਪਿੱਛੋਂ ਘਰ ’ਚ ਉਹ ਤੇ ਉਸ ਦੀ ਬਜ਼ੁਰਗ ਪਤਨੀ ਨਰਿੰਦਰ ਕੌਰ ਸੀ।  ਭਗਵੰਤ ਸਿੰਘ ਮੁਤਾਬਕ ਐਤਵਾਰ ਨੂੰ ਮੈਂ ਅਤੇ ਮੇਰੀ ਪਤਨੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ, ਜਦੋਂ ਉਹ ਘਰ ਆਏ ਤਾਂ ਮੁਲਜ਼ਮ ਨੌਕਰਾਣੀ ਨੇ ਉਨ੍ਹਾਂ ਨੂੰ ਪੀਣ ਲਈ ਦੁੱਧ ਦਿੱਤਾ। ਉਸ ਦੁੱਧ ’ਚ ਨਸ਼ਾ ਮਿਲਿਆ ਹੋਇਆ ਸੀ, ਜਿਸ ਕਾਰਨ ਉਹ ਦੋਵੇਂ ਹੀ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਔਰਤ ਨੇ ਆਪਣੇ 2 ਸਾਥੀਆਂ ਨੂੰ ਘਰ ਦੇ ਅੰਦਰ ਦਾਖਲ ਕਰਵਾਇਆ।

ਇਹ ਵੀ ਪੜ੍ਹੋ : 81 ਹਜ਼ਾਰ ਤੋਂ ਵਧੇਰੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ, ਮੋੜਨੇ ਪੈਣਗੇ PM ਕਿਸਾਨ ਯੋਜਨਾ ਦੇ ਪੈਸੇ

ਫਿਰ ਘਰੋਂ ਕੈਸ਼, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਕੇ ਮੁਲਜ਼ਮ ਫ਼ਰਾਰ ਹੋ ਗਏ। ਕਾਰੋਬਾਰੀ ਦੀ ਪਤਨੀ ਨਰਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਦੇਰ ਸ਼ਾਮ ਨੂੰ ਹੋਸ਼ ਆਇਆ, ਜਦੋਂਕਿ ਉਸ ਦੇ ਪਤੀ ਬੇਹੋਸ਼ ਪਏ ਹੋਏ ਸਨ ਅਤੇ ਉਸ ਦੇ ਕਮਰੇ ਸਮੇਤ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਸ ਨੇ ਕਿਸੇ ਤਰ੍ਹਾਂ ਗੁਆਂਢੀਆਂ ਨੂੰ ਬੁਲਾਇਆ। ਉਨ੍ਹਾਂ ਨੇ ਦੋਵਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਵਿਦੇਸ਼ ਗਏ ਪੁੱਤ ਨੂੰ ਕਾਲ ਕਰ ਕੇ ਘਟਨਾ ਬਾਰੇ ਦੱਸਿਆ। ਉਹ ਵੀ ਅਗਲੇ ਦਿਨ ਘਰ ਵਾਪਸ ਆ ਗਏ ਸਨ।

ਇਹ ਵੀ ਪੜ੍ਹੋ : ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਕੇਜਰੀਵਾਲ ਤੇ CM ਮਾਨ, ਇਸੇ ਹਫ਼ਤੇ ਹੋ ਸਕਦੈ ਐਲਾਨ

ਘਰ ਦੇ ਕੈਮਰੇ 2 ਦਿਨ ਪਹਿਲਾਂ ਹੋ ਗਏ ਸਨ ਬੰਦ, ਇਲਾਕੇ ਤੋਂ ਮਿਲੀ ਸੀ. ਸੀ. ਟੀ. ਵੀ. ਫੁਟੇਜ

ਕਾਰੋਬਾਰੀ ਦੇ ਘਰ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ। ਇੱਥੋਂ ਤੱਕ ਮੇਨ ਗੇਟ ਦੇ ਬਾਹਰ ਵੀ ਸੀ. ਸੀ. ਟੀ. ਵੀ. ਲੱਗੇ ਹਨ ਪਰ ਉਨ੍ਹਾਂ ਦੇ ਕੈਮਰੇ 2 ਦਿਨ ਪਹਿਲਾਂ ਬੰਦ ਹੋ ਗਏ ਸਨ। ਉਨ੍ਹਾਂ ਨੂੰ ਸ਼ੱਕ ਹੈ ਕਿ ਨੌਕਰਾਣੀ ਨੇ ਹੀ ਉਨ੍ਹਾਂ ਦੇ ਕੈਮਰੇ ਜਾਣ-ਬੁੱਝ ਕੇ ਖ਼ਰਾਬ ਕੀਤੇ ਹੋਣਗੇ। ਇਸ ਤੋਂ ਇਲਾਵਾ ਪੁਲਸ ਨੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਪੁਲਸ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ, ਜਿਸ ਵਿਚ ਮੁਲਜ਼ਮ ਨਜ਼ਰ ਆ ਰਹੇ ਹਨ। ਹਾਲਾਂਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਮੁਲਜ਼ਮ ਇਕ ਗੱਡੀ ਲੈ ਕੇ ਆਏ ਸਨ, ਜੋ ਟੈਕਸੀ ਲੱਗ ਰਹੀ ਸੀ। ਉਸ ’ਤੇ ਆਏ ਅਤੇ ਵਾਰਦਾਤ ਤੋਂ ਬਾਅਦ ਉਸ ’ਤੇ ਫ਼ਰਾਰ ਹੋ ਗਏ। ਹਾਲ ਦੀ ਘੜੀ ਪੁਲਸ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ: ਪਿਸਤੌਲ ਦੀ ਨੋਕ ’ਤੇ ਲੁੱਟੇ 9.89 ਲੱਖ ਰੁਪਏ

ਏਜੰਟ ਨੇ ਰਖਵਾਈ ਸੀ ਨੌਕਰਾਣੀ

ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਜਮਾਲਪੁਰ ਦੇ ਰਹਿਣ ਵਾਲੇ ਇਕ ਏਜੰਟ ਨੇ ਨੌਕਰਾਣੀ ਨੂੰ ਰਖਵਾਇਆ ਸੀ। ਔਰਤ ਕੋਲ ਕਿਸੇ ਤਰ੍ਹਾਂ ਦਾ ਕੋਈ ਪਰੂਫ ਨਹੀਂ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਰੱਖਣ ਤੋਂ ਮਨ੍ਹਾ ਵੀ ਕੀਤਾ ਸੀ ਪਰ ਏਜੰਟ ਨੇ ਉਨ੍ਹਾਂ ’ਤੇ ਰੱਖਣ ਲਈ ਦਬਾਅ ਪਾਇਆ ਸੀ ਅਤੇ ਆਪਣੀ ਗਾਰੰਟੀ ਵੀ ਦਿੱਤੀ ਸੀ। ਅੱਜ ਉਕਤ ਔਰਤ ਉਸ ਦੇ ਘਰ ਵਾਰਦਾਤ ਕਰ ਗਈ। ਪੁਲਸ ਨੇ ਏਜੰਟ ਨੂੰ ਹਿਰਾਸਤ ’ਚ ਲੈ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਕਤ ਔਰਤ ਉਸ ਦੇ ਸੰਪਰਕ ’ਚ ਕਿਵੇਂ ਆਈ ਅਤੇ ਔਰਤ ਬਾਰੇ ਉਹ ਹੋਰ ਕੀ ਜਾਣਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harnek Seechewal

Content Editor

Related News